India Lok Sabha Election 2024 Punjab

ਰਾਜਸਥਾਨ ਤੋਂ ਪੰਜਾਬੀ ਕਲਾਕਾਰ ਘੁੱਗੀ ਤੇ ਬਿੰਨੂੰ ਉੱਤਰੇ ਸਿਆਸੀ ਮੈਦਾਨ ’ਚ! BJP ਵੱਲੋਂ ਕਰਨਗੇ ਚੋਣ ਪ੍ਰਚਾਰ

ਬਿਉਰੋ ਰਿਪੋਰਟ – ਪੰਜਾਬ ਦੇ ਫ਼ਿਲਮੀ ਕਲਾਕਾਰ ਰਾਜਸਥਾਨ ਵਿੱਚ ਬੀਜੇਪੀ ਦੇ ਲਈ ਪ੍ਰਚਾਰ ਕਰਨ ਲਈ ਉੱਤਰ ਗਏ ਹਨ। ਬੀਜੇਪੀ ਦੇ ਉਮੀਦਵਾਰ ਅਤੇ ਕੇਂਦਰੀ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਆਪਣੇ ਟਵਿੱਟਰ ਹੈਂਡਲ ‘ਤੇ ਇੱਚ ਪੋਸਟਰ ਸ਼ੇਅਰ ਕੀਤਾ ਹੈ, ਜਿਸ ਵਿੱਚ ਬੀਨੂੰ ਢਿੱਲੋਂ ਅਤੇ ਗੁਰਪ੍ਰੀਤ ਘੁੱਗੀ ਦੀ ਤਸਵੀਰ ਹੈ।

ਬੀਜੇਪੀ ਦੇ ਆਗੂ ਨੇ ਆਪਣੇ ਸੋਸ਼ਲ ਮੀਡੀਆ ਐਕਾਊਂਟ ‘ਤੇ ਰੈਲੀ ਬਾਰੇ ਜਾਣਕਾਰੀ ਦਿੰਦੇ ਹੋਏ ਲਿਖਿਆ ਕਿ ‘ਭਾਰਤੀ ਜਨਤਾ ਪਾਰਟੀ ਦੇ ਹਮਾਇਤ ਵਿੱਚ 15 ਅਪ੍ਰੈਲ 2024 ਨੂੰ ਅਨੂਪਗੜ੍ਹ ਵਿੱਚ ਇੱਕ ਰੋਡ ਸ਼ੋਅ ਕੱਢਿਆ ਜਾ ਰਿਹਾ ਹੈ। ਆਪ ਸਾਰਿਆਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਗਿਣਤੀ ਵਿੱਚ ਹਾਜ਼ਰੀ ਭਰ ਕੇ ਪ੍ਰੋਗਰਾਮ ਨੂੰ ਸਫ਼ਲ ਬਣਾਓ।’ ਹਾਲਾਂਕਿ ਗੁਰਪ੍ਰੀਤ ਘੁੱਗੀ ਅਤੇ ਬਿੰਨੂੰ ਢਿੱਲੋਂ ਨੇ ਹੁਣ ਤੱਕ ਇਸ ‘ਤੇ ਕੋਈ ਬਿਆਨ ਸਾਂਝਾ ਨਹੀਂ ਕੀਤਾ ਹੈ।

ਗੁਰਪ੍ਰੀਤ ਘੁੱਗੀ 2016 ਵਿੱਚ ਆਪਣੀ ਸਿਆਸੀ ਇਨਿੰਗ ਆਮ ਆਦਮੀ ਪਾਰਟੀ ਤੋਂ ਸ਼ੁਰੂ ਕਰ ਚੁੱਕੇ ਹਨ, ਉਹ ਪਾਰਟੀ ਦੇ ਪ੍ਰਧਾਨ ਵੀ ਰਹੇ ਤੇ ਬਟਾਲਾ ਤੋਂ ਚੋਣ ਵੀ ਲੜੇ ਸਨ। ਹਾਰਨ ਤੋਂ ਬਾਅਦ ਉਨ੍ਹਾਂ ਨੇ ਪ੍ਰਧਾਨਗੀ ਅਹੁਦੇ ਤੋਂ ਵੀ ਅਸਤੀਫ਼ਾ ਦਿੱਤਾ ਸੀ ਅਤੇ ਸਿਆਸਤ ਤੋਂ ਤੌਬਾ ਕਰ ਲਈ ਸੀ। ਬਿੰਨੂੰ ਢਿੱਲੋਂ ਮੁੱਖ ਮੰਤਰੀ ਭਗਵੰਤ ਮਾਨ ਤੇ ਫਰੀਦਕੋਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਸਿੰਘ ਅਨਮੋਲ ਦੇ ਨਜ਼ਦੀਕੀ ਹਨ।