Punjab

ਸੋਹਾਣਾ ਵਿਖੇ PTT ਅਧਿਆਪਕਾਂ ਦੇ ਚੱਲ ਰਹੇ ਧਰਨੇ ‘ਤੇ ਪਹੁੰਚੇ ਖਹਿਰਾ, ਘੇਰਿਆ ਮਾਨ ਸਰਕਾਰ ਨੂੰ

ਸੋਹਾਣਾ : ਪੀਟੀਟੀ ਅਧਿਆਪਕਾਂ ਦੀ ਭਰਤੀ ਮਾਮਲੇ ’ਚ ਸੋਹਾਣਾ ‘ਚ ਪਿਛਲੇ 4 ਦਿਨਾਂ ਤੋਂ ਰੋਸ ਪ੍ਰਦਰਸ਼ਨ ਚੱਲ ਰਿਹਾ ਹੈ। ਪੀਟੀਟੀ ਅਧਿਆਕ ਆਪਣੀ ਬਣਦੀ ਮੈਰਿਟ ਲਿਸਟ ਜਾਰੀ ਕਰਵਾਉਣ ਲਈ ਇਥੇ ਟੈਂਕੀ ਕੋਲ ਮੋਰਚੇ ‘ਤੇ ਡੱਟੇ ਹੋਏ ਹਨ।

ਅੱਜ ਇਥੇ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਨੇ ਵੀ ਸ਼ਿਰਕਤ ਕੀਤੀ ਹੈ ਤੇ ਧਰਨਾਕਾਰੀਆਂ ਦਾ ਹਾਲ ਜਾਣਿਆ,ਉਹਨਾਂ ਦੀਆਂ ਮੰਗਾਂ ਨੂੰ ਸੁਣਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਆਪ ‘ਤੇ ਕਈ ਇਲਜ਼ਾਮ ਲਾਏ ਤੇ ਕਿਹਾ ਕਿ ਸੈਸ਼ਨ ਦੇ ਦੌਰਾਨ ਵਿਰੋਧੀ ਧਿਰ ਨੂੰ ਬੋਲਣ ਦਾ ਮੌਕਾ ਹੀ ਨਹੀਂ ਦਿੱਤਾ ਗਿਆ।

ਇਸ ਦੌਰਾਨ ਉਹਨਾਂ ਇਹ ਵੀ ਕਿਹਾ ਕਿ ਟੈਂਕੀ ‘ਤੇ ਚੱੜਨ ਵਾਲੀਆਂ ਅਧਿਆਪਕਾਂ ਵਿੱਚ ਸਿੱਪੀ ਸ਼ਰਮਾ ਵੀ ਸ਼ਾਮਲ ਹੈ,ਜਿਸ ਨੂੰ ਪਿਛਲੀ ਵਾਰ ਹੋਏ ਪ੍ਰਦਰਸ਼ਨ ਵਿੱਚ ਕੇਜਰੀਵਾਲ ਨੇ ਭੈਣ ਬਣਾਇਆ ਸੀ ਤੇ ਟੈਂਕੀ ਤੋਂ ਥੱਲੇ ਉਤਰਨ ਦੀ ਬੇਨਤੀ ਕੀਤੀ ਸੀ। ਉਹਨਾਂ ਆਪਣੀ ਸਰਕਾਰ ਦੇ ਆਉਣ ‘ਤੇ ਮੰਗਾਂ ਮੰਨੀਆਂ ਜਾਣ ਦਾ ਵੀ ਭਰੋਸਾ ਦਿੱਤਾ ਸੀ ਪਰ ਹਾਲੇ ਤੱਕ ਕੋਈ ਵੀ ਮੰਗ ਨਹੀਂ ਮੰਨੀ ਹੈ ਸਗੋਂ ਇਹਨਾਂ ਅਧਿਆਪਕਾਂ  ਨੂੰ ਸੰਗਰੂਰ ਵਿੱਚ ਬੁਰੀ ਤਰਾਂ ਕੁਟਿਆ ਗਿਆ ਹੈ। ਇਥੋਂ ਤੱਕ ਕਿ ਇੱਕ ਦੀ ਮੌਤ ਵੀ ਇਸ ਸੰਘਰਸ਼ ਦੇ ਦੌਰਾਨ ਹੋਈ ਹੈ ।

ਆਪ ਵਿਧਾਇਕਾਂ ‘ਤੇ ਵਰਦਿਆਂ ਉਹਨਾਂ ਕਿਹਾ ਕਿ ਇਹਨਾਂ ਨੂੰ ਆਪਣੇ ਕੰਮਾਂ ਬਾਰੇ ਕੋਈ ਵੀ ਗਿਆਨ ਨਹੀਂ ਹੈ,ਸਗੋਂ ਇੱਕ ਜਾਅਲੀ ਦਾਅਵੇ ਨੂੰ ਲੈ ਕੇ ਇਹਨਾਂ ਨੇ ਸੈਸ਼ਨ ਸੱਦ ਲਿਆ ਤੇ ਸਾਰਿਆਂ ਦਾ ਸਮਾਂ ਤੇ ਜਨਤਾ ਦਾ ਪੈਸਾ ਵੀ ਬਰਬਾਦ ਕੀਤਾ। ਕਈ ਅਜਿਹੇ ਮੁੱਦੇ ਸੀ, ਜਿਹਨਾਂ ਨੂੰ ਚੁੱਕਣਾ ਜਰੂਰੀ ਸੀ ਪਰ ਉਹ ਵੀ ਨਹੀਂ ਹੋਣ ਦਿੱਤਾ ਗਿਆ।ਇਸ ਤੋਂ ਇਲਾਵਾ ਬੇਮੌਸਮੀ ਬਾਰਿਸ਼ ਤੇ ਹੋਰ ਕਾਰਨਾਂ ਕਰਕੇ ਫਸਲਾਂ ਦਾ ਨੁਕਸਾਨ ਹੋਇਆ ਹੈ ,ਨਾ ਤਾਂ ਉਸ ਦੀ ਗਿਰਦਾਵਰੀ ਹੋਈ ਹੈ ਤੇ ਨਾਂ ਹੀ ਕੋਈ ਮੁਆਵਜ਼ਾ ਮਿਲਿਆ ਹੈ।

ਆਪ ਨੂੰ ਭਾਜਪਾ ਦੀ ਬੀ ਟੀਮ ਦੱਸਦਿਆਂ ਉਹਨਾਂ ਕਿਹਾ ਹੈ ਕਿ ਇਹ ਵੀ ਸਿਰਫ਼ ਭਾਜਪਾ ਨੂੰ ਜਿਤਾਉਣ ਲਈ ਕੰਮ ਕਰ ਰਹੀ ਹੈ ਤੇ ਹਿਮਾਚਲ ਤੇ ਗੁਜਰਾਤ ਵਿੱਚ ਵਿੱਚ ਆਪ ਬੁਰੀ ਤਰਾਂ ਹਾਰੇਗੀ। ਇਥੇ ਹੋਇਆ ਸਰਵੇ ਆਪ ਦੇ ਦਾਅਵਿਆਂ ਨੂੰ ਉਲਟਾ ਰਿਹਾ ਹੈ।

ਆਉਣ ਵਾਲੀਆਂ ਚੋਣਾਂ ਸਬੰਧੀ ਉਹਨਾਂ ਦਾਅਵਾ ਕੀਤਾ ਕਿ ਹਿਮਾਚਲ ਵਿੱਚੋਂ ਕਾਂਗਰਸ ਜਿੱਤੇਗੀ ਤੇ ਗੁਜਰਾਤ ਵਿੱਚ ਭਾਜਪਾ ਨਾਲ ਸਖ਼ਤ ਮੁਕਾਬਲਾ ਹੋਵੇਗਾ।
ਇਸ ਤੋਂ ਇਲਾਵਾ ਖਹਿਰਾ ਨੇ ਭਰਤੀ ਪ੍ਰਕ੍ਰਿਆ ਤੇ ਵੀ ਸਵਾਲ ਚੁੱਕੇ ਹਨ। ਉਹਨਾਂ ਇਹ ਵੀ ਕਿਹਾ ਹੈ ਕਿ 35000 ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਗੱਲ ਕਰਕੇ ਹੁਣ ਇਹ 9000 ਤੇ ਆ ਗਏ ਹਨ। ਨਾਇਬ ਤਹਿਸੀਲਦਾਰ ਦੀ ਭਰਤੀ ਵੇਲੇ ਟਾਪ ਕਰਨ ਵਾਲੇ ਬੱਚੇ ਪਟਵਾਰੀਆਂ ਦੀ ਭਰਤੀ ਵੇਲੇ ਫੇਲ ਹੋਏ ਹਨ।

ਪੀਪੀਐਸਈ ਦਾ ਇਮਤਿਹਾਨ ਦੇਣ ਵਾਲੇ ਬੱਚਿਆਂ ਦੇ ਹਵਾਲੇ ਨਾਲ ਉਹਨਾਂ ਇਹ ਵੀ ਖੁਲਾਸਾ ਕੀਤਾ ਕਿ ਇਸ ਪ੍ਰੀਖਿਆ ਵੇਲੇ ਵੱਡੇ ਪੱਧਰ ‘ਤੇ ਬਹੁਤ ਸਾਰੀਆਂ ਧਾਂਧਲੀਆਂ ਤੇ ਹੇਰਾਫੇਰੀਆਂ ਹੋਈਆਂ ਹਨ।

ਮੂੰਗੀ ਦੀ ਐਮਐਸਪੀ ‘ਤੇ ਬੋਲਦਿਆਂ ਉਹਨਾਂ ਦਾਅਵਾ ਕੀਤਾ ਹੈ ਕਿ ਸੂਬੇ ਵਿੱਚ 89 ਫੀਸਦੀ ਮੂੰਗੀ ਐਮਐਸਪੀ ਤੋਂ ਕਿਤੇ ਘੱਟ ਰੇਟ ਤੇ ਵਿਕੀ ਹੈ ਪਰ ਹੁਣ ਕਿਸਾਨਾਂ ਨਾਲ ਧੱਕਾ ਨਹੀਂ ਹੋਣ ਦਿੱਤਾ ਜਾਵੇਗਾ ਤੇ ਉਹਨਾਂ ਦਾ ਸੰਘਰਸ਼ ਵਿੱਚ ਸਾਥ ਦਿੱਤਾ ਜਾਵੇਗਾ।