International

ਅਮਰੀਕੀ ਯੂਨੀਵਰਸਿਟੀਆਂ ਵਿੱਚ ਵਿਦਿਆਰਥੀਆਂ ਦਾ ਅੰਦੋਲਨ

ਪੁਲਿਸ ਨੇ ਕੋਲੰਬੀਆ ਯੂਨੀਵਰਸਿਟੀ ਅਤੇ ਨਿਊਯਾਰਕ ਦੀ ਸਿਟੀ ਯੂਨੀਵਰਸਿਟੀ ਵਿਚ 300 ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫਤਾਰ ਕੀਤਾ ਹੈ। ਨਿਊਯਾਰਕ ਦੇ ਮੇਅਰ ਐਰਿਕ ਐਡਮਜ਼ ਨੇ ਕਿਹਾ ਹੈ ਕਿ ਕੋਲੰਬੀਆ ਯੂਨੀਵਰਸਿਟੀ ਦੇ ਕਹਿਣ ‘ਤੇ ਉਨ੍ਹਾਂ ਨੇ ਇਮਾਰਤ ਦੇ ਅੰਦਰ ਫਸੇ ਵਿਦਿਆਰਥੀਆਂ ਖਿਲਾਫ ਵੱਡੀ ਮੁਹਿੰਮ ਚਲਾਈ ਸੀ।

ਗਾਜ਼ਾ ਵਿੱਚ ਜੰਗ ਦੇ ਖਿਲਾਫ ਪ੍ਰਦਰਸ਼ਨ ਅਮਰੀਕੀ ਯੂਨੀਵਰਸਿਟੀ ਦੇ ਦਰਜਨਾਂ ਕੈਂਪਸਾਂ ਵਿੱਚ ਹੋ ਰਹੇ ਹਨ। ਇਸ ਦੌਰਾਨ ਯੂਨੀਵਰਸਿਟੀਆਂ ਦੇ ਕੈਂਪਸਾਂ ਵਿੱਚ ਹਿੰਸਕ ਘਟਨਾਵਾਂ ਵੀ ਦੇਖਣ ਨੂੰ ਮਿਲੀਆਂ ਹਨ। ਬੁੱਧਵਾਰ ਨੂੰ ਪੁਲਿਸ ਡੱਲਾਸ ਯੂਨੀਵਰਸਿਟੀ, ਕੋਲੰਬੀਆ ਯੂਨੀਵਰਸਿਟੀ ਅਤੇ ਕੈਲੀਫੋਰਨੀਆ ਯੂਨੀਵਰਸਿਟੀ ਦੇ ਕੈਂਪਸ ਵਿੱਚ ਦਾਖਲ ਹੋ ਗਏ।

ਨਿਊਯਾਰਕ ਸਿਟੀ ਦੇ ਮੇਅਰ ਐਰਿਕ ਐਡਮਜ਼ ਨੇ ਦਾਅਵਾ ਕੀਤਾ ਹੈ ਕਿ ਕੋਲੰਬੀਆ ਯੂਨੀਵਰਸਿਟੀ ਅਤੇ ਨਿਊਯਾਰਕ ਦੇ ਸਿਟੀ ਕਾਲਜ ਤੋਂ 300 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਅਮਰੀਕਾ ਦੇ ਲਾਸ ਏਂਜਲਸ ਸ਼ਹਿਰ ਵਿੱਚ ਇੱਕ ਯੂਨੀਵਰਸਿਟੀ ਕੈਂਪਸ ਵਿੱਚ ਫਲਸਤੀਨ ਪੱਖੀ ਪ੍ਰਦਰਸ਼ਨਕਾਰੀਆਂ ਅਤੇ ਇੱਕ ਵਿਰੋਧੀ ਸਮੂਹ ਦਰਮਿਆਨ ਝੜਪਾਂ ਦੀਆਂ ਖਬਰਾਂ ਵੀ ਆਈਆਂ ਹਨ।

ਕੋਲੰਬੀਆ ਯੂਨੀਵਰਸਿਟੀ ਦੇ ਕੈਂਪਸ ‘ਚ ਬੁੱਧਵਾਰ ਨੂੰ ਵੀ ਹਿੰਸਕ ਟਕਰਾਅ ਦੇਖਣ ਨੂੰ ਮਿਲਿਆ। ਪਿਛਲੇ ਦੋ ਹਫ਼ਤਿਆਂ ਵਿੱਚ, ਅਮਰੀਕਾ ਦੇ ਯੂਨੀਵਰਸਿਟੀ ਕੈਂਪਸ ਤੋਂ ਇੱਕ ਹਜ਼ਾਰ ਤੋਂ ਵੱਧ ਗ੍ਰਿਫਤਾਰੀਆਂ ਕੀਤੀਆਂ ਗਈਆਂ ਹਨ।

7 ਅਕਤੂਬਰ, 2023 ਨੂੰ ਹਮਾਸ ਦੇ ਇਜ਼ਰਾਈਲ ‘ਤੇ ਹਮਲਾ ਕਰਨ ਤੋਂ ਬਾਅਦ, ਇਜ਼ਰਾਈਲੀ ਫੌਜ ਨੇ ਗਾਜ਼ਾ ਅਤੇ ਵੈਸਟ ਬੈਂਕ ਵਿੱਚ ਫੌਜੀ ਕਾਰਵਾਈ ਸ਼ੁਰੂ ਕਰ ਦਿੱਤੀ। ਇਜ਼ਰਾਇਲੀ ਹਮਲਿਆਂ ‘ਚ ਗਾਜ਼ਾ ‘ਚ ਹੁਣ ਤੱਕ 34 ਹਜ਼ਾਰ ਤੋਂ ਜ਼ਿਆਦਾ ਲੋਕ ਮਾਰੇ ਜਾ ਚੁੱਕੇ ਹਨ। ਇਨ੍ਹਾਂ ਪ੍ਰਦਰਸ਼ਨਕਾਰੀਆਂ ਦੀ ਮੰਗ ਹੈ ਕਿ ਇਜ਼ਰਾਈਲ ਨੂੰ ਦਿੱਤੀ ਜਾਣ ਵਾਲੀ ਵਿੱਤੀ ਸਹਾਇਤਾ ਬੰਦ ਕੀਤੀ ਜਾਵੇ ਅਤੇ ਇਜ਼ਰਾਈਲੀ ਕੰਪਨੀਆਂ ਦਾ ਬਾਈਕਾਟ ਕੀਤਾ ਜਾਵੇ।