Punjab

ਧਾਮੀ ਨੇ ਕੇਂਦਰ ਸਰਕਾਰ ‘ਤੇ ਸਿੱਧਾ ਨਿਸ਼ਾਨਾ,ਕਿਹਾ ਵੋਟਾਂ ਲੈਣ ਲਈ ਘੱਟ ਗਿਣਤੀਆਂ ਨੂੰ ਦਬਾ ਰਹੀ ਹੈ ਸਰਕਾਰ

ਅੰਮ੍ਰਿਤਸਰ :  ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ ‘ਚ ਗੁਰਦੁਆਰਾ ਪ੍ਰਬੰਧ ਅੰਦਰ ਸਰਕਾਰੀ ਦਖ਼ਲ ਸਬੰਧੀ ਦੀ ਵਿਸ਼ੇਸ਼ ਇਕੱਤਰਤਾ ਹੋਈ । ਜਿਸ ਤੋਂ ਬਾਅਦ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਕਿਉਂਕਿ  ਹਰਿਆਣਾ ਐਡਹਾਕ ਕਮੇਟੀ ਦਾ ਗਠਨ ਹੀ ਗਲਤ ਤਰੀਕੇ ਨਾਲ ਹੋਇਆ ਹੈ ਤੇ ਇਸ ਨੂੰ ਸਰਕਾਰ ਦੀ ਸ਼ਹਿ ਪ੍ਰਾਪਤ ਹੈ ਤੇ ਇਸ ਲਈ ਇਸ ਦੇ ਖਿਲਾਫ਼ ਸ਼੍ਰੋਮਣੀ ਅਕਾਲੀ ਦਲ ਨੇ ਕਾਰਵਾਈ ਕਰਦਿਆਂ 6 ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ।

ਇਸ ਕਮੇਟੀ ਵਿੱਚ  ਸੀਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ,ਜੂਨੀਅਰ ਮੀਤ ਪ੍ਰਧਾਨ ਅਵਤਾਰ ਸਿੰਘ ਰਈਆ ਤੇ ਜਰਨਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੂੰ ਬਣਾਇਆ ਗਿਆ ਹੈ । ਇਸ ਤੋਂ ਇਲਾਵਾ ਇਸ ਵਿੱਚ ਬਲਵਿੰਦਰ ਸਿੰਘ ਭੂੰਦੜ,ਪ੍ਰੇਮ ਸਿੰਘ ਚੰਦੂਮਾਜਰਾ,ਡਾ.ਦਲਜੀਤ ਸਿੰਘ ਚੀਮਾ ਵੀ ਸ਼ਾਮਲ ਹੋਣਗੇ।ਇਹ ਸਾਰੇ ਮੈਂਬਰ ਐਡਹਾਕ ਕਮੇਟੀ ਖਿਲਾਫ਼ ਪ੍ਰਚਾਰ ਕਰਨਗੇ ਤੇ ਇਸ ਮਕਸਦ ਲਈ ਕਮੇਟੀ ਜਿਥੇ ਪੂਰੇ ਦੇਸ਼ ਦਾ ਦੌਰਾ ਕਰੇਗੀ,ਉਥੇ ਲੋਕਸਭਾ ਤੇ ਰਾਜਸਭਾ ਦੇ ਮੈਂਬਰਾਂ ਨਾਲ ਮੁਲਾਕਾਤ ਵੀ ਕਰੇਗੀ। ਇਸ ਤੋਂ ਇਲਾਵਾ ਸੰਸਦ ਮੈਂਬਰਾਂ ਨੂੰ ਮੰਗ ਪੱਤਰ ਵੀ ਭੇਜੇ ਜਾਣਗੇ।

ਜੁੱਤੀਆਂ ਪਾ ਕੇ ਗੁਰਦੁਆਰਾ ਸਾਹਿਬ ਦੀ ਇਮਾਰਤ ਅੰਦਰ ਦਾਖਲ ਹੋਏ ਪੁਲਿਸ ਕਰਮੀਆਂ ਦੀ ਵਾਇਰਲ ਹੋਈ ਵੀਡੀਓ  ਤੇ ਹਰਿਆਣੇ ਦੇ ਗੁਰੂਘਰਾਂ ਦੇ ਦਰਵਾਜਿਆਂ ਨੂੰ ਲਗੇ ਜਿੰਦਰੇ ਤੋੜਨ ਦੀ ਘਟਨਾ ਦੀ ਵੀ ਮੀਟਿੰਗ ਵਿੱਚ ਨਿੰਦਾ ਕੀਤੀ ਗਈ ਹੈ।

ਧਾਮੀ ਨੇ ਕੇਂਦਰ ਸਰਕਾਰ ‘ਤੇ ਸਿੱਧਾ ਨਿਸ਼ਾਨਾ ਲਾਇਆ ਹੈ ਤੇ ਕਿਹਾ ਹੈ ਕਿ ਵੋਟਾਂ ਲੈਣ ਲਈ ਘੱਟ ਗਿਣਤੀਆਂ ਨੂੰ ਦਬਾਉਣ ਲਈ ਤੰਗ ਕਰਨ ਤੇ ਹਿੰਦੂ ਰਾਸ਼ਟਰ ਬਣਾਉਣ ਲਈ ਚਲੀਆਂ ਜਾ ਰਹੀਆਂ ਕੋਝੀਆਂ ਚਾਲਾਂ ਬਾਰੇ ਵੀ ਇੱਕਤਰਤਾ ਵਿੱਚ ਚਰਚਾ ਹੋਈ ਹੈ । ਧਾਮੀ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਘੱਟ ਗਿਣਤੀ ਨਾਲ ਜੁੜੀਆਂ ਹੋਈਆਂ ਤੇ ਚੁਣੀਆਂ ਹੋਈਆਂ ਧਾਰਮਿਕ ਸੰਸਥਾਵਾਂ ਨੂੰ ਸਿੱਧੀ ਚੁਣੌਤੀ ਦਿੱਤੀ ਜਾ ਰਹੀ ਹੈ । ਪਹਿਲਾਂ ਕਾਂਗਰਸ ਨੇ ਅਜਿਹਾ ਕੀਤਾ ਤੇ ਹੁਣ ਮੌਜੂਦਾ ਸਰਕਾਰ ਇਹ ਕੰਮ ਕਰ ਰਹੀ ਹੈ । ਇਸ ਲਈ ਹੁਣ ਸਾਰੀ ਦੁਨੀਆ ਵਿੱਚ ਵਸਦੇ ਸਿੱਖਾਂ ਨੂੰ ਇਕੱਠੇ ਹੋਣਾ ਪਵੇਗਾ ਤਾਂ ਜੋ ਕੌਮ ਨੂੰ ਇੱਕ ਕੀਤਾ ਜਾ ਸਕੇ।

ਧਾਮੀ ਨੇ ਇਹ ਵੀ ਕਿਹਾ ਹੈ ਕਿ ਕਮੇਟੀ ਦੇ 29 ਤਰੀਕ ਨੂੰ ਪੇਸ਼ ਹੋਣ ਵਾਲੇ ਬਜਟ ਵਿੱਚ ਹਰਿਆਣੇ ਲਈ ਹਿੱਸਾ ਨਹੀਂ ਰੱਖਿਆ ਜਾਵੇਗਾ ਪਰ ਇਸ ਦੀ ਫੁਟਕਲ ਨੋਟ ਰਾਹੀਂ ਵਿਵਸਥਾ ਕੀਤੀ ਜਾਵੇਗੀ।