Punjab

ਦਿਲਰੋਜ਼ ਕਤਲ ਮਾਮਲੇ ‘ਚ ਅਦਾਲਤ ਨੇ ਫ਼ੈਸਲਾ ਰੱਖਿਆ ਸੁਰੱਖਿਅਤ, 18 ਨੂੰ ਸੁਣਾਈ ਜਾਵੇਗੀ ਸਜ਼ਾ

ਲੁਧਿਆਣਾ ਦੇ ਸੈਸ਼ਨ ਜੱਜ ਮੁਨੀਸ਼ ਸਿੰਘਲ ਦੀ ਅਦਾਲਤ ਵਿੱਚ ਮੰਗਲਵਾਰ ਨੂੰ ਢਾਈ ਸਾਲ ਦੀ ਬੱਚੀ ਨੂੰ ਜ਼ਿੰਦਾ ਦਫ਼ਨ ਕਰਨ ਦੇ ਮਾਮਲੇ ਵਿੱਚ ਸੁਣਵਾਈ ਹੋਈ। ਸੁਣਵਾਈ ਪੂਰੀ ਹੋਣ ਤੋਂ ਬਾਅਦ ਅਦਾਲਤ ਨੇ ਇਸ ਮਾਮਲੇ ‘ਚ ਆਪਣਾ ਫੈਸਲਾ 18 ਅਪ੍ਰੈਲ ਤੱਕ ਸੁਰੱਖਿਅਤ ਰੱਖ ਲਿਆ ਹੈ।

ਪਹਿਲਾਂ ਕਿਹਾ ਜਾ ਰਿਹਾ ਸੀ ਕਿ 35 ਸਾਲਾ ਦੋਸ਼ੀ ਔਰਤ ਨੀਲਮ ਨੂੰ ਮੰਗਲਵਾਰ ਨੂੰ ਹੀ ਸਜ਼ਾ ਸੁਣਾਈ ਜਾਵੇਗੀ। ਸ਼ੁੱਕਰਵਾਰ ਨੂੰ ਅਦਾਲਤ ਨੇ ਉਸ ਨੂੰ ਦੋਸ਼ੀ ਕਰਾਰ ਦਿੱਤਾ ਸੀ। ਕੁੱਝ ਕਾਰਨਾਂ ਕਰਕੇ ਉਸ ਨੂੰ ਸੋਮਵਾਰ ਨੂੰ ਸਜ਼ਾ ਨਹੀਂ ਸੁਣਾਈ ਗਈ। ਦੱਸ ਦਈਏ ਕਿ ਨੀਲਮ ‘ਤੇ ਆਪਣੇ ਗੁਆਂਢੀ ਹਰਪ੍ਰੀਤ ਸਿੰਘ ਦੀ ਢਾਈ ਸਾਲ ਦੀ ਬੇਟੀ ਦਿਲਰੋਜ਼ ਕੌਰ ਦਾ ਕਤਲ ਕਰਨ ਦਾ ਦੋਸ਼ ਸਾਬਤ ਹੋ ਚੁੱਕਾ ਹੈ।

ਮੈਨੂੰ ਨਿਆਂਪਾਲਿਕਾ ‘ਤੇ ਪੂਰਾ ਭਰੋਸਾ ਹੈ – ਦਿਲਰੋਜ਼ ਦੇ ਪਿਤਾ

ਦਿਲਰੋਜ਼ ਦੇ ਪਿਤਾ ਹਰਪ੍ਰੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਨਿਆਂਪਾਲਿਕਾ ‘ਤੇ ਪੂਰਾ ਭਰੋਸਾ ਹੈ ਕਿ ਉਨ੍ਹਾਂ ਦੀ ਧੀ ਦੇ ਕਾਤਲ ਨੂੰ ਫਾਂਸੀ ਦੀ ਸਜ਼ਾ ਮਿਲੇਗੀ ਅਤੇ ਉਹ ਵੀ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਨ ਕਿ ਉਸ ਨੂੰ ਇਨਸਾਫ਼ ਮਿਲੇ |

ਮਾਂ ਨੇ ਫਾਂਸੀ ਦੀ ਮੰਗ ਕੀਤੀ

ਬੱਚੀ ਦੀ ਮਾਂ ਨੇ ਅਦਾਲਤ ਦੇ ਬਾਹਰ ਰੋਂਦੇ ਹੋਏ ਕਿਹਾ ਕਿ ਉਸ ਦੀ ਬੇਟੀ ਨੂੰ 5 ਮਿੰਟਾਂ ‘ਚ ਮਾਰ ਦਿੱਤਾ ਗਿਆ ਸੀ ਪਰ ਹੁਣ ਕਾਤਲ ਨੂੰ ਸਜ਼ਾ ਦੇਣ ਲਈ ਇੰਨਾ ਸਮਾਂ ਲੱਗ ਰਿਹਾ ਹੈ। ਉਨ੍ਹਾਂ ਨੇ ਕਾਤਲ ਨੀਲਮ ਨੂੰ ਮੌਤ ਦੀ ਸਜ਼ਾ ਦੇਣ ਦੀ ਮੰਗ ਕੀਤੀ।

ਦੋਸ਼ੀ ਨੀਲਮ ਨੇ 28 ਨਵੰਬਰ 2021 ਨੂੰ ਸ਼ਿਮਲਾਪੁਰੀ ਇਲਾਕੇ ਤੋਂ ਦਿਲਰੋਜ਼ ਲੜਕੀ ਨੂੰ ਸਕੂਟਰ ‘ਤੇ ਅਗਵਾ ਕਰ ਲਿਆ ਸੀ ਅਤੇ ਸਲੇਮ ਟਾਬਰੀ ਇਲਾਕੇ ‘ਚ ਟੋਆ ਪੁੱਟ ਕੇ ਉਸ ਨੂੰ ਜ਼ਿੰਦਾ ਦੱਬ ਦਿੱਤਾ ਸੀ।

ਦਿਲਰੋਜ ਦੇ ਪਿਤਾ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਆਪਣੇ ਬੱਚਿਆਂ ਲਈ ਬਜ਼ਾਰ ਤੋਂ ਖਿਡੌਣੇ ਅਤੇ ਚੀਜ਼ਾਂ ਲੈ ਕੇ ਆਉਂਦਾ ਸੀ। ਨੀਲਮ ਨੂੰ ਇਹ ਗੱਲ ਚੰਗੀ ਨਹੀਂ ਲੱਗੀ। ਇਸੇ ਕਾਰਨ ਉਸ ਨੇ ਦਿਲਰੋਜ਼ ਦਾ ਕਤਲ ਕਰ ਦਿੱਤਾ।

ਪੁਲਿਸ ਰਿਪੋਰਟ ਅਨੁਸਾਰ ਨੀਲਮ ਦੀ ਲੜਕੀ ਦੇ ਪਰਿਵਾਰ ਨਾਲ ਡੂੰਘੀ ਦੁਸ਼ਮਣੀ ਸੀ। ਇਸ ਕਾਰਨ ਉਸ ਨੇ ਇਹ ਘਿਨੌਣਾ ਅਪਰਾਧ ਕੀਤਾ। ਨੀਲਮ ਨੇ ਸਾਵਧਾਨੀ ਨਾਲ ਯੋਜਨਾ ਬਣਾਈ ਅਤੇ ਇਸ ਕਤਲ ਨੂੰ ਅੰਜਾਮ ਦਿੱਤਾ। ਮਾਸੂਮ ਬੱਚੀ ਨੂੰ ਜ਼ਿੰਦਾ ਦਫਨ ਕਰ ਦਿੱਤਾ ਗਿਆ ਅਤੇ ਘਰ ਪਰਤਣ ਤੋਂ ਬਾਅਦ ਉਸ ਨੇ ਸ਼ੱਕ ਤੋਂ ਬਚਣ ਲਈ ਸਾਧਾਰਨ ਵਿਵਹਾਰ ਕੀਤਾ।

ਇਹ ਵੀ ਪੜ੍ਹੋ – PSEB ਵਾਲੇ ਹੋ ਜਾਓ ਤਿਆਰ! ਇਸ ਦਿਨ ਆ ਰਿਹਾ 10ਵੀਂ ਦਾ ਨਤੀਜਾ