India

ਗੁਜਰਾਤ ਜਿੱਤ ਕੇ ਬੀਜੇਪੀ ਨੇ 37 ਸਾਲ ਪੁਰਾਣਾ ਰਿਕਾਰਡ ਤੋੜਿਆ ! ਜਨਤਾ ਦੇ ਕਾਂਗਰਸ ਨੂੰ 2 ਸੁਨੇਹੇ

Gujrat election 2022 result

ਬਿਊਰੋ ਰਿਪੋਰਟ : ਗੁਜਰਾਤ ਹਮੇਸ਼ਾ ਤੋਂ ਬੀਜੇਪੀ ਲਈ ਨੱਕ ਦਾ ਸਵਾਲ ਰਿਹਾ ਹੈ ਖ਼ਾਸ ਕਰਕੇ 2014 ਵਿੱਚ ਜਦੋਂ ਨਰੇਂਦਰ ਮੋਦੀ ਗੁਜਰਾਤ ਦੇ CM ਤੋਂ ਦੇਸ਼ ਦੇ PM ਬਣੇ । 2017 ਵਿੱਚ ਪਹਿਲੀ ਵਾਰ ਬੀਜੇਪੀ ਨੂੰ ਕਾਂਗਰਸ ਤੋਂ ਕਰੜੀ ਟਕਰ ਮਿਲੀ ਸੀ । ਪਰ 5 ਸਾਲ ਬਾਅਦ ਬੀਜੇਪੀ ਨੇ ਸਾਰਾ ਹਿਸਾਬ ਕਿਤਾਬ ਬਰਾਬਰ ਕਰ ਦਿੱਤਾ ਹੈ। ਬੀਜੇਪੀ ਨੇ ਰਿਕਾਰਡ 156 ਸੀਟਾਂ ਜਿੱਤ ਕੇ ਕਾਂਗਰਸ ਦਾ 37 ਸਾਲ ਪੁਰਾਣਾ ਰਿਕਾਰਡ ਤੋੜ ਦਿੱਤਾ ਹੈ। 1985 ਵਿੱਚ ਕਾਂਗਰਸ ਨੇ ਮਾਧਵ ਸਿੰਘ ਸੋਲੰਕੀ ਦੀ ਅਗਵਾਈ ਵਿੱਚ 149 ਸੀਟਾਂ ਹਾਸਲ ਕੀਤੀਆਂ ਸਨ । ਇਸ ਵਾਰ ਬੀਜੇਪੀ ਲਗਾਤਾਰ ਇਸ ਰਿਕਾਰਡ ਨੂੰ ਤੋੜਨ ਦੀ ਗੱਲ ਕਹਿ ਰਹੀ ਸੀ । ਵੱਡੀ ਜਿੱਤ ਤੋਂ ਬਾਅਦ ਹੁਣ 12 ਦਸੰਬਰ ਨੂੰ ਭੁਪੇਂਦਰ ਪਟੇਲ ਦੂਜੀ ਵਾਰ ਗੁਜਰਾਤ ਦੇ ਮੁੱਖ ਮੰਤਰੀ ਦੀ ਸਹੁੰ ਚੁੱਕਣਗੇ,ਰਾਜਧਾਨੀ ਗਾਂਧੀਨਗਰ ਵਿੱਚ ਵੱਡਾ ਸਮਾਗਮ ਹੋਵੇਗਾ ਜਿਸ ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੀ ਸ਼ਾਮਲ ਹੋਣਗੇ। ਉਧਰ ਗੱਲ ਕਰੀਏ ਕਾਂਗਰਸ ਦੀ ਤਾਂ ਉਹ ਗੁਜਰਾਤ ਚੋਣਾਂ ਵਿੱਚ ਦੂਰ-ਦੂਰ ਤੱਕ ਨਜ਼ਰ ਨਹੀਂ ਆਈ । ਕਾਂਗਰਸ ਦੇ ਸੀਨੀਅਰ ਆਗੂ ਸਾਇਲੈਂਟ ਕੈਪੇਨਿੰਗ ਦਾ ਦਾਅਵਾ ਕਰ ਰਹੇ ਸਨ। ਪਰ ਜਨਤਾ ਨੇ ਉਨ੍ਹਾਂ ਨੂੰ ਸਾਇਲੈਂਟ ਕਰ ਦਿੱਤਾ ਹੈ। ਰਾਹੁਲ ਗਾਂਧੀ ਨੇ ਸਿਰਫ਼ 2 ਰੈਲੀਆਂ ਹੀ ਗੁਜਰਾਤ ਵਿੱਚ ਕੀਤੀਆਂ,ਪਾਰਟੀ ਦਾ ਕੋਈ ਵੀ ਵੱਡਾ ਆਗੂ ਚੋਣ ਮੈਦਾਨ ਵਿੱਚ ਨਜ਼ਰ ਨਹੀਂ ਆਈਆ। ਜਿਸ ਦੀ ਵਜ੍ਹਾ ਕਰਕੇ ਗੁਜਰਾਤ ਦੇ ਸਿਆਸੀ ਇਤਿਹਾਸ ਵਿੱਚ ਪਾਰਟੀ ਨੂੰ ਹੁਣ ਤੱਕ ਦੀ ਸਭ ਤੋਂ ਸ਼ਰਮਨਾਕ ਹਾਰ ਨਸੀਬ ਹੋਈ ਹੈ। ਪਿਛਲੀ ਵਾਰ 77 ਸੀਟਾਂ ਹਾਸਲ ਕਰਨ ਵਾਲੀ ਕਾਂਗਰਸ 60 ਸੀਟਾਂ ਦੇ ਨੁਕਸਾਨ ਨਾਲ ਸਿਰਫ਼ 17 ਸੀਟਾਂ ‘ਤੇ ਸਿਮਟ ਕੇ ਰਹਿ ਗਈ ਹੈ। ਗੁਜਰਾਤ ਵਿੱਚ ਕਾਂਗਰਸ ਨੂੰ ਤੀਜੇ ਨੰਬਰ ਅਤੇ ਆਪਣੇ ਆਪਣੇ ਆਪ ਨੂੰ ਪਹਿਲੇ ਨੰਬਰ ‘ਤੇ ਦੱਸਣ ਵਾਲੀ ਆਮ ਆਦਮੀ ਪਾਰਟੀ ਦੇ ਲਈ ਗੁਜਰਾਤ ਚੋਣਾਂ ਦੇ ਨਤੀਜੇ ਖੁਸ਼ੀ ਦੇ ਨਾਲ ਬੁਰੀ ਖ਼ਬਰ ਵੀ ਲੈਕੇ ਆਏ ਹਨ ।

ਗੁਜਰਾਤ ਨਤੀਜੇ ‘AAP’ ਲਈ ਕੀ ਮਾਇਨੇ ?

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਗੁਜਰਾਤ ਵਿੱਚ ਡੇਰਾ ਪਾਉਣ ਵਾਲੇ ਆਪ ਸੁਪਰੀਮੋ ਲਈ ਚੰਗੀ ਖ਼ਬਰ ਇਹ ਹੈ ਕਿ ਪਾਰਟੀ ਨੇ ਪਹਿਲੀ ਵਾਰ ਚੋਣ ਲੜ ਕੇ 5 ਸੀਟਾਂ ਜਿੱਤੀਆਂ ਹਨ ਅਤੇ ਤਕਰੀਬਨ 13 ਫੀਸਦੀ ਦੇ ਕਰੀਬ ਵੋਟ ਸ਼ੇਅਰ ਵੀ ਹਾਸਲ ਕੀਤਾ ਹੈ। ਇਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦਰ ਕੇਜਰੀਵਾਲ ਨੇ ਦਾਅਵਾ ਕੀਤਾ ਹੈ ਕਿ ਹੁਣ ਪਾਰਟੀ ਨੂੰ ਕੌਮੀ ਪਾਰਟੀ ਦਾ ਦਰਜਾ ਮਿਲ ਗਿਆ ਹੈ। ਪਾਰਟੀ ਲਈ ਬੁਰੀ ਖ਼ਬਰ ਇਹ ਹੈ ਕਿ ਉਸ ਦੇ ਸੂਬੇ ਵਿੱਚ ਤਿੰਨੋ ਵੱਡੇ ਆਗੂ ਹਾਰ ਗਏ ਹਨ ।ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਇਸੁਦਾਨ ਗਡਵੀ,ਸੂਬਾ ਪ੍ਰਧਾਨ ਗੋਪਾਲ ਇਟਾਲਿਆ ਅਤੇ ਪਾਟੀਦਾਰ ਆਗੂ ਅਲਪੇਸ਼ ਕਥੀਨਿਰਾ ਦੀ ਹਾਰ ਹੋਈ ਹੈ।

ਕਾਂਗਰਸ ਲਈ ਗੁਰਜਾਤ ਦਾ ਸਨੇਹਾ

ਗੁਜਰਾਤ ਵਿੱਚ ਮਿਲੀ ਹਾਰ ਤੋਂ ਬਾਅਦ ਕਾਂਗਰਸ ਨੂੰ 2 ਸਿਆਸੀ ਸੁਨੇਹੇ ਮਿਲੇ ਹਨ। ਪਹਿਲਾਂ ਤਾਂ ਸਿਰਫ਼ ਕੌਮੀ ਪ੍ਰਧਾਨ ਬਦਲਣ ਨਾਲ ਕੁਝ ਨਹੀਂ ਹੋਵੇਗਾ, ਪਾਰਟੀ ਨੂੰ ਬੂਥ ਲੈਵਲ ‘ਤੇ ਜਾਣਾ ਹੋਵੇਗਾ ਅਤੇ ਜਨਤਾ ਵਿੱਚ ਰਹਿਕੇ ਮੁੱਦੇ ਚੁੱਕਣਗੇ ਹੋਣਗੇ । ਦੂਜਾ ਸਵਾਲ ਰਾਹੁਲ ਦੀ ਭਾਰਤ ਜੋੜੋ ਯਾਤਰਾ ਨੂੰ ਲੈਕੇ ਵੀ ਉੱਠ ਰਿਹਾ ਹੈ ਆਖਿਰ ਪਾਰਟੀ ਨੇ ਭਾਰਤ ਜੋੜੋ ਯਾਤਰਾ ਨੂੰ ਗੁਜਰਾਤ ਤੋਂ ਕਿਉਂ ਨਹੀਂ ਲੈਕੇ ਗਈ। ਕੀ ਪਾਰਟੀ ਨੂੰ ਨਹੀਂ ਪਤਾ ਸੀ ਕਿ ਗੁਜਰਾਤ ਵਿੱਚ ਚੋਣਾਂ ਹੋਣੀਆਂ ਹਨ। ਪਾਰਟੀ ਦੇ ਦਿੱਗਜ ਆਗੂ ਰਾਹੁਲ ਦੀ ਯਾਤਰਾ ਵਿੱਚ ਲੱਗੇ ਰਹੇ ਕਿਸੇ ਨੇ ਵੀ ਗੁਜਰਾਤ ਚੋਣਾਂ ਵੱਲ ਧਿਆਨ ਨਹੀਂ ਦਿੱਤਾ । ਇਸ ਦਾ ਸਾਫ ਮਤਲਬ ਹੈ ਕਿ ਪ੍ਰਧਾਨ ਭਾਵੇ ਖੜਗੇ ਬਣੇ ਹਨ ਪਰ ਹੁਣ ਵੀ ਰਾਹੁਲ ਗਾਂਧੀ ਹੀ ਸੁਪਰੀਮ ਹਨ ।

ਗੁਜਰਾਜ ਦੇ ਨਤੀਜਿਆਂ ਵਿੱਚ ਬੀਜੇਪੀ ਲਈ ਵੱਡੀ ਰਾਹਤ ਦੀ ਗੱਲ ਇਹ ਵੀ ਹੈ ਕਿ ਉਸ ਦੇ ਸਾਰੇ ਮੰਤਰੀ ਜਿੱਤ ਗਏ ਹਨ । ਮੁੱਖ ਮੰਤਰੀ ਭੁਪੇਂਦਰ ਪਟੇਲ ਨੇ ਕਿਹਾ ਕਿ ਜਨਤਾ ਨੇ ਪਹਿਲਾਂ ਤੋਂ ਜਿੱਤ ਦਾ ਮਨ ਬਣਾ ਲਿਆ ਸੀ । ਉਧਰ ਜਾਮ ਨਗਰ ਨਾਰਥ ਤੋਂ ਕ੍ਰਿਕਟਰ ਰਵਿੰਦਰ ਜਡੇਜਾ ਦੀ ਪਤਨੀ ਰੀਵਾਬਾ ਨੇ ਬੀਜੇਪੀ ਦੀ ਟਿਕਟ ਤੋਂ ਜਿੱਤ ਹਾਸਲ ਕਰ ਲਈ ਹੈ।