India

ਝਾਰਖੰਡ ਦੇ ਦੁਮਕਾ ਸ਼ਹਿਰ ‘ਚ ਇੱਕ ਸਿਰਫਿਰੇ ਨੇ ਇੱਕ ਮਾਸੂਮ ਲੜਕੀ ਦੀ ਲਈ ਜਾਨ,ਨਾਂਹ ਕਰਨ ‘ਤੇ ਅੱਗ ਕੇ ਸਾੜਿਆ

ਝਾਰਖੰਡ : ਪਿਆਰ ਨੂੰ ਇੱਕ ਪਵਿੱਤਰ ਭਾਵਨਾ ਮੰਨਿਆ ਗਿਆ ਹੈ ਪਰ ਕੁੱਝ ਲੋਕ ਇਸ ਦੇ ਨਾਂ ‘ਤੇ ਹੈਵਾਨੀਅਤ ਕਰਨ ਤੋਂ ਬਾਜ ਨਹੀਂ ਆਉਂਦੇ। ਝਾਰਖੰਡ ਦੇ ਦੁਮਕਾ ਸ਼ਹਿਰ ਦੇ ਜਰੂਵਾਡੀਹ ਇਲਾਕੇ ਵਿੱਚ ਇੱਕ ਸਿਰਫਿਰੇ ਨੇ ਇੱਕ ਮਾਸੂਮ ਲੜਕੀ ਦੀ ਜਾਨ ਲੈ ਲਈ ਹੈ,ਉਹ ਵੀ ਸਿਰਫ ਇਸ ਲਈ ਕਿਉਂਕਿ ਉਸ ਲੜਕੀ ਨੇ ਉਸ ਦੇ ਪ੍ਰਸਤਾਵ ਨੂੰ ਮਨਜ਼ੂਰ ਕਰਨ ਤੋਂ ਨਾਂਹ ਕਰ ਦਿੱਤੀ ਸੀ ।ਇਸ ਇਲਾਕੇ ਵਿੱਚ ਰਹਿਣ ਵਾਲੀ ਲੜਕੀ ਅੰਕਿਤਾ ਬਾਹਰਵੀਂ ਜ਼ਮਾਤ ਦੀ ਇੱਕ ਵਿਦਿਆਰਥਣ ਸੀ।

ਦੋਸ਼ੀ ਸ਼ਾਹਰੁਖ ਹੁਸੈਨ ਪਿਛਲੇ ਕੁਝ ਦਿਨਾਂ ਤੋਂ ਅੰਕਿਤਾ ਨੂੰ ਤੰਗ-ਪ੍ਰੇਸ਼ਾਨ ਕਰ ਰਿਹਾ ਸੀ। 10-12 ਦਿਨ ਪਹਿਲਾਂ ਉਸ ਨੇ ਅੰਕਿਤਾ ਦੀ ਇੱਕ ਸਹੇਲੀ ਤੋਂ ਉਸ ਦਾ ਫ਼ੋਨ ਨੰਬਰ ਲਿਆ ਅਤੇ ਉਸ ਨੂੰ ਵਾਰ-ਵਾਰ ਫ਼ੋਨ ਕਰਕੇ ਤੰਗ-ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਅੰਕਿਤਾ ਨੇ ਇਹ ਗੱਲਾਂ ਆਪਣੇ ਪਰਿਵਾਰ ਤੇ ਆਪਣੇ ਪਿਤਾਸੰਜੀਵ ਸਿੰਘ ਨੂੰ ਦੱਸੀਆਂ ਪਰ ਪਰਿਵਾਰ ਨੇ ਪਹਿਲਾਂ ਤਾਂ ਇਸ ਗੱਲ ਨੂੰ ਅਣਗੌਲਿਆ ਕਰ ਦਿੱਤਾ ਪਰ 22 ਅਗਸਤ ਦੀ ਸ਼ਾਮ ਨੂੰ ਉਸ ਨੇ ਫਿਰ ਅੰਕਿਤਾ ਨੂੰ ਫੋਨ ਕੀਤਾ ਅਤੇ ਕਿਹਾ ਕਿ ਜੇਕਰ ਉਹ ਉਸ ਨੂੰ ਨਹੀਂ ਮਿਲੀ ਤਾਂ ਉਹ ਉਸ ਨੂੰ ਮਾਰ ਦੇਵੇਗਾ।

ਅੰਕਿਤਾ ਨੇ ਇਹ ਗੱਲ ਫਿਰ ਆਪਣੇ ਪਰਿਵਾਰ ਨੂੰ ਦੱਸੀ ਪਰ ਉਦੋਂ ਤੱਕ ਰਾਤ ਹੋ ਜਾਣ ਕਾਰਨ ਸ਼ਾਹਰੁਖ ਹੁਸੈਨ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਇਸ ਮੁੱਦੇ ‘ਤੇ ਸਵੇਰ ਨੂੰ ਗੱਲ ਕਰਨ ਦੀ ਸੋਚ ਕੇ ਸਾਰੇ ਸੌਂ ਗਏ ।ਦੋਸ਼ੀ ਦੀ ਇਸ ਧਮਕੀ ਨੂੰ ਅਣਗੋਲਿਆ ਕਰਨਾ ਇਸ ਪਰਿਵਾਰ ਨੂੰ ਮਹਿੰਗਾ ਪਿਆ ਤੇ ਖਿੜਕੀ ਕੋਲ ਸੌਂ ਰਹੀ ਅੰਕਿਤਾ ਨੂੰ ਸ਼ਾਹਰੁਖ ਨੇ ਆਪਣਾ ਨਿਸ਼ਾਨਾ ਬਣਾ ਲਿਆ ਤੇ ਪੈਟਰੋਲ ਛਿੜਕ ਕੇ ਸੜਦੀ ਮਾਚਿਸ ਦੀ ਤੀਲੀ ਅੰਦਰ ਸੁੱਟ ਦਿੱਤੀ। ਜਿਸ ਨਾਲ ਅੰਕਿਤਾ ਬੁਰੀ ਤਰ੍ਹਾਂ  ਝੁਲਸ ਗਈ।

ਅੰਕਿਤਾ ਕੁਮਾਰੀ ਨੂੰ ਪਹਿਲਾਂ ਗੰਭੀਰ ਹਾਲਤ ‘ਚ ਦੁਮਕਾ ਦੇ ਫੁੱਲੋ ਝਨੋ ਮੈਡੀਕਲ ਕਾਲਜ ਅਤੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਬਾਅਦ ਵਿੱਚ ਉਸ ਨੂੰ ਬਿਹਤਰ ਇਲਾਜ ਲਈ ਰਾਂਚੀ ਦੇ ਰਾਜੇਂਦਰ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਵਿੱਚ ਰੈਫਰ ਕਰ ਦਿੱਤਾ ਗਿਆ,ਜਿੱਥੇ ਉਸ ਨੇ ਐਤਵਾਰ ਤੜਕੇ ਕਰੀਬ 2.30 ਵਜੇ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਦਿੱਤਾ। ਸੋਮਵਾਰ ਸਵੇਰੇ ਅੰਕਿਤਾ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ।ਇਸ ਦੌਰਾਨ ਭਾਰੀ ਪੁਲਿਸ ਸੁਰੱਖਿਆ ਦਾ ਇੰਤਜ਼ਾਮ ਸੀ।

ਇਥੇ ਇਹ ਵੀ ਦੱਸਣਯੋਗ ਹੈ ਕਿ ਮਰਨ ਤੋਂ ਪਹਿਲਾਂ ਅੰਕਿਤਾ ਨੇ ਆਪਣਾ ਬਿਆਨ ਦਰਜ ਕਰਵਾ ਦਿੱਤਾ ਸੀ ਤੇ ਮੁਲਜ਼ਮ ਸ਼ਾਹਰੁਖ ਲਈ ਵੀ ਉਸੇ ਤਰਾਂ ਦੀ ਮੌਤ ਦੀ ਮੰਗ ਕੀਤੀ ਸੀ,ਜਿਸ ਤਰਾਂ ਨਾਲ ਉਹ ਮਰ ਰਹੀ ਹੈ।

ਮੁੱਢਲੀ ਜਾਂਚ ਤੋਂ ਬਾਅਦ ਪੁਲਿਸ ਨੇ ਉਸ ਦੇ ਇੱਕ ਸਾਥੀ ਦੋਸਤ ਛੋਟੂ ਖਾਨ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ।ਘਟਨਾ ਦੇ ਸਾਹਮਣੇ ਆਉਣ ਤੋਂ ਤੁਰੰਤ ਬਾਅਦ ਲੋਕ ਦੁਮਕਾ ਦੀਆਂ ਗਲੀਆਂ ‘ਚ ਰੋਸ ਪ੍ਰਦਰਸ਼ਨ ਕਰਦੇ ਨਜ਼ਰ ਆਏ। ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਬਜਰੰਗ ਦਲ ਦੇ ਕਾਰਕੁਨਾਂ ਨੇ ਦੁਮਕਾ ਕਸਬੇ ਦੇ ਦੁਧਨੀ ਚੌਕ ‘ਤੇ ਪ੍ਰਦਰਸ਼ਨ ਕੀਤਾ ਅਤੇ ਉਪ ਮੰਡਲ ਪੁਲਿਸ ਅਧਿਕਾਰੀ ਵਿਜੇ ਕੁਮਾਰ ਨੂੰ ਮੰਗ ਪੱਤਰ ਸੌਂਪ ਕੇ ਪੀੜਤਾ ਨੂੰ ਇਨਸਾਫ਼ ਦਿਵਾਉਣ ਦੀ ਮੰਗ ਕੀਤੀ।ਇਸ ਮਾਮਲੇ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਝਾਰਖੰਡ ਦੇ ਸਿਹਤ ਮੰਤਰੀ ਬੰਨਾ ਗੁਪਤਾ ਨੇ ਕਿਹਾ ਕਿ ਤੇਜ਼ੀ ਨਾਲ ਮੁਕੱਦਮੇ ਨੂੰ ਯਕੀਨੀ ਬਣਾਉਣ ਵਾਲੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।

ਪੁਲਿਸ ਦੇ ਉੱਚ ਅਧਿਕਾਰੀਆਂ ਦਾ ਕਹਿਣਾ ਹੈ “ਦੋਸ਼ੀ ਸ਼ਾਹਰੁਖ ਹੁਸੈਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਅਸੀਂ ਫਾਸਟ ਟ੍ਰੈਕ ਕੋਰਟ ਵਿੱਚ ਫਾਸਟ ਟ੍ਰਾਇਲ ਲਈ ਅਰਜ਼ੀ ਦੇਵਾਂਗੇ। ਲੋਕ ਸਾਡੇ ਨਾਲ ਸਹਿਯੋਗ ਕਰ ਰਹੇ ਹਨ। ਅਸੀਂ ਲੋਕਾਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕਰਦੇ ਹਾਂ। ਪੁਲੀਸ ਇਸ ਮਾਮਲੇ ਵਿੱਚ ਕਿਸੇ ਨੂੰ ਵੀ ਨਹੀਂ ਬਖਸ਼ੇਗੀ ਅਤੇ ਮ੍ਰਿਤਕ ਦੇ ਵਾਰਸਾਂ ਨੂੰ ਇਨਸਾਫ਼ ਦਿਵਾਉਣ ਨੂੰ ਯਕੀਨੀ ਬਣਾਏਗੀ। ਇਸ ਮਾਮਲੇ ਵਿੱਚ ਪਹਿਲਾਂ ਆਈਪੀਸੀ ਦੀ ਧਾਰਾ 320, 307 ਅਤੇ 506 ਵਰਗੀ ਰਿਪੋਰਟ ਦਰਜ ਕੀਤੀ ਗਈ ਸੀ। ਹੁਣ ਅਸੀਂ ਅਦਾਲਤ ਵਿੱਚ ਇਸ ਵਿੱਚ ਕਤਲ ਦੀ ਧਾਰਾ 302 ਜੋੜਨ ਦੀ ਅਪੀਲ ਕਰ ਰਹੇ ਹਾਂ। ਸਥਿਤੀ ਕਾਬੂ ਹੇਠ ਹੈ ਅਤੇ ਧਾਰਾ 144 ਲਾਗੂ ਕਰ ਦਿੱਤੀ ਗਈ ਹੈ।”