Punjab

ਪ੍ਰਕਾਸ਼ ਸਿੰਘ ਬਾਦਲ ਦੇ ਅੰਤਿਮ ਦਰਸ਼ਨਾਂ ਲਈ ਚੰਡੀਗੜ੍ਹ ਪਹੁੰਚ ਸਕਦੇ ਹਨ PM ਮੋਦੀ…

PM Modi may reach Chandigarh for last darshan of Parkash Singh Badal...

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ ( Former Chief Minister Parkash Singh Badal, ) ਨੂੰ ਸ਼ਰਧਾਂਜਲੀ ਦੇਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ( Prime Minister Narendra Modi ) ਚੰਡੀਗੜ੍ਹ ਪਹੁੰਚ ਰਹੇ ਹਨ। ਏਐੱਨਆਈ ਦੇ ਸੂਤਰਾਂ ਮੁਤਾਬਕ ਇਹ ਖ਼ਬਰ ਸਾਹਮਣੇ ਆਈ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਖੁਦ ਦੁਪਹਿਰ 12 ਵਜੇ ਦੇ ਕਰੀਬ ਪ੍ਰਕਾਸ਼ ਸਿੰਘ ਬਾਦਲ ਨੂੰ ਸ਼ਰਧਾਂਜਲੀ ਦੇਣ ਲਈ ਚੰਡੀਗੜ੍ਹ ਪਹੁੰਚਣਗੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਅੱਜ ਅਕਾਲੀ ਦਲ ਦੇ ਚੰਡੀਗੜ੍ਹ ਦੇ ਸੈਕਟਰ 28 ਵਿਚਲੇ ਦਫਤਰ ਪਹੁੰਚ ਕੇ ਬਾਦਲ ਨੂੰ ਸ਼ਰਧਾਂਜਲੀ ਭੇਂਟ ਕਰਨਗੇ।

ਪੰਜਾਬ ਦੇ ਸਾਬਕਾ ਸੀਐਮ ਪ੍ਰਕਾਸ਼ ਸਿੰਘ ਬਾਦਲ ਦੇ ਅੰਤਿਮ ਦਰਸ਼ਨਾਂ ਲਈ ਸ਼੍ਰੋਮਣੀ ਅਕਾਲੀ ਦਲ ਦੇ ਚੰਡੀਗੜ੍ਹ ਦਫਤਰ ਵਿਖੇ ਤਿਆਰੀਆਂ ਹੋ ਚੁੱਕੀਆਂ ਹਨ ਅਤੇ ਵੱਖ-ਵੱਖ ਪਾਰਟੀਆਂ ਦੇ ਆਗੂ ਵੀ ਉੱਥੇ ਪਹੁੰਚ ਰਹੇ ਹਨ।

ਉਸ ਉਪਰੰਤ 12 ਵਜੇ ਕਾਫ਼ਲੇ ਦੇ ਰੂਪ ਵਿੱਚ ਵਾਇਆ ਪਟਿਆਲਾ, ਸੰਗਰੂਰ, ਬਰਨਾਲਾ ਅਤੇ ਬਠਿੰਡਾ ਹੁੰਦੇ ਹੋਏ ਪਿੰਡ ਬਾਦਲ ਲਈ ਰਵਾਨਾ ਹੋਇਆ ਜਾਵੇਗਾ। ਪ੍ਰਕਾਸ਼ ਸਿੰਘ ਬਾਦਲ ਦਾ ਅੰਤਿਮ ਸੰਸਕਾਰ 27 ਅਪ੍ਰੈਲ 2023, ਦਿਨ ਵੀਰਵਾਰ ਦੁਪਹਿਰ 1 ਵਜੇ ਉਨ੍ਹਾਂ ਦੇ ਜੱਦੀ ਪਿੰਡ ਪਿੰਡ ਬਾਦਲ ਵਿੱਖੇ ਕੀਤਾ ਜਾਵੇਗਾ।

ਭਾਰਤ ਸਰਕਾਰ ਨੇ ਦੋ ਦਿਨ ਦੇ ਕੌਮੀ ਸੋਗ ਦਾ ਐਨਾਲ ਕੀਤਾ ਹੈ। ਭਾਰਤੀ ਗ੍ਰਹਿ ਮੰਤਰਾਲੇ ਦੁਆਰਾ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ 26 ਅਤੇ 27 ਤਾਰੀਖ਼ ਨੂੰ ਦੇਸ਼ ਭਰ ਵਿੱਚ ਸੋਗ ਮਨਾਇਆ ਜਾਵੇਗਾ। ਇਸ ਦੌਰਾਨ, ਰਾਸ਼ਟਰੀ ਝੰਡਾ ਵੀ ਅੱਧਾ ਝੁਕਾਇਆ ਜਾਵੇਗਾ ਅਤੇ ਕਿਸੇ ਕਿਸਮ ਦੇ ਅਧਿਕਾਰਿਤ ਮਨੋਰੰਜਨ ਵਾਲੇ ਸਮਾਗਮ ਨਹੀਂ ਕੀਤੇ ਜਾਣਗੇ।

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਵੀ ਅੱਜ 26 ਅਪ੍ਰੈਲ ਨੂੰ ਹੋਣ ਵਾਲੀਆਂ ਪ੍ਰੈਕਟਿਲ ਪ੍ਰੀਖਿਆਵਾਂ ਪਹਿਲਾਂ ਤੋਂ ਮਿੱਥੇ ਸਮੇਂ ਅਨੁਸਾਰ ਸਵੇਰੇ 8.00 ਵਜੇ ਕਰਵਾਈਆਂ ਗਈਆਂ। ਜਾਣਕਾਰੀ ਮੁਤਾਬਕ 10ਵੀਂ ਤੇ 12ਵੀਂ ਦੇ ਸਾਰੇ ਪ੍ਰੀਖਿਆ ਕੇਂਦਰਾਂ ’ਤੇ ਇਹ ਪ੍ਰੈਕਟੀਕਲ ਪ੍ਰੀਖਿਆਵਾਂ ਹੋਈਆਂ ਹਨ।

ਪ੍ਰਕਾਸ਼ ਸਿੰਘ ਬਾਦਲ 95 ਸਾਲ ਦੇ ਸਨ। ਉਨ੍ਹਾਂ ਨੇ ਮੁਹਾਲੀ ਦੇ ਫੋਰਟਿਸ ਹਸਪਤਾਲ ਵਿਚ ਮੰਗਲਾਵਰ ਦੇਰ ਸ਼ਾਮ ਆਖ਼ਰੀ ਸਾਹ ਲਏ, ਜਿੱਥੇ ਉਹ ਪਿਛਲੇ ਕਈ ਦਿਨਾਂ ਤੋਂ ਜ਼ੇਰੇ ਇਲਾਜ ਸਨ। ਪ੍ਰਕਾਸ਼ ਸਿੰਘ ਬਾਦਲ ਭਾਰਤੀ ਸਿਆਸਤ ਦੇ ਵੱਡੇ ਕੱਦ ਵਾਲੇ ਖੇਤਰੀ ਆਗੂਆਂ ਵਿੱਚ ਸ਼ੁਮਾਰ ਸਨ। ਉਹ ਪੰਜਾਬ ਦੇ 5 ਵਾਰ ਮੁੱਖ ਮੰਤਰੀ ਬਣੇ ਅਤੇ 1996 ਤੋਂ 2008 ਤੱਕ ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਵਜੋਂ ਕੰਮ ਕਰਦੇ ਰਹੇ। 1970 ਵਿੱਚ ਬਾਦਲ 43 ਸਾਲ ਦੀ ਉਮਰ ਵਿੱਚ ਪਹਿਲੀ ਵਾਰ ਕਿਸੇ ਭਾਰਤੀ ਸੂਬੇ ਦੇ ਮੁੱਖ ਮੰਤਰੀ ਬਣਨ ਵਾਲੇ ਸਭ ਤੋਂ ਛੋਟੀ ਉਮਰ ਦੇ ਆਗੂ ਸਨ।