India International

ਹਫ਼ਤੇ ’ਚ ਹੀ ਖ਼ਤਮ ਹੋਇਆ ਮੌਂਟੀ ਪਨੇਸਰ ਦਾ ਸਿਆਸੀ ਸਫ਼ਰ, ਛੱਡੀ ਸੰਸਦ ਦੀ ਉਮੀਦਵਾਰੀ

ਇੰਗਲੈਂਡ ਦੇ ਸਾਬਕਾ ਸਪਿਨਰ ਮੌਂਟੀ ਪਨੇਸਰ ਨੇ ਇੱਕ ਹਫ਼ਤੇ ਦੇ ਅੰਦਰ ਹੀ ਆਪਣਾ ਸਿਆਸੀ ਸਫ਼ਰ ਖ਼ਤਮ ਕਰ ਦਿੱਤਾ ਹੈ। ਉਨ੍ਹਾਂ ਗ੍ਰੇਟ ਬ੍ਰਿਟੇਨ ਦੀ ਜਾਰਜ ਗੈਲੋਵੇ ਦੀ ਵਰਕਰਜ਼ ਪਾਰਟੀ ਦੇ ਸੰਸਦੀ ਉਮੀਦਵਾਰ ਵਜੋਂ ਅਪਣਾ ਨਾਂ ਵਾਪਸ ਲੈਣ ਦਾ ਐਲਾਨ ਕਰ ਦਿੱਤਾ ਹੈ। ਅਜੇ ਪਿਛਲੇ ਹਫਤੇ ਹੀ ਗੈਲੋਵੇ ਨੇ ਵੈਸਟਮਿੰਸਟਰ ’ਚ 42 ਸਾਲਾ ਪਨੇਸਰ ਨੂੰ ਅਪਣਾ ਉਮੀਦਵਾਰ ਬਣਾਇਆ ਸੀ।

ਖੱਬੇ ਹੱਥ ਦੇ ਸਾਬਕਾ ਸਪਿਨਰ ਪਨੇਸਰ ਅਗਲੀਆਂ ਆਮ ਚੋਣਾਂ ਵਿਚ ਪੱਛਮੀ ਲੰਡਨ ਦੀ ਈਲਿੰਗ ਸਾਊਥਾਲ ਸੀਟ ਤੋਂ ਚੋਣ ਲੜਨ ਲਈ ਚੋਣ ਮੈਦਾਨ ’ਚ ਉੱਤਰੇ ਸਨ। ਰਿਪੋਰਟਾਂ ਮੁਤਾਬਕ ਪਨੇਸਰ ਨੇ ਚੁਣੌਤੀਪੂਰਨ ਮੀਡੀਆ ਇੰਟਰਵਿਊਜ਼ ਦੇਣ ਤੋਂ ਬਾਅਦ ਅਪਣੀ ਉਮੀਦਵਾਰੀ ਵਾਪਸ ਲੈਣ ਦਾ ਫੈਸਲਾ ਕੀਤਾ, ਜਿਨ੍ਹਾਂ ਵਿੱਚੋਂ ਇੱਕ ’ਚ ਉਨ੍ਹਾਂ ਨੂੰ ਬ੍ਰਿਟੇਨ ਦੀ ਨਾਟੋ ਦੀ ਮੈਂਬਰਸ਼ਿਪ ਬਾਰੇ ਰਾਇ ਦੇਣ ਲਈ ਕਿਹਾ ਗਿਆ ਸੀ। ਪਰ ਉਹ ਇਸ ਦਾ ਸਹੀ ਤਰੀਕੇ ਨਾਲ ਜਵਾਬ ਨਹੀਂ ਦੇ ਸਕੇ ਸੀ।

ਪਨੇਸਰ ਨੇ ਕਿਹਾ ਹੈ ਕਿ ਮੈਨੂੰ ਬ੍ਰਿਟਿਸ਼ ਨਾਗਰਿਕ ਹੋਣ ’ਤੇ ਮਾਣ ਹੈ, ਜਿਸ ਨੂੰ ਕ੍ਰਿਕੇਟ ਦੇ ਉੱਚ ਪੱਧਰ ’ਤੇ ਅਪਣੇ ਦੇਸ਼ ਦੀ ਨੁਮਾਇੰਦਗੀ ਕਰਨ ਦਾ ਸਨਮਾਨ ਮਿਲਿਆ ਹੈ। ਮੈਂ ਹੁਣ ਦੂਜਿਆਂ ਦੀ ਮਦਦ ਕਰਨ ਲਈ ਅਪਣਾ ਯੋਗਦਾਨ ਪਾਉਣਾ ਚਾਹੁੰਦਾ ਹਾਂ, ਪਰ ਮੇਰਾ ਮੰਨਣਾ ਹੈ ਕਿ ਮੈਂ ਅਪਣੀ ਯਾਤਰਾ ਦੀ ਸ਼ੁਰੂਆਤ ਵਿਚ ਹਾਂ ਤੇ ਅਜੇ ਵੀ ਸਿੱਖ ਰਿਹਾ ਹਾਂ ਕਿ ਸਿਆਸਤ ਲੋਕਾਂ ਦੀ ਕਿਵੇਂ ਮਦਦ ਕਰ ਸਕਦੀ ਹੈ।’’

ਫਿਰ ਉਨ੍ਹਾਂ ਕਿਹਾ ਕਿ ਇਸੇ ਲਈ ਅੱਜ ਉਹ ਵਰਕਰਜ਼ ਪਾਰਟੀ ਦੇ ਆਮ ਚੋਣ ਉਮੀਦਵਾਰ ਵਜੋਂ ਅਪਣਾ ਨਾਂ ਵਾਪਸ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਮੈਨੂੰ ਅਹਿਸਾਸ ਹੈ ਕਿ ਮੈਨੂੰ ਸੁਣਨ, ਸਿੱਖਣ ਤੇ ਇਕ ਸਿਆਸੀ ਘਰ ਲੱਭਣ ਲਈ ਵਧੇਰੇ ਸਮਾਂ ਚਾਹੀਦਾ ਹੈ ਜੋ ਮੇਰੀਆਂ ਨਿੱਜੀ ਅਤੇ ਰਾਜਨੀਤਿਕ ਕਦਰਾਂ ਕੀਮਤਾਂ ਦੇ ਅਨੁਕੂਲ ਹੋਵੇ”।

ਮੌਂਟੀ ਪਨੇਸਰ ਦੇ ਖੇਡ ਕਰੀਅਰ ’ਤੇ ਝਾਤ ਮਾਰੀਏ ਤਾਂ ਉਨ੍ਹਾਂ ਇੰਗਲੈਂਡ ਕ੍ਰਿਕੇਟ ਟੀਮ ਦੀ ਨੁਮਾਇੰਦਗੀ ਕਰਦਿਆਂ ਕੁੱਲ 50 ਟੈਸਟ, 26 ਵਨਡੇ ਤੇ 1 ਟੀ-20 ਮੈਚ ਖੇਡੇ ਸਨ। ਟੈਸਟ ਕਰੀਅਰ ਦੌਰਾਨ ਉਨ੍ਹਾਂ 167 ਵਿਕਟਾਂ ਲਈਆਂ। ਵੰਨਡੇ ਵਿੱਚ 24 ਤੇ ਟੀ-20 ਵਿੱਚ 2 ਵਿਕਟਾਂ ਲਈਆਂ ਸਨ।

ਤਾਜ਼ਾ ਖ਼ਬਰ – ਕੇਜਰੀਵਾਲ ਨੂੰ ‘ਸੁਪ੍ਰੀਮ’ ਰਾਹਤ! ਪਹਿਲੀ ਮਈ ਤੱਕ ਮਿਲੀ ਜ਼ਮਾਨਤ, 2 ਨੂੰ ਕਰਨਾ ਪਵੇਗਾ ਸਰੰਡਰ