International Punjab

ਗੋਲਡੀ ਬਰਾੜ ਦੇ ਦੁਸ਼ਮਣ ਗੈਂਗਸਟਰ ਦਾ ਗੋਲੀਆਂ ਮਾਰ ਕੇ ਕਤਲ, ਬੰਬੀਹਾ ਗਰੁੱਪ ਨੇ ਕਹੀ ਬਦਲਾ ਲੈਣ ਦੀ ਗੱਲ..

Gangster Mandeep Manila

ਫਿਲੀਪੀਨਜ਼ ਦੇ ਮਨੀਲਾ ਵਿੱਚ ਗੈਂਗਸਟਰ ਮਨਦੀਪ ਮਨੀਲਾ(Gangster Mandeep Manila) ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਮਨਦੀਪ ਮਨੀਲਾ ਗੈਂਗਸਟਰ ਗੋਲਡੀ ਬਰਾੜ (Gangster Goldy Brar ) ਦੇ ਦੁਸ਼ਮਣ ਗੈਂਗ ਦਾ ਮੈਂਬਰ ਸੀ ਅਤੇ ਪੰਜਾਬ ਦਾ ਰਹਿਣਾ ਵਾਲਾ ਸੀ। ਉੁਹ ਪਿਛਲੇ ਕਈ ਸਾਲਾਂ ਤੋਂ ਮਨੀਲਾ ਵਿੱਚ ਰਹਿ ਰਿਹਾ ਸੀ।

ਮਨਦੀਪ ਮਨੀਲਾ ਬੰਬੀਹਾ ਗਰੁੱਪ ਦਾ ਮੈਂਬਰ ਦੱਸਿਆ ਜਾ ਰਿਹਾ ਹੈ, ਜੋ ਪਿਛਲੇ ਕਾਫੀ ਸਮੇਂ ਤੋਂ ਫਿਲੀਪੀਨਜ਼ ਤੋਂ ਹੀ ਗੈਂਗ ਦੀਆਂ ਗਤੀਵਿਧੀਆਂ ਨੂੰ ਅੰਜਾਮ ਦਿੰਦਾ ਆ ਰਿਹਾ ਸੀ। ਇਸ ਕਤਲ ਨੂੰ ਸਿੱਧੂ ਮੂਸੇਵਾਲਾ ਕਤਲ ਨਾਲ ਵੀ ਜੋੜਿਆ ਜਾ ਰਿਹਾ ਹੈ ਕਿਉਂਕਿ ਗੋਲਡੀ ਬਰਾੜ, ਸਿੱਧੂ ਮੂਸੇਵਾਲਾ ਕਤਲ ਕਾਂਡ ਦਾ ਮੁੱਖ ਸਰਗਨਾ ਹੈ। ਉਧਰ, ਮਨਦੀਪ ਮਨੀਲਾ ਦੇ ਕਤਲ ਬਾਰੇ ਪਤਾ ਲੱਗਣ ‘ਤੇ ਬੰਬੀਹਾ ਗਰੁੱਪ ਨੇ ਪੋਸਟ ਪਾ ਕੇ ਬਦਲਾ ਲੈਣ ਦੀ ਗੱਲ ਕਹੀ ਹੈ। ਬੰਬੀਹਾ ਗਰੁੱਪ ਨੇ ਪੋਸਟ ਵਿੱਚ ਕਿਹਾ ਹੈ ਕਿ ਸਾਡੇ ਭਰਾ ਨੂੰ ਕਤਲ ਕਰ ਦਿੱਤਾ ਗਿਆ ਹੈ ਅਤੇ ਜਿਸ ਨੇ ਵੀ ਇਹ ਕਤਲ ਕੀਤਾ ਹੈ ਉਹ ਹੁਣ ਆਪਣੇ ਅੰਜਾਮ ਨੂੰ ਭੁਗਤਣ ਲਈ ਤਿਆਰ ਰਹੇ।

ਦੱਸ ਦੇਈਏ ਕਿ ਬੰਬੀਹਾ ਗੈਂਗ ਨੇ ਬੁੱਧਵਾਰ ਨੂੰ ਗੈਂਗਸਟਰ ਲਾਰੈਂਸ ਬਿਸ਼ਨੋਈ, ਜੱਗੂ ਭਗਵਾਨਪੁਰੀਆ, ਗੋਲਡੀ ਬਰਾੜ ਅਤੇ ਪੰਜਾਬੀ ਗਾਇਕ ਮਨਕੀਰਤ ਔਲਖ ਨੀ ਮੂਸੇਵਾਲਾ ਕਤਲ ਮਾਮਲੇ ਲਈ ਧਮਕੀ ਦਿੱਤੀ ਸੀ। ਉਨ੍ਹਾਂ ਵੱਲੋਂ ਇਹ ਧਮਕੀ ਸੋਸ਼ਲ ਮੀਡੀਆ ‘ਤੇ ਪੋਸਟ ਰਾਹੀਂ ਸਾਂਝੀ ਕੀਤੀ ਸੀ । ਜਿਸ ਵਿੱਚ ਗੈਂਗ ਨੇ ਕਿਹਾ ਸੀ ਕਿ ਚਾਹੇ ਕਿੰਨਾ ਵੀ ਸਮਾਂ ਲੱਗੇ ਪਰ ਅਸੀਂ ਤੁਹਾਨੂੰ ਸਭ ਨੂੰ ਜ਼ਰੂਰ ਮਾਰਾਂਗੇ। ਇਸ ਪੋਸਟ ਵਿੱਚ ਦੱਸਿਆ ਗਿਆ ਸੀ ਫਰਾਂਸ ਦੇ ਦਵਿੰਦਰ ਬੰਬੀਹਾ ਗੈਂਗ ਦੇ ਪਿਛਲੇ ਅਕਾਊਂਟ ਨੂੰ ਬੰਦ ਕਰ ਦਿੱਤਾ ਗਿਆ ਸੀ ਅਤੇ ਇਹ ਨਵਾਂ ਪੇਜ਼ ਹੈ।

ਪੋਸਟ ਵਿੱਚ ਇਹ ਵੀ ਕਿਹਾ ਗਿਆ ਸੀ ਕਿ ਜਿਹੜੇ ਲੋਕ ਬਿਸ਼ਨੋਈ, ਭਗਵਾਨਪੁਰੀਆ ਅਤੇ ਬਰਾੜ ਦੀ ਮਦਦ ਕਰਨਗੇ, ਉਨ੍ਹਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਇਸਤੋਂ ਪਹਿਲਾਂ ਕੇਂਦਰ ਦੀ ਖੁਫੀਆ ਏਜੰਸੀਆਂ ਨੇ ਵੀ ਪੰਜਾਬ ਸਰਕਾਰ ਨੂੰ ਅਲਰਟ ਕੀਤਾ ਹੈ ਕਿ ਜੇਲ ਵਿੱਚ ਗੈਂਗਵਾਰ ਹੋਣ ਦਾ ਖਦਸ਼ਾ ਹੈ। ਕੇਂਦਰੀ ਗ੍ਰਹਿ ਵਿਭਾਗ ਨੇ ਪੰਜਾਬ ਦੇ ਡੀਜੀਪੀ (DGP Punjab) ਨੂੰ ਪੱਤਰ ਲਿਖ ਕੇ ਖਦਸ਼ਾ ਜਤਾਇਆ ਹੈ ਕਿ ਪੰਜਾਬ ਵਿੱਚ ਇੱਕ ਵਾਰ ਮੁੜ ਗੈਂਗਵਾਰ ਹੋ ਸਕਦੀ ਹੈ।