India

ਕਿਤੇ ਫੇਰ ਨਾ ਹੋ ਜਾਇਓ ਲਾਪਰਵਾਹ, ਕਿਉਂ ਕਿ ਖਤਰਾ ਘੱਟਿਆ ਹੈ, ਟਲਿਆ ਨਹੀਂ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਕੋਰੋਨਾ ਵਾਇਰਸ ਦੇ ਮਾਮਲਿਆਂ ਵਿੱਚ ਕਮੀ ਆਉਣ ਨਾਲ ਲੋਕਾਂ ਵਿੱਚੋਂ ਡਰ ਦੀ ਸਥਿਤੀ ਖਤਮ ਹੋ ਰਹੀ ਹੈ। ਅੰਕੜਿਆਂ ਅਨੁਸਾਰ ਲੰਘੇ ਕੱਲ੍ਹ ਕੋਰੋਨਾ ਦੇ 3 ਲੱਖ 26 ਹਜ਼ਾਰ 098 ਨਵੇਂ ਕੇਸ ਸਾਹਮਣੇ ਆਏ ਹਨ, ਜੋ ਕਿ ਮਈ ਮਹੀਨੇ ਦੇ ਸ਼ੁਰੂਆਤੀ ਦਿਨਾਂ ਨਾਲੋ ਕਾਫੀ ਘੱਟ ਹਨ। ਹਾਲਾਂਕਿ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਨਾਲ 3 ਹਜ਼ਾਰ 890 ਲੋਕਾਂ ਦੀ ਮੌਤ ਹੋਈ ਹੈ। ਜ਼ਿਕਰਯੋਗ ਹੈ ਕਿ 10 ਮਈ ਨੂੰ ਕੋਰੋਨਾ ਦੇ 3 ਲੱਖ 29 ਹਜ਼ਾਰ ਨਵੇਂ ਮਾਮਲੇ ਸਾਹਮਣੇ ਆਏ ਸਨ।

ਸਿਹਤ ਵਿਭਾਗ ਦੇ ਅਨੁਸਾਰ ਕੋਰੋਨਾ ਦੇ ਮਾਮਲਿਆਂ ਦੀ ਕੁਲ ਗਿਣਤੀ 2 ਕਰੋੜ 43 ਲੱਖ 72 ਹਜ਼ਾਰ 907 ਹੋ ਗਈ ਹੈ ਅਤੇ ਇਸ ਕਾਰਨ ਜਾਨ ਗੁਆਉਣ ਵਾਲੇ ਮਰੀਜ਼ਾਂ ਦੀ ਗਿਣਤੀ 2 ਲੱਖ 66 ਲੱਖ 207 ਤੱਕ ਪਹੁੰਚ ਗਈ ਹੈ। ਕੋਰੋਨਾ ਦੇ ਘਟ ਰਹੇ ਮਾਮਲਿਆਂ ਵਿਚਕਾਰ ਹਕੀਕਤ ਕੁੱਝ ਹੋ ਬਣੀ ਹੋਈ ਹੈ। ਅੰਕੜਿਆਂ ਦੇ ਮੁਕਾਬਲੇ ਹਸਪਤਾਲਾਂ ਅਤੇ ਘਰਾਂ ਵਿੱਚ ਲਾਗ ਨਾਲ ਪੀੜਿਤ ਲੋਕਾਂ ਦੀ ਸੰਖਿਆਂ ਜ਼ਿਆਦਾ ਹੈ। ਇਸ ਕਾਰਨ ਲੋਕਾਂ ਵਿੱਚ ਦੁਚਿੱਤੀ ਵਾਲੀ ਸਥਿਤੀ ਬਣੀ ਹੋਈ ਹੈ। ਸਰਕਾਰ ਵੱਲੋਂ ਲੋਕਾਂ ਨੂੰ ਇਸ ਲਾਗ ਤੋਂ ਬਚਣ ਲਈ ਸਾਰੀਆਂ ਸਾਵਧਾਨੀਆਂ ਵਰਤਣ ਦੀ ਅਪੀਲ ਕੀਤੀ ਗਈ ਹੈ।