Punjab

ਨਹੀਂ ਬਜਾਇਆ ਮੂਸੇਵਾਲਾ ਦਾ ਗਾਣਾ ਤਾਂ ਬਾਰਾਤ ਦਾ ਕੁਟਾਪਾ, ਲਾੜੇ ਦੇ ਭਰਾ ਸਮੇਤ ਤਿੰਨ ਜ਼ਖਮੀ

ਫ਼ਾਜ਼ਿਲਕਾ : ਪੰਜਾਬ ਦੇ ਮਾਲਵਾ ਇਲਾਕੇ ਵਿਚ ਪੈਂਦੇ ਹਲਕਾ ਫ਼ਾਜ਼ਿਲਕਾ ਦੇ ਇਕ ਪਿੰਡ ਵਿੱਚ ਉਸ ਵੇਲੇ ਮਾਹੌਲ ਗੰਭੀਰ ਬਣ ਗਿਆ ਜਦੋਂ  ਪਿੰਡੋਂ ਤੁਰੀ ਬਰਾਤ ਨੂੰ ਘੇਰ ਕੇ ਸਿਰਫ ਇਸ ਲਈ ਡੰਡਿਆਂ ਨਾਲ ਕੁੱਟਿਆ ਗਿਆ, ਕਿਉਂਕਿ ਇੱਕ ਵਿਆਹ ਸਮਾਗਮ ਵਿੱਚ ਸਿੱਧੂ ਮੂਸੇ ਵਾਲੇ ਦੇ ਗਾਣੇ ਨੂੰ ਬਾਰ ਬਾਰ ਚਲਾਉਣ ਤੋਂ ਇਨਕਾਰ ਕਰ ਦਿਤਾ ਗਿਆ।

ਇਸ ਗੱਲ ਦਾ ਜਿੱਦ ‘ਤੇ ਅੜੇ ਕੁੱਝ ਲੋਕਾਂ ਨੇ ਇਨਾਂ ਬੁਰਾ ਮਨਾਇਆ ਕਿ ਉਹਨਾਂ ਅਗਲੇ ਦਿਨ ਬਰਾਤ ‘ਤੇ ਹੀ ਹਮਲਾ ਕਰ ਦਿੱਤਾ ਤੇ ਕਈਆਂ ਨੂੰ ਜ਼ਖ਼ਮੀ ਕਰ ਦਿੱਤਾ।

ਫਾਜ਼ਿਲਕਾ ਇਲਾਕੇ ਦੇ ਪਿੰਡ ਚੂਹੜੀਵਾਲਾ ਧੰਨਾ ਵਿੱਖੇ ਰਾਤ ਨੂੰ ਵਿਆਹ ਤੋਂ ਇੱਕ ਦਿਨ ਪਹਿਲਾਂ ਸੰਗੀਤ ਵੇਲੇ ਦੇ ਸਮਾਗਮ ਚੱਲ ਰਹੇ ਸੀ,ਜਿਸ ਦੌਰਾਨ ਕੁੱਝ ਲੋਕ ਸ਼ਰਾਬ ਦੇ ਨਸ਼ੇ ਵਿੱਚ ਚੂਰ ਹੋ ਗਏ ਤੇ ਬਾਰ ਬਾਰ ਸਿੱਧੂ ਮੂਸੇ ਵਾਲੇ ਦਾ ਗਾਣਾ ਲਗਵਾਉਣ ਦੀ ਜ਼ਿੱਦ ਕਰਨ ਲੱਗੇ ਪਰ ਇੱਕ ਵਾਰ ਗਾਣਾ ਲੱਗਾ ਕੇ ਫਿਰ ਇਹਨਾਂ ਨੂੰ ਮਨਾ ਕਰ ਦਿੱਤਾ ਗਿਆ। ਜਿਸ ਤੋਂ ਬਾਅਦ ਇਹਨਾਂ ਦੀ ਬਹਿਸ ਹੋ ਗਈ ਪਰ ਰਾਤ ਨੂੰ ਮਾਮਲਾ ਠੰਢਾ ਪੈ ਗਿਆ।

ਅੱਗਲੇ ਦਿਨ ਬਾਰਾਤ ਨੇ ਪਿੰਡ ਸਵਾਨਾ ਵਿੱਖੇ ਲਾੜੇ ਨੂੰ ਵਿਆਹੁਣ ਜਾਣਾ ਸੀ। ਰਵਾਨਗੀ ਤੋਂ ਬਾਅਦ ਜਦੋਂ ਇਹ ਬਾਰਾਤ ਪਿੰਡ ਸਵਾਨਾ ਦੇ ਰਸਤੇ ਵਿੱਚ ਸੀ ਤਾਂ ਰਾਤ ਵਾਲੇ ਹੀ ਵਿਅਕਤੀਆਂ ਨੇ 20-25 ਬੰਦੇ ਹੋਰ ਲਿਆ ਕੇ ਬਾਰਾਤ ਨੂੰ ਰੋਕ ਕੇ ਹਮਲਾ ਕਰ ਦਿੱਤਾ। ਇਹਨਾਂ ਲੋਕਾਂ ਕੋਲ ਗੰਡਾਸੇ ਤੇ ਹੋਰ ਵੀ ਕਈ ਤੇਜ਼ਧਾਰ ਹਥਿਆਰ ਸਨ । ਇਹਨਾਂ ਨੇ ਨਾ ਸਿਰਫ ਗੱਡੀਆਂ ਨੂੰ ਭੰਨਿਆ ਸਗੋਂ ਬਾਰਾਤੀਆਂ ਨੂੰ ਵੀ ਜ਼ਖ਼ਮੀ ਕਰ ਦਿੱਤਾ ।

ਇਸ ਦੌਰਾਨ ਲਾੜੇ ਵਾਲੀ ਗੱਡੀ ਦੇ ਡਰਾਈਵਰ ਨੇ ਫੁਰਤੀ ਦਿਖਾਉਂਦੇ ਹੋਏ ਗੱਡੀ ਨੂੰ ਵਾਪਸ ਮੋੜ ਲਿਆ ਤੇ ਪਿਛੇ ਨੂੰ ਹੀ ਵਾਪਸ ਦੌੜਾ ਲਿਆ,ਜਿਸ ਕਾਰਨ ਲਾੜਾ ਤਾਂ ਹਮਲਾਵਰਾਂ ਦੀ ਪਹੁੰਚ ਤੋਂ ਦੂਰ ਹੋ ਗਿਆ ਪਰ ਬਾਕੀਆਂ ਦੇ ਕਾਫੀ ਸੱਟਾਂ ਲੱਗੀਆਂ।
ਪੁਲਿਸ ਨੇ ਸ਼ਿਕਾਇਤ ਦਰਜ ਕਰ ਕੇ ਕੇਸ ਦਰਜ ਕਰ ਲਿਆ ਹੈ ਤੇ ਕਈਆਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ।