Punjab

ਪੰਜਾਬ ਵਿੱਚ ਮੁੜ ਤੋਂ ਲੱਗ ਸਕਦਾ ਹੈ ਕਰਫਿਊ!

ਕੋਰੋਨਾ ਦੇ ਵਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਵਰਤੀ ਸਖ਼ਤੀ

ਦ ਖ਼ਾਲਸ ਬਿਊਰੋ(ਜਗਜੀਵਨ ਮੀਤ):-ਪੰਜਾਬ ਵਿੱਚ ਕੋਰੋਨਾ ਦੇ ਮੁੜ ਤੋਂ ਨਵੇਂ ਮਾਮਲੇ ਸਾਹਮਣੇ ਆਉਣ ਤੇ ਸੂਬਾ ਸਰਕਾਰ ਸਖਤੀ ਵਰਤਣ ਜਾ ਰਹੀ ਹੈ। ਖਾਸਕਰਕੇ ਭੀੜ ਭੜੱਕੇ ਵਾਲੀਆਂ ਥਾਵਾਂ ਤੇ ਸਰਕਾਰ ਦੀ ਨਜ਼ਰ ਹੈ। ਸੂਬਾ ਸਰਕਾਰ ਦੇ ਨਵੇਂ ਹੁਕਮਾਂ ਅਨੁਸਾਰ 1 ਮਾਰਚ ਤੋਂ ਪੰਜਾਬ ਅੰਦਰ ਕਿਸੇ ਵੀ ਥਾਂ ਅੰਦਰੂਨੀ ਇਕੱਠ ਵਿੱਚ 100 ਤੇ ਬਾਹਰੀ ਇਕੱਠ ਵਿੱਚ ਵੱਧ ਤੋਂ ਵੱਧ 200 ਵਿਅਕਤੀਆਂ ਦੇ ਹੀ ਸ਼ਾਮਿਲ ਹੋਣ ਦੀ ਪ੍ਰਵਾਨਗੀ ਹੋਵੇਗੀ। ਇਸ ਤੋਂ ਇਲਾਵਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਰੇ ਜਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਹੁਕਮ ਦਿੱਤੇ ਹਨ ਕਿ ਜੇਕਰ ਲੋੜ ਪਵੇ ਤਾਂ ਰਾਤ ਦਾ ਕਰਫਿਊ ਲਗਾਇਆ ਜਾਵੇ। ਸੂਬੇ ਦੇ ਸਿਹਤ ਮੰਤਰੀ ਨੇ ਕਿਹਾ ਇਹ ਫੈਸਲਾ ਪੰਜਾਬ ਵਿੱਚ ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦਿਆਂ ਲਿਆ ਗਿਆ ਹੈ। ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਮਾਸਕ ਦੀ ਵਰਤੋਂ ਤੇ ਹੋਰ ਸਾਵਧਾਨੀਆਂ ਵਰਤਣ ਲਈ ਵੀ ਸਖਤੀ ਨਾਲ ਇਹ ਪਾਬੰਦੀਆਂ ਲਾਉਣ ਲਈ ਕਿਹਾ ਗਿਆ ਹੈ। ਸਿਹਤ ਮੰਤਰੀ ਨੇ ਕਿਹਾ ਕਿ ਸਿਨੇਮਾ ਘਰਾਂ ਵਿੱਚ ਪਾਬੰਦੀਆਂ ਲਗਾਉਣ ਬਾਰੇ ਫੈਸਲਾ 1 ਮਾਰਚ ਤੋਂ ਬਾਅਦ ਲਿਆ ਜਾਵੇਗਾ। ਨਿੱਜੀ ਦਫਤਰਾਂ ਤੇ ਰੈਸਟੋਰੈਂਟਾਂ ਦੇ ਸਾਰੇ ਕਰਮਚਾਰੀਆਂ ਲਈ ਕੋਰੋਨਾ ਟੈਸਟ ਲਾਜ਼ਮੀ ਕੀਤਾ ਗਿਆ ਹੈ। ਰੈਸਟੋਰੈਂਟਾਂ ਤੇ ਹੋਟਲਾਂ ਉੱਤੇ ਖਾਸ ਨਜ਼ਰ ਰੱਖਣ ਲਈ ਕਰ ਤੇ ਆਬਕਾਰੀ ਵਿਭਾਗ ਨੂੰ ਨੋਡਲ ਬਣਾਇਆ ਗਿਆ ਹੈ।