Punjab

ਮੁੱਖ ਮੰਤਰੀ ਪਹੁੰਚੇ ਗੁਰਦਾਸਪੁਰ, ਵਿਰੋਧੀਆਂ ‘ਤੇ ਕੱਸੇ ਤੰਜ

ਲੋਕ ਸਭਾ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ (AAP) ਵੱਲੋਂ ਪ੍ਰਚਾਰ ਕੀਤਾ ਜਾ ਰਿਹਾ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Bhagwant Maan) ਨੇ ਗੁਰਦਾਸਪਾਰ ਤੋਂ ‘ਆਪ’ ਦੇ ਉਮੀਦਵਾਰ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ। 

ਮੁੱਖ ਮੰਤਰੀ ਨੇ ਕਿਹਾ ਕਿ ਇਸ ਵਾਰ ਦੀਆਂ ਚੋਣਾਂ ਜਿੱਤ ਹਾਰ ਦੀਆਂ ਚੋਣਾਂ ਨਹੀਂ ਹਨ, ਇਹ ਚੋਣਾਂ ਅਣਖ, ਆਬਰੂ ,ਸੰਵਿਧਾਨ ਅਤੇ ਲੋਕਤੰਤਰ ਨੂੰ ਬਚਾਉਣ ਦੀਆਂ ਹਨ। ਉਨ੍ਹਾਂ ਨੇ ਲੋਕਾਂ ਨੂੰ ਕਿਹਾ ਕਿ ਇਸ ਵਾਰੀ ਧਰਮ ਜਾਤੀ ਪਿੱਛੇ ਵੋਟਾਂ ਨਾ ਪਾਈਆਂ ਜਾਣ, ਨਹੀਂ ਤਾਂ ਇਸ ਤੋਂ ਬਾਅਦ ਦੇਸ਼ ਵਿੱਚ ਵੋਟਾਂ ਨਹੀਂ ਪੈਣਗੀਆਂ।

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸ਼ਾਮ ਨੂੰ ਘਰੇ ਜਾ ਕੇ ਆਪਣਾ ਵੋਟਰ ਕਾਰਡ ਜ਼ਰੂਰ ਦੇਖਣਾ, ਜਿਸ ਵਿੱਚ ਤਹਾਨੂੰ ਸ਼ਹੀਦਾ ਦੇ ਖੂਨ ਦੀ ਸੁਗੰਧ ਆਏਗੀ। ਉਨ੍ਹਾਂ ਕਿਹਾ ਕਿ ਵਿਆਹ ਸ਼ਾਦੀਆਂ ਤਾਂ ਅੰਗਰੇਜ਼ਾ ਵੇਲੇ ਵੀ ਹੁੰਦੇ ਸੀ ਪਰ ਅੰਗਰੇਜ਼ ਵੋਟਾਂ ਨਹੀਂ ਪੈਣ ਦਿੰਦੇ ਸੀ। ਇਸ਼ ਵਾਰ ਜੇ ਸਹੀ ਵੋਟਾਂ ਨਾ ਪਾਈਆਂ ਤਾਂ ਦੇਸ਼ ਵਿੱਚ ਤਾਨਾਸ਼ਾਹੀ ਦਾ ਰਾਜ ਹੋਵੇਗਾ। ਭਾਜਪਾ ਵਾਲੇ ਆਪੇ ਸਰਕਾਰਾਂ ਬਣਾ ਲਿਆ ਕਰਨਗੇ। ਉਨਾਂ ਕਿਹਾ ਕਿ ਇਸੇ ਲੜਾਈ ਕਰਕੇ ਸ਼ਹੀਦਾਂ ਨੇ ਕੁਰਬਾਨੀਆਂ ਦਿੱਤੀਆਂ ਸਨ।

ਉਨਾਂ ਕਿਹਾ ਕਿ ਇਹ ਵੋਟਰ ਕਾਰਡ ਸਹੀਦਾਂ ਦੀ ਬਦੌਲਤ ਮਿਲਿਆ ਹੈ ਇਸ ਨੂੰ ਸ਼ਰਾਬ ਦੀ ਬੋਤਲ ਦੇ ਬਦਲੇ ਕਿਸੇ ਨੂੰ ਨਾ ਦੇ ਦੇਣਾ। ਜੋ ਲੋਕ ਇਸ ਤਰ੍ਹਾਂ ਕਰਨਗੇ ਉਹ ਸ਼ਹੀਦਾਂ ਦੇ ਖੂਨ ਦਾ ਸੌਦਾ ਕਰਨਗੇ। ਮੁੱਖ ਮੰਤਰੀ ਨੇ ਕਿਹਾ ਕਿ ਵੋਟ ਜਿਸ ਨੂੰ ਮਰਜੀ ਦੇਵੋ ਪਰ ਆਪਣੀ ਮਰਜੀ ਨਾਲ ਦੇਵੋ। ਮੁੱਖ ਮੰਤਰੀ ਨੇ ਇਸ ਦੌਰਾਨ ਸਨੀ ਦਿਓਲ ਦੇ ਢਾਈ ਕਿਲੋ ਦੇ ਹੱਥ ਦਾ ਜ਼ਿਕਰ ਕਰਦੇ ਹੋਏ ਸਨੀ ਦਿਓਲ ਨੂੰ ਕਰਾਰੇ ਹੱਥੀਂ ਲਿਆ। ਮੁੱਖ ਮੰਤਰੀ ਨੇ ਕਿਹਾ ਉਹ ਮਾਂ ਦਾ ਪੁੱਤ ਮੁੜ ਕੇ ਕਦੀ ਆਇਆ ਹੀ ਨਹੀਂ।

ਮੁੱਖ ਮੰਤਰੀ ਨੇ ਕਿਹਾ ਕਿ ਮੈਨੂੰ ਤਾਂ ਲੋਕਾਂ ‘ਚ ਜਾਏ ਬਿਨ੍ਹਾਂ ਨੀਂਦ ਨਹੀਂ ਆਉਂਦੀ। ਉਨ੍ਹਾਂ ਕਿਹਾ ਕਿ ਇਸ ਵਾਰੀ ਆਪਣੇ ਪੁੱਤ ਚੁੱਣ ਕੇ ਸੰਸਦ ਵਿੱਚ ਭੇਜੋ, ਇਹ ਪਿਛਲੇ ਸਾਰੇ ਘਾਟੇ ਪੂਰੇ ਕਰਨਗੇ।ਉਨ੍ਹਾਂ ਕਿਹਾ ਕਿ ਸ਼ੈਰੀ ਕਲਸੀ ਨੂੰ ਬਹੁਤ ਤਜਰਬਾ ਹੈ, ਇਹ ਤਜਰਬਾ ਕੰਮ ਆਏਗਾ ਅਤੇ ਮੈਂ ਵੀ ਸ਼ੈਰੀ ਨੂੰ ਸਾਰੇ ਢੰਗ ਦੱਸੂਗਾ। ਮੁੱਖ ਮੰਤਰੀ ਨੇ ਮੰਗ ਕੀਤੀ ਕਿ ਸ਼ੈਰੀ ਕਲਸੀ ਨੂੰ ਸਾਂਸਦ ਬਣਾਓ, ਇਹ ਤੁਹਾਡੀ ਅਵਾਜ਼ ਬਣੇਗਾ।

ਮੁੱਖ ਮੰਤਰੀ ਨੇ ਪ੍ਰਤਾਪ ਬਾਜਵਾ ਤੇ ਤੰਜ ਕੱਸਦਿਆਂ ਕਿਹਾ ਕਿ ਉਸ ਦੀ ਕਾਂਗਰਸ ਨੇ ਮੁੱਖ ਮੰਤਰੀ ਬਣਨ ਦੀ ਇੱਛਾ ਦੀ ਭਰੂਣ ਹੱਤਿਆ ਕੀਤੀ ਹੈ।

ਇਸ ਦੌਰਾਨ ਉਨ੍ਹਾਂ ਨੇ ਬੰਦ ਕੀਤੇ ਟੋਲ ਪਲਾਜ਼ਿਆਂ ਬਾਰੇ ਕਿਹਾ ਕਿ 7 ਤੋਂ ਵੱਧ ਟੋਲ ਪਲਾਜੇ ਚੰਡੀਗੜ ਤੋਂ ਗੁਰਦਾਸਪੁਰ ਦੇ ਰਸਤੇ ਵਾਲੇ ਬੰਦ ਕੀਤੇ ਹਨ। ਉਨ੍ਹਾਂ ਕਿਹਾ ਕਿ ਇਹ ਟੋਲ ਪਲਾਜ਼ੇ ਪ੍ਰਤਾਪ ਬਾਜਵਾ ਦੇ ਮੰਤਰੀ ਸਮੇਂ ਦੇ ਬਣੇ ਹੋਏ ਸਨ।

ਇਸ ਦੌਰਾਨ ਕਿਸਾਨੀ ਮੁੱਦਿਆਂ ਨੂੰ ਲੈ ਕੇ ਮੁੱਖ ਮੰਤਰੀ ਨੇ ਵਿਰੋਧੀਆਂ ਨੂੰ ਘੇਰਿਆ। ਉਨ੍ਹਾਂ ਕਿਹਾ ਕਿ ਜੋ ਅਸੀਂ ਕਿਹਾ ਸੀ ਕਿ ਉਹ ਅਸੀਂ ਕਰ ਰਹੇ ਹਾਂ।  ਹੁਣ ਝੋਨੇ ਦੇ ਫਸਲ ਨੂੰ ਲੈ ਕੇ ਕਿਸਾਨਾਂ ਨੂੰ ਕੋਈ ਪਰੇਸ਼ਾਨੀ ਨਹੀਂ ਹੁੰਦੀ। ਕਿਸਾਨਾਂ ਨੂੰ ਪੂਰਾ ਪਾਣੀ ਮਿਲ ਰਿਹਾ ਹੈ। ਇਸ ਦੌਰਾਨ ਉਨ੍ਹਾਂ ਨੇ ਸੁਖਬੀਰ ਬਾਦਲ ਨੂੰ ਕਿਸਾਨੀ ਬਾਰੇ ਕੋਈ ਜਾਣਕਾਰੀ ਨਾਂ ਹੋਣ ਦੇ ਅਰੋਪ ਵੀ ਲਗਾਏ।

ਮੁੱਖ ਮੰਤਰੀ ਨੇ ਕਿਹਾ ਕਿ ਹੁਣ ਪੂਰੀ ਬਿਜਲੀ ਦਿੱਤੀ ਜਾ ਰਹੀ ਹੈ। ਕਿਸਾਨਾਂ ਨੂੰ ਦਿਨ ਵਿੱਚ ਬਿਜਲੀ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹੁਣ ਵੱਡੇ ਵੱਡੇ ਸ਼ਹਿਰਾਂ ਨੂੰ ਬਿਜਲੀ ਵੇਚੀ ਜਾ ਰਹੀ ਹੈ। ਜਿਸ ਨਾਲ ਪਿਛਲੇ ਮਹਿਨੇ 90ਕਰੋੜ ਦੀ ਕਮਾਈ ਕੀਤੀ ਗਈ ਹੈ। ਕਿਉਂਕਿ ਪੰਜਾਬ ਕੋਲ ਹੁਣ 3 ਥਰਮਲ ਪਲਾਂਟ ਹਨ। ਪੰਜਾਬ ਕੋਲ ਝਾਰਖੰਡ ਵਿੱਚ ਕੋਲੇ ਦੀ ਖਾਣ ਹੈ। ਮੁੱਖ ਮੰਤਰੀ ਨੇ ਕਿਸਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਇਕ ਅਪੀਲ ਤੇ ਕਿਸਾਨਾਂ ਨੇ ਜਿਆਦਾ ਦਿਨਾਂ ਵਿੱਚ ਪੱਕਣ ਵਾਲਾ ਝੋਨਾ ਬੰਦ ਕਰ ਦਿੱਤਾ ਹੈ, ਜਿਸ ਨਾਲ ਪਾਣੀ ਦੀ ਕਾਫੀ ਬਚਤ ਹੋਈ ਹੈ। ਮੁੱਖ ਮੰਤਰੀ ਨੇ ਅਪੀਲ ਕੀਤੀ ਕਿ ‘ਆਪ’ ਦੇ ਸਾਰੇ ਉਮੀਦਵਾਰਾਂ ਨੂੰ ਜਿਤਾ ਦਿਉ, ਇਹ ਤੁਹਾਡੀ ਅਵਾਜ ਸੰਸਦ ਵਿੱਚ ਚੁੱਕਣਗੇ।