India

ਕਾਰਗਿਲ ‘ਚ ਭੂਚਾਲ ਕਾਰਨ ਹਿੱਲੀ ਧਰਤੀ, ਰਿਕਟਰ ਪੈਮਾਨੇ ‘ਤੇ ਇੰਨੀ ਸੀ ਤੀਬਰਤਾ

ਅੱਜ ਜੰਮੂ ਕਸ਼ਮੀਰ ਦੀ ਧਰਤੀ ਭੂਚਾਲ ਕਾਰਨ ਕੰਬ ਗਈ ਹੈ। ਲੱਦਾਖ ਦੇ ਕਾਰਗਿਲ ‘ਚ ਸ਼ੁੱਕਰਵਾਰ ਸਵੇਰੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ , ਜਿਸ ਕਾਰਨ ਲੋਕਾਂ ‘ਚ ਹਫ਼ੜਾ-ਤਫ਼ੜੀ ਮਚ ਗਈ ਹੈ। ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 4.3 ਮਾਪੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਅੱਜ ਸਵੇਰੇ ਕਰੀਬ 7.15 ਵਜੇ ਭੂਚਾਲ ਆਇਆ।

ਜਿਵੇਂ ਹੀ ਲੋਕਾਂ ਨੇ ਘਰ ਦੇ ਦਰਵਾਜ਼ੇ ਅਤੇ ਪੱਖੇ ਹਿਲਦੇ ਦੇਖੇ ਤਾਂ ਲੋਕ ਘਰਾਂ ਤੋਂ ਬਾਹਰ ਭੱਜ ਗਏ। ਜ਼ੋਰਦਾਰ ਗਰਜ ਵੀ ਸੁਣਾਈ ਦਿੱਤੀ। ਕਾਰਗਿਲ ਵਿੱਚ ਮੌਸਮ ਅਚਾਨਕ ਖ਼ਰਾਬ ਹੋ ਗਿਆ। ਹਾਲਾਂਕਿ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ ਪਰ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ। ਰਾਸ਼ਟਰੀ ਭੂਚਾਲ ਕੇਂਦਰ ਨੇ ਭੂਚਾਲ ਦੀ ਪੁਸ਼ਟੀ ਕੀਤੀ ਅਤੇ ਇਸਦੀ ਤੀਬਰਤਾ ਦਾ ਅੰਦਾਜ਼ਾ ਲਗਾਇਆ।

ਮੀਡੀਆ ਰਿਪੋਰਟਾਂ ਮੁਤਾਬਕ ਪਿਛਲੇ 2 ਮਹੀਨਿਆਂ ‘ਚ ਜੰਮੂ-ਕਸ਼ਮੀਰ ‘ਚ 4 ਵਾਰ ਭੂਚਾਲ ਆ ਚੁੱਕਾ ਹੈ। ਪਿਛਲੀ 1 ਮਈ ਨੂੰ ਕਿਸ਼ਤਵਾੜ ਵਿੱਚ ਭੂਚਾਲ ਆਇਆ ਸੀ। ਅੱਧੀ ਰਾਤ ਨੂੰ ਕਰੀਬ ਡੇਢ ਵਜੇ ਆਏ ਭੂਚਾਲ ਕਾਰਨ ਲੋਕ ਹਿੱਲ ਗਏ ਸੀ। ਇਸ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 3.4 ਮਾਪੀ ਗਈ ਸੀ ਪਰ ਇਸ ਭੂਚਾਲ ਕਾਰਨ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ ਸੀ।

ਇਸ ਤੋਂ ਪਹਿਲਾਂ 19 ਅਪ੍ਰੈਲ ਨੂੰ ਕਾਰਗਿਲ ਅਤੇ ਲੱਦਾਖ ਖੇਤਰ ‘ਚ ਭੂਚਾਲ ਆਇਆ ਸੀ, ਜਿਸ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 3 ਸੀ। ਕਿਸ਼ਤਵਾੜ ‘ਚ 18 ਅਪ੍ਰੈਲ ਨੂੰ ਵੀ ਭੂਚਾਲ ਆਇਆ ਸੀ। ਰਿਕਟਰ ਪੈਮਾਨੇ ‘ਤੇ ਇਸ ਦੀ ਤੀਬਰਤਾ 4 ਸੀ। ਕਾਰਗਿਲ ਸੈਕਟਰ ‘ਚ ਅੱਜ ਸਵੇਰੇ ਆਏ ਭੂਚਾਲ ਨੇ ਇਕ ਵਾਰ ਫਿਰ ਭੂ-ਵਿਗਿਆਨੀਆਂ ਦੀ ਚਿੰਤਾ ਵਧਾ ਦਿੱਤੀ ਹੈ, ਕਿਉਂਕਿ ਕਾਰਗਿਲ ਦੇਸ਼ ਦੇ ਸੰਵੇਦਨਸ਼ੀਲ ਖੇਤਰਾਂ ‘ਚੋਂ ਇਕ ਹੈ।

ਇਹ ਵੀ ਪੜ੍ਹੋ – ਕਾਰ ਰੇਲਿੰਗ ਨਾਲ ਟਕਰਾਉਣ ਕਾਰਨ ਪਤੀ-ਪਤਨੀ ਅਤੇ ਸਾਲੀ ਦੀ ਮੌਤ