Lok Sabha Election 2024 Punjab

ਜੇਲ੍ਹ ਤੋਂ ਹੀ ਹੋਵੇਗੀ ਅੰਮ੍ਰਿਤਪਾਲ ਸਿੰਘ ਦੀ ਨਾਮਜ਼ਦਗੀ, ਪੰਜਾਬ ਸਰਕਾਰ ਨੇ ਹਾਈ ਕੋਰਟ ਨੂੰ ਦਿੱਤੀ ਜਾਣਕਾਰੀ

ਚੰਡੀਗੜ੍ਹ : ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਖਡੂਰ ਸਾਹਿਬ ਦੀ ਪੰਥਕ ਸੀਟ ਤੋਂ ਚੋਣ ਲੜਨ ਦੇ ਲਈ ਡਿਬਰੂਗੜ੍ਹ ਦੀ ਜੇਲ੍ਹ ਤੋਂ ਹੀ ਨਾਮਜ਼ਦਗੀ ਪੱਤਰ ਭਰਨਗੇ। ਇਸ ਦੀ ਜਾਣਕਾਰੀ ਪੰਜਾਬ ਸਰਕਾਰ ਨੇ ਹਾਈਕੋਰਟ ਵਿੱਚ ਦਿੱਤੀ ਹੈ, ਇਸ ਦੇ ਨਾਲ ਹੀ ਸਰਕਾਰ ਨੇ ਇਹ ਵੀ ਦੱਸਿਆ ਹੈ ਕਿ ਸੋਮਵਾਰ ਨੂੰ ਇਹ ਨਾਮਜ਼ਦਗੀ ਭਰੀ ਜਾਵੇਗੀ, ਇਸ ਦੇ ਲਈ ਚੋਣ ਕਮਿਸ਼ਨ ਦੀ ਜਿਹੜੀ ਉਮੀਦਵਾਰ ਦਾ ਨਵੇਂ ਸਿਰੇ ਤੋਂ ਐਕਾਊਂਟ ਖੁਲਵਾਉਣ ਦੀ ਸ਼ਰਤ ਵੀ ਪੂਰੀ ਕਰ ਲਈ ਜਾਵੇਗੀ।

ਦਰਅਸਲ ਅੰਮ੍ਰਿਤਪਾਲ ਦੇ ਵੱਲੋਂ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਇੱਕ ਪਟੀਸ਼ਨ ਪਾਈ ਗਈ ਸੀ ਕਿ ਉਨ੍ਹਾਂ ਨੂੰ ਚੋਣ ਲੜਨ ਦੇ ਲਈ ਨਾਮਜ਼ਦਗੀ ਫਾਈਲ ਕਰਨਾ ਹੈ ਜਿਸ ਦੇ ਲਈ 7 ਦਿਨਾਂ ਦੀ ਆਰਜੀ ਰਿਹਾਈ ਦਿੱਤੀ ਜਾਵੇ ਜਾਂ ਫਿਰ ਚੋਣ ਕਮਿਸ਼ਨ ਇਸ ਦਾ ਇੰਤਜ਼ਾਮ ਕਰੇ।

ਇਸ ‘ਤੇ ਜਦੋਂ ਹਾਈਕੋਰਟ ਵੱਲੋਂ ਪੰਜਾਬ ਸਰਕਾਰ ਨੂੰ ਜਵਾਬ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਦੱਸਿਆ ਕਿ ਨਾਮਜ਼ਦਗੀ ਦੀ ਸਾਰੀ ਕਾਰਵਾਈ ਜੇਲ੍ਹ ਤੋਂ ਹੀ ਹੋ ਰਹੀ ਹੈ ਇਸੇ ਲਈ 7 ਦਿਨ ਦੀ ਪੈਰੋਲ ਦੇਣ ਦਾ ਕੋਈ ਮਤਲਬ ਨਹੀਂ, ਅਦਾਲਤ ਵੀ ਪੰਜਾਬ ਸਰਕਾਰ ਦੇ ਜਵਾਬ ਤੋਂ ਸੰਤੁਸ਼ਟ ਨਜ਼ਰ ਆਈ ਅਤੇ 7 ਦਿਨ ਦੀ ਰਿਹਾਈ ਦੀ ਅਰਜ਼ੀ ਨੂੰ ਖਾਰਿਜ ਕਰ ਦਿੱਤਾ।

ਦੱਸਿਆ ਜਾ ਰਿਹਾ ਹੈ ਕਿ ਨਾਮਜ਼ਦਗੀ ਨੂੰ ਲੈ ਕੇ ਅੰਮ੍ਰਿਤਪਾਲ ਸਿੰਘ ਦੇ ਵਕੀਲ ਇਸ ਵੇਲੇ ਡਿਬਰੂਗੜ੍ਹ ਦੀ ਜੇਲ੍ਹ ਵਿੱਚ ਹਨ, ਉਨ੍ਹਾਂ ਵੱਲੋਂ ਕਾਗਜ਼ੀ ਕਾਰਵਾਈ ਪੂਰੀ ਕੀਤੀ ਜਾ ਰਹੀ ਹੈ। ਭਾਰਤ ਦੇ ਕਾਨੂੰਨ ਦੇ ਮੁਤਾਬਿਕ ਕੋਈ ਵੀ ਸ਼ਖਸ ਜੇਲ੍ਹ ਤੋਂ ਚੋਣ ਲੜ ਸਕਦਾ ਹੈ ਜੇਕਰ ਉਸ ਨੂੰ 2 ਸਾਲ ਦੀ ਸਜ਼ਾ ਨਾ ਮਿਲੀ ਹੋਵੇ। ਅੰਮ੍ਰਿਤਪਾਲ ਸਿੰਘ ਦੇ ਮਾਮਲੇ ਵਿੱਚ ਇੱਕ ਪੇਚ ਹੋਰ ਵੀ ਹੈ, ਉਨ੍ਹਾਂ ਨੂੰ ਭਾਰਤੀ ਸੰਵਿਧਾਨ ਵਿੱਚ ਵਿਸ਼ਵਾਸ਼ ਨਹੀਂ ਹੈ, ਜਦਕਿ ਚੋਣ ਲੜਨ ਦੇ ਲਈ ਉਨ੍ਹਾਂ ਨੂੰ ਭਾਰਤੀ ਸੰਵਿਧਾਨ ‘ਤੇ ਵਿਸ਼ਵਾਸ਼ ਰੱਖਣ ਦੀ ਸਹੁੰ ਚੁੱਕਣੀ ਪਵੇਗੀ। ਤਰਨਤਾਰਨ ਦੇ ਡਿਪਟੀ ਕਮਿਸ਼ਨਰ ਸੰਦੀਪ ਕੁਮਾਰ ਨੇ ਦੱਸਿਆ ਕਿ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਿਤ ਜੇਲ੍ਹ ਸੁਪਰਡੈਂਟ ਅੰਮ੍ਰਿਤਪਾਲ ਨੂੰ ਸਹੁੰ ਚੁਕਾਉਣਗੇ ਅਤੇ ਅਧਿਕਾਰੀ ਇਸ ਬਾਰੇ ਰਿਟਰਨਿੰਗ ਅਫ਼ਸਰ ਨੂੰ ਇਤਲਾਹ ਦੇਣਗੇ।

ਨਾਮਜ਼ਦਗੀ ਦੌਰਾਨ ਅੰਮ੍ਰਿਤਪਾਲ ਸਿੰਘ ਆਪਣਾ ਕਵਰਿੰਗ ਉਮੀਦਵਾਰ ਕਿਸ ਨੂੰ ਚੁਣ ਦੇ ਹਨ ਉਹ ਵੀ ਦਿਲਚਸਪ ਗੱਲ ਹੋਵੇਗੀ ਕਿਉਂਕਿ ਜੇਕਰ ਕਿਸੇ ਕਾਰਨ ਉਨ੍ਹਾਂ ਦੀ ਨਾਮਜ਼ਦਗੀ ਖਾਰਜ ਹੁੰਦੀ ਹੈ ਤਾਂ ਉਨ੍ਹਾਂ ਦੀ ਥਾਂ ‘ਤੇ ਕੌਣ ਚੋਣ ਲੜੇਗਾ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਅੰਮ੍ਰਿਤਪਾਲ ਸਿੰਘ ਦੇ ਚੋਣ ਲੜਨ ਦੇ ਐਲਾਨ ਨਾਲ ਹੀ ਆਪਣਾ ਉਮੀਦਵਾਰ ਵਾਪਸ ਲੈ ਲਿਆ ਗਿਆ ਸੀ। ਹੋ ਸਕਦਾ ਹੈ ਕਿ ਸਿਮਰਜੀਤ ਸਿੰਘ ਮਾਨ ਆਪਣੇ ਉਮੀਦਵਾਰ ਨੂੰ ਕਵਰਿੰਗ ਉਮੀਦਵਾਰ ਦੇ ਤੌਰ ‘ਤੇ ਉਤਾਰਨ। ਹਾਲਾਂਕਿ ਚਰਚਾ ਇਹ ਵੀ ਹੈ ਕਿ ਅੰਮ੍ਰਿਤਪਾਲ ਸਿੰਘ ਆਪਣੀ ਮਾਂ ਜਾਂ ਪਿਤਾ ਨੂੰ ਵੀ ਕਵਰਿੰਗ ਕੈਡੀਡੇਟ ਬਣਾ ਸਕਦੇ ਹਨ ।

 ਇੰਨ੍ਹਾਂ ਲੋਕਾਂ ਨੇ ਜੇਲ੍ਹ ਤੋਂ ਲੜੀ ਚੋਣ

ਅਤੀਤ ਵਿੱਚ ਅਜਿਹੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਵਿੱਚ ਸਿਮਰਨਜੀਤ ਸਿੰਘ ਮਾਨ (Simranjit Singh Mann) ਵਰਗੇ ਆਗੂ ਜੇਲ੍ਹ ਵਿੱਚ ਰਹਿੰਦਿਆਂ 1998 ਵਿੱਚ ਤਰਨਤਾਰਨ ਲੋਕ ਸਭਾ ਸੀਟ (Tarn Taran Lok Sabha seat) ਤੋਂ ਚੁਣੇ ਗਏ ਸਨ। ਇਸ ਤੋਂ ਇਲਾਵਾ ਮਾਨ ਦੀ ਪਾਰਟੀ ਵਿੱਚੋ ਹੀ ਅਤਿੰਦਰਪਾਲ ਸਿੰਘ ਨੇ ਵੀ ਜੇਲ੍ਹ ਵਿੱਚ ਹੋਣ ਦੇ ਬਾਵਜੂਦ ਪਟਿਆਲਾ ਲੋਕ ਸਭਾ ਹਲਕੇ ਤੋਂ ਚੋਣ ਜਿੱਤੀ ਸੀ। ਕਾਮਰੇਡ ਵਧਾਵਾ ਰਾਮ ਨੇ 1952 ਦੀਆਂ ਆਮ ਚੋਣਾਂ  ਫਾਜ਼ਿਲਕਾ ਹਲਕੇ ਤੋਂ ਜੇਲ੍ਹ ਵਿੱਚ ਰਹਿੰਦੇ ਹੋਏ ਲੜੀ ਅਤੇ ਜਿੱਤੀ। 1954 ਦੀਆਂ ਪੰਜਾਬ ਵਿਧਾਨਸਭਾ ਚੋਣਾਂ ਦੌਰਾਨ ਜਗੀਰ ਸਿੰਘ ਨੇ ਜੇਲ੍ਹ ਵਿੱਚ ਰਹਿੰਦੇ ਹੋਏ ਮਾਨਸਾ ਤੋਂ ਚੋਣ ਜਿੱਤੀ, 1954 ਦੀਆਂ ਚੋਣਾਂ ਦੌਰਾਨ CPI ਦੇ  ਕਾਮਰੇਡ ਧਰਮ ਸਿੰਘ ਫੱਕਰ ਨੇ ਬੁਢਲਾਡਾ ਹਲਕੇ ਤੋਂ ਚੋਣ ਮੈਦਾਨ ਵਿੱਚ ਉਤਾਰਿਆਂ ਅਤੇ ਉਹ ਚੋਣ ਜਿੱਤ ਕੇ ਵਿਧਾਇਕ ਬਣੇ।

ਯੂਪੀ ਅਤੇ ਬਿਹਾਰ ਦੇ ਆਗੂਆਂ ਨੇ ਵੀ ਜੇਲ੍ਹ ਤੋਂ ਚੋਣ ਜਿੱਤੀ

ਗੈਂਗਸਟਰ (Don)ਤੋਂ ਸਿਆਸਤਦਾਨ ਬਣੇ ਮੁਖ਼ਤਾਰ ਅੰਸਾਰੀ (Mukhtar Ansari), ਜਿਸ ਨੇ ਮਾਊ ਵਿਧਾਨ ਸਭਾ (Mau Assembly seat) ਸੀਟ ਤੋਂ ਚੋਣ ਲੜੀ ਸੀ, ਤਿੰਨ ਵਾਰ ਜੇਲ੍ਹ ਤੋਂ ਚੁਣੇ ਗਏ ਸਨ ਅਤੇ ਇੱਥੋਂ ਤੱਕ ਕਿ ਆਰਜੇਡੀ ਮੁਖੀ ਲਾਲੂ ਪ੍ਰਸਾਦ ਯਾਦਵ ਵੀ ਬਿਹਾਰ ਦੀ ਮਧੇਪੁਰਾ ਸੀਟ ਤੋਂ ਚੋਣ ਜਿੱਤ ਗਏ ਸਨ।

ਇਹ ਵੀ ਪੜ੍ਹੋ – ਪੰਜਾਬ ਪੁਲਿਸ ਦੀ ਕਤਕਾਂਡ ‘ਚ ਵੱਡੀ ਲਾਪਰਵਾਹੀ, ਜਿਸ ਨੂੰ ਦੱਸਿਆ ਮਰਿਆ ਉਹ ਜ਼ਿੰਦਾ ਨਿਕਲਿਆ