Punjab

ਬਿੱਟੂ ਨੇ ਸਿੱਧੂ ਨੂੰ ਦੱਸਿਆ ‘ਐਕਸਪਾਇਰ’, ਵਲਟੋਹਾ ਨੇ ਵੀ ਕੀਤਾ ਬਦਨਾਮ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਵਿਰਸਾ ਸਿੰਘ ਵਲਟੋਹਾ ਨੇ ਨਵਜੋਤ ਸਿੰਘ ਸਿੱਧੂ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ‘ਸਿੱਧੂ ਜਿਸ ਤਰ੍ਹਾਂ ਦੀ ਸਿਆਸਤ ਕਰਦੇ ਹਨ, ਉਸਦਾ ਅੰਤ ਇਹੀ ਹੈ ਕਿ ਸਿੱਧੂ ਹੁਣ ਨਾ ਘਰ ਦੇ ਰਹੇ ਨਾ ਘਾਟ ਦੇ। ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਸਿੱਧੂ ਕਿਹੜੀ ਪਾਰਟੀ ਵਿੱਚ ਰਹਿਣਗੇ। ਸਿਆਸਤ ਕਰਨ ਦੀ ਵੀ ਇੱਕ ਮਰਿਯਾਦਾ ਹੁੰਦੀ ਹੈ। ਸਿਆਸਤ ਵਿੱਚ ਸਭ ਤੋਂ ਵੱਡੀ ਗੱਲ ਸੰਜੀਦਗੀ ਹੁੰਦੀ ਹੈ। ਸੰਜੀਦਗੀ ਵਿੱਚ ਪਾਰਟੀ ਪ੍ਰਤੀ ਅਤੇ ਪਾਰਟੀ ਦੇ ਲੀਡਰ ਪ੍ਰਤੀ ਵਫਾਦਾਰੀ ਹੁੰਦੀ ਹੈ। ਜਿੱਥੇ ਤੁਹਾਨੂੰ ਪਾਰਟੀ ਗਲਤ ਲੱਗਦੀ ਹੈ ਤਾਂ ਤੁਸੀਂ ਪਾਰਟੀ ਦੇ ਅੰਦਰ ਹੀ ਮਸਲੇ ਨੂੰ ਸੁਲਝਾਉ। ਨਵਜੋਤ ਸਿੱਧੂ ਨੇ ਇੱਕ ਵੀ ਕੰਮ ਪੰਜਾਬ ਦੇ ਲਈ ਨਹੀਂ ਕੀਤਾ’।

ਵਲਟੋਹਾ ਨੇ ਕਿਹਾ ਕਿ ‘ਪੰਜਾਬ ਵਾਸਤੇ ਬੇਅਦਬੀ ਮਾਮਲਾ ਬਹੁਤ ਵੱਡਾ ਮਸਲਾ ਹੈ, ਜਿਸਦਾ ਇਨਸਾਫ ਹੋਣਾ ਚਾਹੀਦਾ ਹੈ। ਪੰਜਾਬ ਦਾ ਸਿਰਫ ਇਹੀ ਇੱਕ ਮੁੱਦਾ ਨਹੀਂ ਹੈ, ਪੰਜਾਬ ਦੇ ਹੋਰ ਵੀ ਬਹੁਤ ਸਾਰੇ ਮਸਲੇ ਹਨ। ਲੋਕ ਪੰਜਾਬ ਸਰਕਾਰ ਕਾਰਗੁਜ਼ਾਰੀ ਤੋਂ ਦੁਖੀ ਹੈ। ਕੈਪਟਨ ਸਰਕਾਰ ਨੇ ਪੰਜਾਬ ਦੇ ਲੋਕਾਂ ਨਾਲ ਕਈ ਵਾਅਦੇ ਕੀਤੇ ਸੀ ਪਰ ਪੂਰਾ ਇੱਕ ਵੀ ਨਹੀਂ ਕੀਤਾ। ਚੋਣਾਂ ਜਿੱਤਣ ਲਈ ਕਾਂਗਰਸ ਵਰਕਰਾਂ ਨੇ ਬਹੁਤ ਮਿਹਨਤ ਕੀਤੀ ਸੀ, ਲੋਕਾਂ ਨੂੰ ਖੂਬ ਝੂਠ ਬੋਲੇ ਸਨ। ਇਹ ਤਾਂ ਬੇਅਦਬੀ ਮਾਮਲੇ ਦੀ ਗੱਲ ਤਾਂ ਕਰਦੇ ਹੀ ਨਹੀਂ ਹਨ’।

ਰਵਨੀਤ ਬਿੱਟੂ ਨੇ ਵੀ ਸਿੱਧੂ ਨੂੰ ਦੱਸਿਆ ਗਲਤ

ਕਾਂਗਰਸ ਵਿਧਾਇਕ ਰਵਨੀਤ ਬਿੱਟੂ ਨੇ ਨਵਜੋਤ ਸਿੰਘ ਸਿੱਧੂ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ‘ਸਿੱਧੂ ਦੀ ਐਕਸਪਾਇਰੀ ਡੇਟ ਆ ਚੁੱਕੀ ਹੈ। ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਜਲਦ ਪਾਰਟੀ ਬਦਲਣਗੇ। ਸਿੱਧੂ ਦਾ ਸਿਆਸੀ ਸਫਰ ਪਾਰਟੀਆਂ ਬਦਲਣ ਵਾਲਾ ਰਿਹਾ ਹੈ’।