India

ਸਾਰੀਆਂ ਹੱਦਾਂ ਬੰਨੇ ਟੱਪ ਗਿਆ ਕੋਰੋਨਾ, ਨਵੇਂ ਕੇਸਾਂ ਦੇ ਗਿਣਤੀ ਪੜ੍ਹ ਕੇ ਉੱਡ ਜਾਣਗੇ ਹੋਸ਼

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ) :-ਪੂਰੇ ਦੇਸ਼ ਵਿੱਚ ਕੋਰੋਨਾ ਦੇ ਮਾਮਲਿਆਂ ਦੀ ਗਿਣਤੀ ਹੁਣ ਤੱਕ ਦੇ ਰਿਕਾਰਡ ਅਨੁਸਾਰ ਸਾਰੀਆਂ ਹੱਦਾਂ-ਬੰਨਾਂ ਟੱਪ ਗਈ ਹੈ। ਦੇਸ਼ ਵਿੱਚ ਕੋਰੋਨਾਵਾਇਰਸ ਲਈ ਹੁਣ ਤੱਕ 26 ਕਰੋੜ 20 ਲੱਖ ਤੋਂ ਜ਼ਿਆਦਾ ਸੈਂਪਲ ਜਾਂਚ ਕੀਤੇ ਜਾ ਚੁੱਕੇ ਹਨ। ਬੀਤੇ ਦਿਨੀਂ 14 ਲੱਖ ਲੋਕਾਂ ਦੇ ਸੈਂਪਲਾਂ ਦੀ ਜਾਂਚ ਕੀਤੀ ਗਈ ਹੈ। ਪਾਜ਼ੇਟਿਵ ਰੇਟ ਹੁਣ 13 ਫੀਸਦ ਤੋਂ ਵੀ ਵਧ ਗਏ ਹਨ। ਹਾਲਾਤ ਇਹ ਹਨ ਕਿ ਕੋਰੋਨਾ ਦੀ ਰਫਤਾਰ ਬੇਕਾਬੂ ਹੋ ਗਈ ਹੈ। ਭਾਰਤ ਅਜਿਹਾ ਦੇਸ਼ ਹੈ ਜਿੱਥੇ ਕੋਰੋਨਾ ਦੇ ਇਨ੍ਹੀਂ ਦਿਨੀਂ ਸਭ ਤੋਂ ਵੱਧ ਮਾਮਲੇ ਦਰਜ ਕੀਤੇ ਜਾ ਰਹੇ ਹਨ। ਨਵੇਂ ਕੇਸਾਂ ਦੀ ਗਿਣਤੀ ਹੁਣ ਦੋ ਲੱਖ ਤੱਕ ਪਹੁੰਚ ਗਈ ਹੈ। ਸਿਹਤ ਮੰਤਰਾਲੇ ਦੀ ਤਾਜ਼ਾ ਰਿਪੋਰਟ ਦੀ ਮੰਨੀਏ ਤਾਂ ਪਿਛਲੇ 24 ਘੰਟਿਆਂ ਵਿੱਚ 2 ਲੱਖ 739 ਨਵੇਂ ਕੋਰੋਨਾ ਕੇਸ ਦਰਜ ਕੀਤੇ ਗਏ ਹਨ। 1038 ਵਿਅਕਤੀਆਂ ਦੀ ਮੌਤ ਵੀ ਹੋਈ ਹੈ। ਹਾਲਾਂਕਿ 93 ਹਜ਼ਾਰ 528 ਲੋਕ ਸਿਹਤਯਾਬ ਵੀ ਹੋਏ ਹਨ।

1 ਲੱਖ 73 ਹਜ਼ਾਰ 123 ਲੋਕ ਹਾਰ ਗਏ ਕੋਰੋਨਾ ਦੀ ਜੰਗ

ਪੂਰੇ ਦੇਸ਼ ਵਿੱਚ ਕੋਰੋਨਾ ਦੀ ਸਥਿਤੀ ਦੇਖੀਏ ਤਾਂ ਹੁਣ ਤੱਕ ਇੱਕ ਕਰੋੜ 40 ਲੱਖ 74 ਹਜ਼ਾਰ 564 ਮਾਮਲੇ ਸਾਹਮਣੇ ਆਏ ਹਨ। ਇੱਕ ਕਰੋੜ 24 ਲੱਖ 29 ਹਜ਼ਾਰ 564 ਲੋਕਾਂ ਨੂੰ ਠੀਕ ਹੋਣ ਮਗਰੋਂ ਘਰ ਭੇਜ ਦਿੱਤਾ ਹੈ ਤੇ 1 ਲੱਖ 73 ਹਜ਼ਾਰ 123 ਲੋਕ ਕੋਰੋਨਾ ਦੀ ਜੰਗ ਹਾਰ ਗਏ ਹਨ।

ਜ਼ਿਕਰਯੋਗ ਹੈ ਕਿ ਕੋਰੋਨਾ ਟੀਕਾ ਮੁਹਿੰਮ ਵੀ ਤੇਜ਼ੀ ਨਾਲ ਚੱਲ ਰਹੀ ਹੈ। 16 ਜਨਵਰੀ ਨੂੰ ਸ਼ੁਰੂ ਹੋਈ ਇਸ ਮੁਹਿੰਮ ਤਹਿਤ 14 ਅਪ੍ਰੈਲ ਤੱਕ ਦੇਸ਼ ਭਰ ਵਿੱਚ 11 ਕਰੋੜ 44 ਲੱਖ 93 ਹਜ਼ਾਰ 238 ਕੋਰੋਨਾ ਖੁਰਾਕ ਦਿੱਤੀ ਜਾ ਚੁੱਕੀ ਹੈ। ਪਿਛਲੇ ਦਿਨੀਂ 33 ਲੱਖ 13 ਹਜ਼ਾਰ 848 ਟੀਕੇ ਲਾਏ ਜਾ ਚੁੱਕੇ ਹਨ ਟੀਕੇ ਦੀ ਦੂਜੀ ਖੁਰਾਕ ਦੇਣ ਦੀ ਮੁਹਿੰਮ 13 ਫਰਵਰੀ ਨੂੰ ਸ਼ੁਰੂ ਹੋਈ ਸੀ ਤੇ 1 ਅਪ੍ਰੈਲ ਤੋਂ 45 ਸਾਲ ਤੋਂ ਵੱਧ ਉਮਰ ਦੇ ਸਾਰੇ ਲੋਕਾਂ ਨੂੰ ਟੀਕਾ ਲਗਾਇਆ ਜਾ ਰਿਹਾ ਹੈ।

ਕੁੱਲ ਗਿਣਤੀ ਦੇ ਮਾਮਲੇ ਵਿੱਚ ਭਾਰਤ ਦੂਜੇ ਨੰਬਰ ‘ਤੇ

ਦੱਸ ਦਈਏ ਕਿ ਦੇਸ਼ ਵਿੱਚ ਕੋਰੋਨਾ ਦੀ ਮੌਤ ਰੇਟ 1.24 ਫੀਸਦ ਹੈ ਜਦੋਂ ਕਿ ਰਿਕਵਰੀ ਦਰ 89 ਪ੍ਰਤੀਸ਼ਤ ਦੇ ਨੇੜੇ ਹੈ। ਦੇਸ਼ ‘ਚ ਐਕਟਿਵ ਕੇਸ 10 ਲੱਖ ਤੋਂ ਪਾਰ ਹੋ ਗਏ ਹਨ। ਕੋਰੋਨਾ ਐਕਟਿਵ ਕੇਸ ਵਿੱਚ ਭਾਰਤ ਦੁਨੀਆ ਵਿੱਚ ਤੀਜੇ ਨੰਬਰ ‘ਤੇ ਹੈ। ਇਸ ਲਾਗ ਦੀ ਕੁਲ ਗਿਣਤੀ ਦੇ ਮਾਮਲੇ ਵਿਚ ਭਾਰਤ ਦੂਜੇ ਨੰਬਰ ‘ਤੇ ਹੈ।