India Punjab

ਜੋ ਇਤਿਹਾਸ ਤੋਂ ਸਬਕ ਨਹੀਂ ਲੈਂਦੇ, ਉਹ ਇਤਿਹਾਸ ‘ਚ ਖੋਹ ਜਾਂਦੇ ਨੇ – ਮੋਦੀ

PM Narendra modi

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਲੋਕ ਸਭਾ ਵਿੱਚ ਰਾਸ਼ਟਰਪਤੀ ਦੇ ਭਾਸ਼ਣ ਦਾ ਜਵਾਬ ਦਿੰਦਿਆਂ ਵਿਰੋਧੀ ਧਿਰ ਕਾਂਗਰਸ ‘ਤੇ ਨਿਸ਼ਾਨਾ ਕੱਸਿਆ। ਉਨ੍ਹਾਂ ਨੇ ਬੰਗਾਲ, ਗੋਆ ਆਦਿ ਸੂਬਿਆਂ ਦੇ ਨਾਮ ਗਿਣਵਾ ਕੇ ਕਿਹਾ ਕਿ ਇਨ੍ਹਾਂ ਸੂਬਿਆਂ ਵਿੱਚ ਕਈ ਸਾਲਾਂ ਤੋਂ ਕਾਂਗਰਸ ਨਹੀਂ ਆਈ। ਉਨ੍ਹਾਂ ਨੇ ਕਿਹਾ, “ਅਲੋਚਨਾ ਜੀਵਿਤ ਲੋਕਤੰਤਰ ਦਾ ਇੱਕ ਗਹਿਣਾ ਹੈ, ਅੰਧਵਿਰੋਧ ਲੋਕਤੰਤਰ ਦਾ ਅਨਾਦਰ ਹੈ। ਮਹਾਂਮਾਰੀ ਦਾ ਸਿਆਸਤ ਲਈ ਇਸਤੇਮਾਲ ਕੀਤਾ ਗਿਆ। ਅਸੀਂ ਸਾਰੇ ਸੰਸਕਾਰ, ਸੁਭਾਅ ਤੇ ਵਿਹਾਰ ਨਾਲ ਲੋਕਤੰਤਰ ਲਈ ਵਚਨਬੱਧ ਹਾਂ ਅਤੇ ਅੱਜ ਤੋਂ ਨਹੀਂ ਬਲਕਿ ਸਦੀਆਂ ਤੋਂ ਹਾਂ।

ਮੋਦੀ ਨੇ ਕਿਹਾ, “ਇਸ ਕੋਰੋਨਾ ਕਾਲ ਵਿੱਚ ਤਾਂ ਕਾਂਗਰਸ ਨੇ ਹੱਦ ਕਰ ਦਿੱਤੀ। ਪਹਿਲੀ ਲਹਿਰ ਵਿੱਚ ਜਦੋਂ ਦੇਸ ਲੌਕਡਾਊਨ ਦਾ ਪਾਲਣ ਕਰ ਰਿਹਾ ਸੀ, ਉਸ ਵੇਲੇ ਕਾਂਗਰਸ ਨੇ ਕੀ ਕੀਤਾ, ਮੁੰਬਈ ਵਿੱਚ ਲੋਕਾਂ ਨੂੰ ਮੁਫ਼ਤ ਟਿਕਟ ਦੇ ਕੇ ਲੋਕਾਂ ਨੂੰ ਸੂਬਿਆਂ ਵਿੱਚ ਭੇਜਿਆ ਗਿਆ। ਦਿੱਲੀ ਵਿੱਚ ਜੋ ਸਰਕਾਰ ਸੀ ਉਸ ਨੇ ਲੋਕਾਂ ਨੂੰ ਮੁਫ਼ਤ ਬਸਾਂ ਨਾਲ ਘਰ ਵਾਪਸ ਭੇਜਿਆ ਜਿਸ ਨਾਲ ਯੂਪੀ ਉਤਰਾਖੰਡ ਤੇ ਪੰਜਾਬ ਵਿੱਚ ਜਿੱਥੇ ਕੋਰੋਨਾ ਨਹੀਂ ਸੀ ਉੱਥੇ ਵੀ ਕੋਰੋਨਾ ਫੈਲਾਇਆ।

ਉਨ੍ਹਾਂ ਨੇ ਕਿਹਾ, “ਜੇਕਰ ਅਸੀਂ ਸਥਾਨਕ ਲੋਕਾਂ ਲਈ ਆਵਾਜ਼ ਉਠਾਉਣ ਦੀ ਗੱਲ ਕਰ ਰਹੇ ਹਾਂ ਤਾਂ ਕੀ ਅਸੀਂ ਮਹਾਤਮਾ ਗਾਂਧੀ ਦੇ ਸੁਪਨਿਆਂ ਨੂੰ ਪੂਰਾ ਨਹੀਂ ਕਰ ਰਹੇ? ਫਿਰ ਵਿਰੋਧੀ ਧਿਰ ਵੱਲੋਂ ਇਸ ਦਾ ਮਜ਼ਾਕ ਕਿਉਂ ਉਡਾਇਆ ਜਾ ਰਿਹਾ ਸੀ? ਅਸੀਂ ਯੋਗਾ ਅਤੇ ਫਿਟ ਇੰਡੀਆ ਬਾਰੇ ਗੱਲ ਕੀਤੀ ਪਰ ਵਿਰੋਧੀ ਧਿਰ ਨੇ ਇਸ ਦਾ ਮਜ਼ਾਕ ਵੀ ਬਣਾਇਆ। ਉਨ੍ਹਾਂ ਨੇ 100 ਸਾਲ ਸੱਤਾ ਵਿੱਚ ਨਾ ਆਉਣ ਦਾ ਮਨ ਬਣਾ ਲਿਆ ਹੈ। ਮੋਦੀ ਨੇ ਕਿਹਾ ਕਿ ਜੋ ਇਤਿਹਾਸ ਤੋਂ ਸਬਕ ਨਹੀਂ ਸਿੱਖਦੇ, ਉਹ ਇਤਿਹਾਸ ਵਿੱਚ ਖੋਹ ਜਾਂਦੇ ਹਨ।”