India Punjab

ਖੇਤੀ ਕਾਨੂੰਨਾਂ ਖਿਲਾਫ਼ ਸੰਘਰਸ਼ ਸਾਡੀਆਂ ਫਸਲਾਂ ਦੀ ਨਹੀਂ, ਨਸਲਾਂ ਦੀ ਲੜਾਈ ਹੈ, ਬਠਿੰਡਾ ਦੀ ਕਿਸਾਨ ਰੈਲੀ ‘ਚ ਪਹੁੰਚ ਕੇ ਲੱਖਾ ਸਿਧਾਣਾ ਨੇ ਦਿੱਤੀ ਤਕਰੀਰ

‘ਦ ਖ਼ਾਲਸ ਬਿਊਰੋ :- ਅੱਜ ਬਠਿੰਡਾ ਦੇ ਇਤਿਹਾਸਕ ਪਿੰਡ ਮਹਿਰਾਜ ਵਿੱਚ ਕਿਸਾਨ ਰੈਲੀ ਕੀਤੀ ਗਈ ਸੀ ਅਤੇ ਇਸ ਰੈਲੀ ਵਿੱਚ ਲੱਖਾ ਸਿਧਾਣਾ ਵੀ ਪਹੁੰਚਿਆ ਸੀ, ਹਾਲਾਂਕਿ, ਦਿੱਲੀ ਪੁਲਿਸ ਨੇ ਲੱਖਾ ਸਿਧਾਣਾ ਉੱਤੇ 1 ਲੱਖ ਰੁਪਏ ਦਾ ਇਨਾਮ ਰੱਖਿਆ ਹੋਇਆ ਹੈ। ਇਸ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਲੋਕ ਵੀ ਪਹੁੰਚੇ ਸਨ। ਲੱਖਾ ਸਿਧਾਣਾ ਨਾਲ ਕਿਸਾਨ ਰੈਲੀ ਦੀ ਸਟੇਜ ਉੱਤੇ ਉਨ੍ਹਾਂ ਨਾਲ ਸਰਗਰਮ ਰਹਿਣ ਵਾਲੇ ਕਈ ਨੌਜਵਾਨ ਲੀਡਰਾਂ ਤੋਂ ਇਲਾਵਾ 26 ਜਨਵਰੀ ਦੀ ਘਟਨਾ ਦੌਰਾਨ ਮਾਰੇ ਗਏ ਨਵਰੀਤ ਸਿੰਘ ਦੇ ਦਾਦਾ ਹਰਦੀਪ ਸਿੰਘ ਡਿਬਡਿਬਾ ਅਤੇ ਦਲ ਖਾਲਸਾ ਦੇ ਲੀਡਰ ਕੰਵਰਪਾਲ ਸਿੰਘ ਬਿੱਟੂ ਵੀ ਮੌਜੂਦ ਸਨ।

ਲੱਖਾ ਸਿਧਾਣਾ ਨੇ ਸਟੇਜ ਤੋਂ ਸੰਬੋਧਨ ਕਰਦਿਆਂ ਕਿਹਾ ਕਿ ‘ਖੇਤੀ ਕਾਨੂੰਨਾਂ ਖਿਲਾਫ਼ ਸੰਘਰਸ਼ ਸਾਡੀਆਂ ਫਸਲਾਂ ਦੀ ਨਹੀਂ, ਨਸਲਾਂ ਦੀ ਲੜਾਈ ਹੈ। ਸਾਡੀ ਜਿੱਤ ਸਾਡੇ ਏਕੇ ਵਿੱਚ ਹੈ’। ਸਿਧਾਣਾ ਨੇ ਕਿਸਾਨ ਜਥੇਬੰਦੀਆਂ ਨੂੰ ਕਿਹਾ ਕਿ ‘ਉਹ ਜਿਹੜੇ ਵੀ ਐਕਸ਼ਨ ਦੇਣਗੀਆਂ, ਪੰਜਾਬ ਦੇ ਨੌਜਵਾਨ ਉਨ੍ਹਾਂ ਦੇ ਨਾਲ ਖੜ੍ਹਨਗੇ। ਉਨ੍ਹਾਂ ਆਪਣੇ ਸਮਰਥਕ ਨੌਜਵਾਨਾਂ ਨੂੰ ਦਿੱਲੀ ਧਰਨਿਆਂ ਵਿੱਚ ਮੁੜ ਸ਼ਾਮਲ ਹੋਣ ਲਈ ਅਪੀਲ ਕੀਤੀ। ਲੱਖਾ ਸਿਧਾਣਾ ਨੇ ਐਲਾਨ ਕਰਦਿਆਂ ਕਿਹਾ ਕਿ ਕਿਸਾਨੀ ਅੰਦੋਲਨ ਦੇ ਸਮਰਥਨ ਵਿੱਚ ਇੱਕ ਮਾਰਚ ਪਿੰਡ ਸਿਧਾਣਾ ਤੋਂ ਬਠਿੰਡਾ ਤੱਕ ਥੋੜ੍ਹੀ ਦੇਰ ਵਿੱਚ ਕੱਢਿਆ ਜਾਵੇਗਾ।

ਉਨ੍ਹਾਂ ਕਿਹਾ ਕਿ, “ਜੇ ਦਿੱਲੀ ਪੁਲਿਸ ਨੇ ਪੰਜਾਬ ਦੇ ਕਿਸੇ ਵੀ ਕਿਸਾਨ ਨੂੰ ਗ੍ਰਿਫ਼ਤਾਰ ਕੀਤਾ ਤਾਂ ਉਸ ਲਈ ਕੈਪਟਨ ਅਮਰਿੰਦਰ ਸਿੰਘ ਜ਼ਿੰਮੇਵਾਰ ਹੋਣਗੇ। ਲੱਖਾ ਸਿਧਾਣਾ ਨੇ ਕਿਹਾ ਕਿ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣਾ ਹੀ ਸਾਡਾ ਨਿਸ਼ਾਨਾ ਹੈ ਅਤੇ ਅਸੀਂ ਕਿਸਾਨ ਜਥੇਬੰਦੀਆਂ ਦੀ ਅਗਵਾਈ ਵਿੱਚ ਇਸ ਅੰਦੋਲਨ ਦਾ ਸਮਰਥਨ ਕਰਦੇ ਰਹਾਂਗੇ। “

ਸਿਧਾਣਾ ਨੇ ਪੁਲਿਸ ਵੱਲੋਂ ਨਿਰਦੋਸ਼ ਕਿਸਾਨਾਂ ਦੀਆਂ ਕੀਤੀਆਂ ਜਾ ਰਹੀਆਂ ਗ੍ਰਿਫਤਾਰੀਆਂ ‘ਤੇ ਬੋਲਦਿਆਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਕਿਸਾਨ ਅੰਦੋਲਨ ਨਾਲ ਜੁੜੀਆਂ ਸਾਰੀਆਂ ਹੀ ਗ੍ਰਿਫ਼ਤਾਰੀਆਂ ਦਾ ਵਿਰੋਧ ਕਰਨਾ ਚਾਹੀਦਾ ਹੈ।