India

200 ਸਿਆਸਤਦਾਨ ਤੇ ਅਫਸਰ ਖਾਣ ਲਈ ਜੇਲ੍ਹ ਤੋਂ ਮੰਗਵਾ ਰਹੇ ਹਨ ਰੋਟੀਆਂ ! ਇਹ ਹੈ ਵੱਡੀ ਵਜ੍ਹਾ

ਬਿਊਰੋ ਰਿਪੋਰਟ : ਜੇਲ੍ਹ ਵਿੱਚ ਜਾਣ ਦਾ ਖਿਆਲ ਵੀ ਸ਼ਰੀਫ਼ ਆਦਮੀ ਨੂੰ ਕੰਬਾ ਦਿੰਦਾ ਹੈ । ਉਸ ਦੇ ਹੱਥ ਪੈਰ ਸੁੰਨ ਹੋ ਜਾਂਦੇ ਹਨ । ਜੇਲ੍ਹ ਦੇ ਅੰਦਰ ਦਾ ਪੂਰਾ ਮਹੌਲ ਉਸ ਦੇ ਅੱਖਾਂ ਦੇ ਸਾਹਮਣੇ ਆ ਜਾਂਦਾ ਹੈ। ਪਰ ਇਸ ਦੌਰਾਨ ਜੇਕਰ ਕੋਈ ਪੰਡਤ ਕਿਸੇ ਨੂੰ ਇਹ ਕਹਿਕੇ ਡਰਾ ਦੇਵੇ ਕਿ ਤੁਹਾਡੀ ਕੁੰਡਲੀ ਵਿੱਚ ਜੇਲ੍ਹ ਦਾ ਯੋਗ ਹੈ ਅਤੇ ਤੁਹਾਨੂੰ ਜਾਣਾ ਹੀ ਪਵੇਗਾ ਤਾਂ ਇਸ ਦਾ ਕੀ ਬਦਲ ਹੈ ? ਪਰ ਸਿਆਸਤਦਾਨਾਂ ਅਤੇ ਅਫਸਰਾਂ ਨੇ ਪੰਡਤਾਂ ਨਾਲ ਮਿਲ ਕੇ ਇਸ ਦਾ ਵੀ ਬਦਲ ਲਭ ਲਿਆ ਹੈ ।

ਜੇਲ੍ਹ ਤੋਂ ਬਚਣ ਦੇ ਲਈ ਟੋਕਟਾ

ਰਾਜਸਥਾਨ ਵਿੱਚ ਜੇਲ੍ਹ ਤੋਂ ਬਚਣ ਦੇ ਲਈ ਸਿਆਸੀ ਆਗੂਆਂ ਅਤੇ ਅਫਸਰ ਅੱਜ ਕੱਲ ਇੱਕ ਖਾਸ ਟੋਟਕੇ ਉੱਤੇ ਕੰਮ ਕਰ ਰਹੇ ਹਨ। ਜਿੰਨਾਂ ਸਿਆਸਤਦਾਨਾਂ ਦੀ ਕੁੰਡਲੀ ਵੇਖ ਕੇ ਪੰਡਤਾਂ ਨੇ ਜੇਲ੍ਹ ਯੋਗ ਦੀ ਭਵਿੱਖਵਾਣੀ ਕੀਤੀ ਹੈ ਉਨ੍ਹਾਂ ਨੇ ਨਵਾਂ ਜੁਗਾੜ ਲਭ ਲਿਆ ਹੈ । ਤਕਰੀਬਨ 200 ਦੇ ਕਰੀਬ ਸਿਆਸਤਦਾਨ,ਅਫਸਰ,ਬਿਲਡਰ,ਕਾਰੋਬਾਰੀ ਜੇਲ੍ਹ ਤੋਂ ਖਾਣਾ ਅਤੇ ਪਾਣੀ ਮੰਗਵਾ ਰਹੇ ਹਨ । ਦਰਾਸਲ ਪੰਡਤਾਂ ਨੇ ਉਨ੍ਹਾਂ ਨੂੰ ਕਿਹਾ ਹੈ ਕਿ ਜੇਲ੍ਹ ਦਾ ਖਾਣਾ ਅਤੇ ਪਾਣੀ ਪੀਣ ਨਾਲ ਉਨ੍ਹਾਂ ਦਾ ਜੇਲ੍ਹ ਯੋਗ ਖ਼ਤਮ ਹੋ ਜਾਵੇਗਾ । ਰਾਜਸਥਾਨ ਵਿੱਚ ਪਿਛਲੇ ਕੁਝ ਸਾਲਾਂ ਵਿੱਚ ਇਹ ਨਵਾਂ ਟਰੈਂਡ ਸ਼ੁਰੂ ਹੋ ਗਿਆ ਹੈ । ਸੂਬੇ ਦੀਆਂ ਵੱਖ-ਵੱਖ ਜੇਲ੍ਹਾਂ ਤੋਂ ਕਈ ਲੋਕ ਜੇਲ੍ਹ ਦੇ ਅੰਦਰ ਜਾਣ ਤੋਂ ਬਚਣ ਦੇ ਲਈ ਬਾਹਰ ਬੈਠ ਕੇ ਜੇਲ੍ਹ ਦਾ ਖਾਣਾ ਖਾ ਰਹੇ ਹਨ । ਕਾਂਗਰਸ ਦੇ ਇੱਕ ਆਗੂ ਦੌਲਤ ਮੀਣਾ ਵੀ ਇਹ ਹੀ ਟੋਕਟਾ ਕਰ ਰਹੇ ਹਨ । ਪਿਛਲੀਆਂ ਵਿਧਾਨਸਭਾ ਚੋਣਾਂ ਵਿੱਚ ਉਹ ਬੱਸੀ ਤੋਂ ਕਾਂਗਰਸ ਦੇ ਉਮੀਦਵਾਰ ਸਨ। ਜੇਲ੍ਹ ਯੋਗ ਟਾਲਣ ਦੇ ਲਈ ਮੀਣਾ ਨੇ ਜੇਲ੍ਹ ਦੇ ਮੇਨ ਗੇਟ ‘ਤੇ ਇੱਕ ਸ਼ਖਸ ਨੂੰ ਬਿਠਾਇਆ ਹੋਇਆ ਹੈ ਜੋ ਉਨ੍ਹਾਂ ਦੇ ਲਈ ਖਾਣਾ ਅਤੇ ਪਾਣੀ ਲੈਕੇ ਆਉਂਦਾ ਹੈ,ਇਸ ਨੂੰ ਖਾਣ ਤੋਂ ਬਾਅਦ ਉਹ ਚੱਲੇ ਜਾਂਦੇ ਹਨ । ਜੇਲਰ ਵੀ ਇਸ ਗੱਲ ਦੀ ਤਸਦੀਕ ਕਰ ਰਹੇ ਹਨ।

ਜੇਲਰ ਦਾ ਬਿਆਨ

ਬੀਕਾਨੇਰ ਦੀ ਜੇਲ੍ਹ ਦੇ ਜੇਲਰ ਦਾ ਕਹਿਣਾ ਹੈ ਕਿ ਲੋਕ ਜੋਤਸ਼ੀ ਦੀ ਸਲਾਹ ‘ਤੇ ਖਾਣਾ ਮੰਗਵਾਉਂਦੇ ਹਨ। ਇਸ ਲਈ ਅਸੀਂ ਮਨੁੱਖਤਾ ਦੇ ਅਧਾਰ ‘ਤੇ ਖਾਣਾ ਦਿੰਦੇ ਹਾਂ। ਅਜਮੇਰ ਦੀ ਹਾਈ ਸਕਿਉਰਟੀ ਜੇਲ੍ਹ ਦੇ ਇੱਕ ਅਧਿਕਾਰੀ ਦਾ ਕਹਿਣਾ ਹੈ ਕਿ ਕੁਝ ਲੋਕ ਪੰਡਤਾਂ ਦੇ ਚੱਕਰ ਵਿੱਚ ਆਕੇ ਅਜਿਹੇ ਟੋਟਕੇ ਕਰ ਰਹੇ ਹਨ ਜੋ ਕਿ ਗੱਲਤ ਹੈ। ਸੂਤਰਾਂ ਮੁਤਾਬਿਕ ਰਾਜਸਥਾਨ ਦੇ ਤਿੰਨ ਅਫਸ਼ਰਾਂ ਦੀ ਜ਼ਮਾਨਤ ਨਹੀਂ ਹੋ ਰਹੀ ਸੀ ਤਾਂ ਇੱਕ ਜੋਤਸ਼ੀ ਨੇ ਇਹ ਸਲਾਹ ਦਿੱਤੀ ਸੀ ਕਿ ਉਹ ਘਰ ਦਾ ਖਾਣਾ ਨਾ ਮੰਗਵਾਉਣ ਬਲਕਿ ਜੇਲ੍ਹ ਦਾ ਹੀ ਖਾਣਾ ਖਾਣ ।