India

ਰੱਖੜੀ ’ਤੇ ਦੋ ਭਰਾਵਾਂ ਨੇ ਭੈਣ ਨੂੰ ਬੁਲਾਇਆ ਘਰ, ਕਈ ਦਿਨ ਰੇਪ ਕਰ ਕੀਤਾ ਕਤਲ, ਪਿਤਾ ਨੇ ਦੱਸੀ ਸਾਰੀ ਘਟਨਾ

ਮੱਧ ਪ੍ਰਦੇਸ਼: ਭਰਾ ਭਾਵੇਂ ਸਕਾ ਹੋਵੇ ਜਾਂ ਚਚੇਰਾ,ਉਸ ਤੋਂ ਭੈਣ ਨੂੰ ਬਣਦਾ ਸਨਮਾਨ ਦੇਣ ਦੀ ਉਮੀਦ ਰੱਖੀ ਜਾਂਦੀ ਹੈ।ਪਰ ਦੇਸ਼ ਦੇ ਮੱਧ ਪ੍ਰਦੇਸ਼ ਸੂਬੇ ਤੋਂ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਇਥੇ ਚਚੇਰੇ ਭਰਾਵਾਂ ਨੇ ਰੱਖੜੀ ਵਾਲੇ ਦਿਨ ਆਪਣੀ ਨਾਬਾਲਗ ਚਚੇਰੀ ਭੈਣ ਨੂੰ ਬੰਧਕ ਬਣਾ ਲਿਆ ਅਤੇ ਉਸ ਨਾਲ 7 ਦਿਨਾਂ ਤੱਕ ਬਲਾਤਕਾਰ ਕਰਨ ਦੇ ਨਾਲ-ਨਾਲ ਉਸ ਨਾਲ ਕੁੱਟਮਾਰ ਵੀ ਕੀਤੀ। ਇਸ ਜਿਆਦਤੀ ਦੇ ਕਾਰਨ ਲੜਕੀ ਦੀ ਸਿਹਤ ਕਾਫੀ ਵਿਗੜ ਗਈ ਤਾਂ ਉਸ ਨੂੰ ਚੁੱਪ-ਚੁਪੀਤੇ ਮੈਡੀਕਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਇੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਫਿਰ ਉਸ ਦਾ ਪੋਸਟਮਾਰਟਮ ਕਰਵਾ ਕੇ ਉਸ ਨੂੰ ਦਫ਼ਨਾਇਆ ਗਿਆ।
ਪੁਲਿਸ ਨੇ ਇਸ ਸਾਰੇ ਮਾਮਲੇ ਦੀ ਜਾਂਚ ਕੀਤੀ ਹੈ ਤੇ ਇਕ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ,ਜਦਕਿ ਦੂਜਾ ਮੁਲਜ਼ਮ ਫਰਾਰ ਹੋਣ ਵਿੱਚ ਕਾਮਯਾਬ ਹੋ ਗਿਆ ਹੈ। ਪੁਲਿਸ ਅਧਿਕਾਰੀ ਅਨੁਸਾਰ ਇਹਨਾਂ ਦੋਵਾਂ ਭਰਾਵਾਂ ਨੇ ਆਪਣੀ ਨਾਬਾਲਗ ਚਚੇਰੀ ਭੈਣ ਨੂੰ ਰੱਖੜੀਆਂ ਵਾਲੇ ਦਿਨ ਮੁੰਬਈ ਤੋਂ ਜਬਲਪੁਰ ਲਿਆਂਦਾ ਸੀ। ਦੋਵਾਂ ਨੇ ਆਉਂਦਿਆਂ ਹੀ ਆਪਣੀ ਚਚੇਰੀ ਭੈਣ ਨਾਲ ਬਲਾਤਕਾਰ ਕਰਨ ਤੋਂ ਬਾਅਦ ਕੁਟਮਾਰ ਕੀਤੀ। ਗੰਭੀਰ ਜ਼ਖਮੀ ਪੀੜਿਤ ਲੜਕੀ ਦੀ ਇਲਾਜ ਦੌਰਾਨ ਮੌਤ ਹੋ ਗਈ।ਇਸ ਤੋਂ ਬਾਅਦ ਦੋਵਾਂ ਭਰਾਵਾਂ ਨੇ ਚੁੱਪ ਚੁਪੀਤੇ ਮ੍ਰਿਤਕ ਲੜਕੀ ਨੂੰ ਦਫ਼ਨਾ ਦਿੱਤਾ। ਜਦੋਂ ਲੜਕੀ ਦੇ ਪਿਤਾ ਨੇ ਜਬਲਪੁਰ ਆ ਕੇ ਪੁਲਿਸ ਕੋਲ ਸ਼ਿਕਾਇਤ ਕੀਤੀ ਤਾਂ ਜਾਂਚ ਤੋਂ ਬਾਅਦ ਦੋਸ਼ ਸਹੀ ਸਾਬਤ ਹੋਏ। ਪੁਲੀਸ ਨੇ ਛੋਟੇ ਭਰਾ ਸੂਰਜ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਦਕਿ ਵੱਡਾ ਭਰਾ ਆਕਾਸ਼ ਅਜੇ ਫਰਾਰ ਹੈ। ਮੁਲਜ਼ਮ ਦਾ ਮੈਡੀਕਲ ਕਰਵਾਇਆ ਗਿਆ ਹੈ।
ਇਸ ਮਾਮਲੇ ਸਬੰਧੀ ਲੜਕੀ ਦੇ ਪਿਤਾ ਨੇ ਦੱਸਿਆ “ਰੱਖੜੀ ਵਾਲੇ ਦਿਨ ਮੇਰੀ ਮਾਂ ਅਤੇ ਭਤੀਜਾ ਬੇਟੀ ਨੂੰ ਲੈ ਕੇ ਮੁੰਬਈ ਤੋਂ ਜਬਲਪੁਰ ਆਏ ਸਨ। ਇਕ ਦਿਨ ਬੇਟੀ ਨੇ ਫੋਨ ਕੀਤਾ ਕਿ ਦੋਵੇਂ ਭਰਾ ਉਸ ਨਾਲ ਗਲਤ ਕੰਮ ਕਰ ਰਹੇ ਹਨ ਅਤੇ ਉਸ ਨੂੰ ਬਹੁਤ ਕੁੱਟਦੇ ਹਨ ਅਤੇ ਮੈਨੂੰ ਆ ਕੇ ਲੈ ਜਾਉ ਪਰ ਜਦੋਂ ਤੱਕ ਮੈਂ ਪਹੁੰਚਿਆ, ਦੋਵਾਂ ਨੇ ਉਸਨੂੰ ਮਾਰ ਦਿੱਤਾ ਸੀ।”
ਮ੍ਰਿਤਕ ਲੜਕੀ ਦੇ ਪਿਤਾ ਨੇ ਅੱਗੇ ਕਿਹਾ ਕਿ ਉਸ ਨੇ ਇਸ ਦੀ ਸ਼ਿਕਾਇਤ ਐਸਪੀ ਦਫ਼ਤਰ ਨੂੰ ਕੀਤੀ ਹੈ ਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਦੀ ਮੰਗ ਕੀਤੀ। ਉਸ ਦੀ ਸ਼ਿਕਾਇਤ ਤੋਂ ਬਾਅਦ ਪੁਲਸ ਨੇ ਮਾਮਲੇ ਦੀ ਜਾਂਚ ਕੀਤੀ ਅਤੇ ਸੂਰਜ ਨੂੰ ਹਿਰਾਸਤ ‘ਚ ਲੈ ਲਿਆ। ਬਰੀਕੀ ਨਾਲ ਪੁੱਛਗਿੱਛ ‘ਚ ਸੂਰਜ ਨੇ ਟੁੱਟ ਕੇ ਕਤਲ ਦਾ ਰਾਜ਼ ਖੋਲ੍ਹ ਦਿੱਤਾ।