Punjab

ਪੰਜਾਬ ’ਚ ਵੱਡੀ ਵਾਰਦਾਤਾਂ, ਸੇਵਾ ਕੇਂਦਰ ‘ਚ ਔਰਤ ਨੂੰ ਵੱਢਿਆ, ਨੌਜਵਾਨ ਨੂੰ ਸ਼ਰ੍ਹੇਆਮ ਗੋਲ਼ੀਆਂ ਮਾਰੀਆਂ

ਪੰਜਾਬ ਵਿੱਚ ਅਪਰਾਧ ਬੇਲਗਾਮ ਹੁੰਦਾ ਹੋ ਗਿਆ ਹੈ । ਹਲਕਾ ਬਾਬਾ ਬਕਾਲਾ ਤੇ ਕੋਟਕਪੂਰਾ ਤੋਂ ਦਿਲ ਦਹਿਲਾਉਣ ਵਾਲੀਆਂ ਦੋ ਘਟਨਾਵਾਂ ਸਾਹਮਣੇ ਆਈਆਂ ਹਨ। ਬਾਬਾ ਬਕਾਲਾ ਵਿੱਚ ਸੇਵਾ ਕੇਂਦਰ ’ਚ ਕੰਮ ਕਰਵਾਉਣ ਆਈ ਇੱਕ ਔਰਤ ਨੂੰ ਇੱਕ ਨੌਜਵਾਨ ਨੇ ਤੇਜ਼ਧਾਰ ਹਥਿਆਰ ਨਾਲ ਵੱਢ ਦਿੱਤਾ ਜਦਕਿ ਕੋਟਕਪੂਰਾ ‘ਚ ਦੇਰ ਰਾਤ ਦੋ ਧੜਿਆਂ ਦੀ ਆਪਸੀ ਰੰਜਿਸ਼ ਕਰਕੇ ਗੋਲ਼ੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ।

ਜਾਣਕਾਰੀ ਮੁਤਾਬਕ ਬਾਬਾ ਬਕਾਲਾ ਦੇ ਸੇਵਾ ਕੇਂਦਰ ‘ਚ ਪ੍ਰਭਜੋਤ ਨਾਮ ਦੀ ਔਰਤ ਕੰਮ ਕਰਵਾਉਣ ਸਬੰਧੀ ਆਈ। ਪਿੱਛਿਓਂ ਇੱਕ ਵਿਅਕਤੀ ਨੇ ਆਉਂਦੇ ਹੀ ਉਸ ‘ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਇਸ ਦੌਰਾਨ ਸੇਵਾ ਕੇਂਦਰ ਦਹਿਸ਼ਤ ਫੈਲ ਗਈ। ਲੋਕਾਂ ਨੇ ਪੁਲਿਸ ਨੂੰ ਇਸ ਮਾਮਲੇ ਬਾਰੇ ਇਤਲਾਹ ਕੀਤੀ। ਪ੍ਰਭਜੋਤ ਕੌਰ ਨੂੰ ਸਿਵਲ ਹਸਪਤਾਲ ਬਾਬਾ ਬਕਾਲਾ ‘ਚ ਦਾਖ਼ਲ ਕਰਵਾਇਆ ਗਿਆ ਹੈ। ਡਾਕਟਰਾਂ ਦਾ ਕਹਿਣਾ ਹੈ ਖੂਨ ਜ਼ਿਆਦਾ ਵਹਿ ਜਾਣ ਕਾਰਨ ਹਾਲਾਤ ਗੰਭੀਰ ਹੈ ਅਤੇ ਉਸ ਨੂੰ ਫੌਰਨ ਅੰਮ੍ਰਿਤਸਰ ਦੇ ਹਸਪਤਾਲ ਵਿੱਚ ਰੈਫ਼ਰ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਹਮਲਾਵਰ ਦਾ ਨਾਮ ਹਰਪ੍ਰੀਤ ਸਿੰਘ ਹੈ।

ਪੀੜਤ ਔਰਤ ਨੇ ਬਿਆਨ ਦਿੱਤਾ ਹੈ ਕਿ ਜਦੋਂ ਉਹ ਸੇਵਾ ਕੇਂਦਰ ਗਈ ਤਾਂ ਮੁਲਜ਼ਮ ਹਮਲਾਵਰ ਨੇ ਉਸ ਨੂੰ ਆਪਣੇ ਕੋਲ ਆਉਣ ਲਈ ਕਿਹਾ ਸੀ। ਪਰ ਜਦੋਂ ਉਸ ਨੇ ਮਨ੍ਹਾ ਕਰ ਦਿੱਤਾ ਤਾਂ ਮੁਲਜ਼ਮ ਨੇ ਉਸ ਦੀ ਬਾਂਹ ਫੜ੍ਹ ਕੇ ਉਸ ਦੇ ਢਿੱਡ ‘ਚ ਕਿਰਚਾਂ ਮਾਰ ਕੇ ਹਮਲਾ ਕਰ ਦਿੱਤਾ।

ਪੀੜਤਾਂ ਮੁਤਾਬਕ ਉਹ ਮੁਲਜ਼ਮ ਹਰਪ੍ਰੀਤ ਕੋਲ ਟੈਟੂ ਬਣਾਉਣ ਦਾ ਕੰਮ ਸਿੱਖਦੀ ਸੀ ਤੇ ਉਨ੍ਹਾਂ ਦਾ ਆਪਸੀ ਪ੍ਰੇਮ ਸਬੰਧ ਸੀ। ਉਨ੍ਹਾਂ ਦਾ ਆਪਸ ‘ਚ ਝਗੜਾ ਹੋਇਆ ਤਾਂ ਮੈਂ ਉਸ ਨੇ ਮੁਲਜ਼ਮ ਨੂੰ ਛੱਡ ਦਿੱਤਾ ਸੀ। ਫਿਰ ਮੁਲਜ਼ਮ ਉਸ ਦੇ ਬੱਚਿਆਂ ਨੂੰ ਮਾਰਨ ਦੀਆਂ ਧਮਕੀਆਂ ਦਿੰਦਾ ਸੀ ਕਿ ਜੇਕਰ ਉਹ ਉਸ ਨਾਲ ਨਾ ਆਈ ਤਾਂ ਉਹ ਪੀੜਤਾ ਦੇ ਬੱਚਿਆਂ ਨੂੰ ਮਾਰ ਦੇਵੇਗਾ। ਸੋ ਅੱਜ ਉਸ ਨੇ ਪੀੜਤਾ ‘ਤੇ ਹਮਲਾ ਕਰ ਦਿੱਤਾ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਮਾਮਲੇ ਦੀ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

ਫਰੀਦਕੋਟ ’ਚ ਸ਼ਰ੍ਹੇਆਮ ਨੌਜਵਾਨ ਨੂੰ ਮਾਰੀਆਂ ਗੋਲ਼ੀਆਂ

ਦੂਜੇ ਪਾਸੇ ਫਰੀਦਕੋਟ ਦੇ ਸ਼ਹਿਰ ਕੋਟਕਪੂਰਾ ‘ਚ ਦੇਰ ਰਾਤ ਦੋ ਗੁੱਟਾਂ ਦੀ ਆਪਸੀ ਰੰਜਿਸ਼ ਦੇ ਚੱਲਦੇ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਵਾਰਦਾਤ ਵਿੱਚ 23 ਸਾਲ ਨੌਜਵਾਨ ਵੱਖੀ ‘ਚ ਗੋਲੀ ਲੱਗਣ ਨਾਲ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਜਿਸ ਨੂੰ ਗੰਭੀਰ ਹਾਲਾਤ ‘ਚ ਫਰੀਦਕੋਟ ਦੇ ਮੈਡੀਕਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

ਪੀੜਤ ਨੌਜਵਾਨ ਦੋ ਹੋਰ ਸਾਥੀਆਂ ‘ਤੇ ਵੀ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਜਿਸ ਕਾਰਨ ਉਹ ਵੀ ਬੁਰੀ ਤਰ੍ਹਾਂ ਜ਼ਖਮੀ ਹਨ, ਜਿਨ੍ਹਾਂ ਦਾ ਇਲਾਜ ਕੋਟਕਪੂਰਾ ਦੇ ਸਿਵਲ ਹਸਪਤਾਲ ‘ਚ ਚੱਲ ਰਿਹਾ ਹੈ।

SP ਜਸਮੀਤ ਸਿੰਘ ਮੁਤਾਬਕ ਕੋਟਕਪੂਰਾ ‘ਚ ਕੱਲ੍ਹ ਦੇਰ ਸ਼ਾਮ ਆਪਸੀ ਰੰਜਿਸ਼ ਦੇ ਚੱਲਦੇ ਕੁੱਝ ਕਾਰ ਸਵਾਰਾਂ ਵੱਲੋਂ ਸ਼ਮਨ ਉਰਫ ਸੈਮ ਨਾਮਕ ਨੌਜਵਾਨ ‘ਤੇ ਫਾਇਰਿੰਗ ਕਰ ਦਿੱਤੀ ਗਈ ਜਿਸ ਦੇ ਚੱਲਦੇ ਉਸਦੀ ਸੱਜੀ ਵੱਖੀ ‘ਚ ਗੋਲੀ ਲੱਗਣ ਨਾਲ ਉਹ ਜ਼ਖਮੀ ਹੋ ਗਿਆ ਅਤੇ ਦੋ ਹੋਰ ਲੋਕਾਂ ਦੇ ਵੀ ਸੱਟਾਂ ਲੱਗੀਆਂ।

ਉਨ੍ਹਾਂ ਕਿਹਾ ਕਿ ਪੁਲਿਸ ਨੇ ਵਾਰਦਾਤ ਵਾਲੀ ਥਾਂ ਤੋਂ ਤਿੰਨ ਖੋਲ ਬਰਾਮਦ ਕੀਤੇ ਗਏ ਹਨ। ਜ਼ਖਮੀਆਂ ਦੇ ਬਿਆਨਾਂ ‘ਤੇ ਪੰਜ ਲੋਕਾਂ ਖ਼ਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਅਜੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ ਜਦਕਿ ਮੁਲਜ਼ਮਾਂ ਦੀ ਭਾਲ ‘ਚ ਛਾਪੇਮਾਰੀ ਜਾਰੀ ਹੈ।