International

ਲਾਹੌਰ ਵਿਚ ਗੁਰਦੁਆਰੇ ਨੂੰ ਮਸਜਿਦ ਬਣਾਉਣ ਦੇ ਪ੍ਰਸਤਾਵ ਦੀ ਜਾਣੋ ਪੂਰੀ ਕਹਾਣੀ

‘ਦ ਖ਼ਾਲਸ ਬਿਊਰੋ:- ਪਾਕਿਸਤਾਨ ਦੇ ਲਾਹੌਰ ਦੇ ਨੌਲੱਖਾ ਬਾਜ਼ਾਰ ਵਿੱਚ ਇੱਕ ਗੁਰਦੁਆਰਾ ਸ਼ਹੀਦ ਭਾਈ ਤਾਰੂ ਸਾਹਿਬ ਜੀ ਬਾਰੇ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਸੀ ਜਿਸ ਵਿੱਚ ਇੱਕ ਆਦਮੀ ਸੋਹੇਲ ਬੱਟ ਪਾਕਿਸਤਾਨ ਵਿੱਚ ਸਿੱਖ ਧਰਮ ਦੇ ਲੋਕਾਂ ਅਤੇ ਉਸ ਦੇ ਕੁੱਝ ਨੇਤਾਵਾਂ ਵਿਰੁੱਧ ਅਸ਼ਲੀਲ ਗੱਲਾਂ ਕਰ ਰਿਹਾ ਸੀ।

ਵੀਡੀਓ ਵਿੱਚ ਇੱਕ ਅਣਜਾਣ ਵਿਅਕਤੀ ਵੱਲੋਂ ਪੁੱਛੇ ਗਏ ਪ੍ਰਸ਼ਨ ਦੇ ਜਵਾਬ ਵਿੱਚ ਸੋਹੇਲ ਬੱਟ ਕਹਿੰਦਾ ਹੈ ਕਿ ਸਿੱਖ ਧਰਮ ਦੇ ਲੋਕ ਮਸਜਿਦ ਦੇ ਨਾਲ ਲੱਗਦੀ ਜ਼ਮੀਨ ‘ਤੇ ਨਜ਼ਰ ਰੱਖ ਰਹੇ ਹਨ ਅਤੇ ਉਨ੍ਹਾਂ ਕੋਲ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਇਹ ਜ਼ਮੀਨ ਉਨ੍ਹਾਂ ਦੀ ਹੈ।
ਸੋਹੇਲ ਬੱਟ ਦਾ ਦਾਅਵਾ ਹੈ ਕਿ ਗੁਰਦੁਆਰਾ ਸ਼ਹੀਦ ਭਾਈ ਤਾਰੂ ਸਾਹਿਬ ਜੀ ਦੀ ਜ਼ਮੀਨ ਨੇੜਲੀ ਮਸਜਿਦ ਦੀ ਹੈ, ਜੋ ਇੱਕ ਮਦਰੱਸਾ ਬਣਾਉਣ ਲਈ ਦਿੱਤੀ ਗਈ ਹੈ। ਪਾਕਿਸਤਾਨ ਦੇ ਇੱਕ ਮਸ਼ਹੂਰ ਇਤਿਹਾਸਕਾਰ ਨੇ ਕਿਹਾ ਕਿ 18 ਵੀਂ ਸਦੀ ਦੇ ਆਰੰਭ ਵਿੱਚ ਇਸ ਜਗ੍ਹਾ ‘ਤੇ ਮਸਜਿਦ ਹੁੰਦੀ ਸੀ, ਜੋ ਮੁਗਲ ਕਾਲ ਦੌਰਾਨ ਬਣਾਈ ਗਈ ਸੀ।

ਜਦੋਂ ਪੰਜਾਬ ‘ਤੇ ਅੰਗਰੇਜ਼ਾਂ ਨੇ ਕਬਜ਼ਾ ਕਰ ਲਿਆ ਸੀ ਤਾਂ ਇਹ ਮਾਮਲਾ ਅਦਾਲਤ ਵਿੱਚ ਪਹੁੰਚਿਆ। 1940 ਵਿੱਚ ਭਾਰਤ ਦੀ ਸਭ ਤੋਂ ਵੱਡੀ ਬ੍ਰਿਟਿਸ਼ ਅਦਾਲਤ ਪ੍ਰਿਵੀ ਕੌਂਸਲ ਨੇ ਸਿੱਖ ਕੌਮ ਦੇ ਹੱਕ ਵਿੱਚ ਫੈਸਲਾ ਕੀਤਾ ਸੀ। ਅਦਾਲਤ ਨੇ ਕਿਹਾ ਸੀ ਕਿ ਇਹ ਇਮਾਰਤ ਸਾਲਾਂ ਤੋਂ ਇੱਕ ਗੁਰਦੁਆਰੇ ਦੇ ਰੂਪ ਵਿੱਚ ਬਣੀ ਰਹੀ ਹੈ ਅਤੇ ਮੁਸਲਮਾਨਾਂ ਨੇ ਸਮੇਂ ਸਿਰ ਇਸ ਉੱਤੇ ਆਪਣਾ ਦਾਅਵਾ ਪੇਸ਼ ਨਹੀਂ ਕੀਤਾ ਸੀ,ਇਸ ਲਈ ਇਹ ਜ਼ਮੀਨ ਸਿੱਖਾਂ ਦੀ ਹੈ। ਭਾਰਤ ਦੀ ਵੰਡ ਤੋਂ ਬਾਅਦ ਵੀ ਇਹ ਮਾਮਲਾ ਵਿਵਾਦਪੂਰਨ ਰਿਹਾ। 1988 ਵਿੱਚ ਲਾਹੌਰ ਹਾਈ ਕੋਰਟ ਨੇ ਵੀ ਸਿੱਖਾਂ ਦੇ ਹੱਕ ਵਿੱਚ ਫੈਸਲਾ ਸੁਣਾਇਆ ਕਿ ਇਹ ਜ਼ਮੀਨ ਗੁਰਦੁਆਰੇ ਦੀ ਹੈ। ਇਵੈਕੁਈ ਟਰੱਸਟ ਪ੍ਰਾਪਰਟੀ ਬੋਰਡ ਦੇ ਬੁਲਾਰੇ ਅਵੀਰ ਹਾਸ਼ਮੀ ਨੇ ਕਿਹਾ ਕਿ ਇਹ ਜ਼ਮੀਨ ਗੁਰਦੁਆਰੇ ਦੀ ਹੈ ਅਤੇ ਬੋਰਡ ਦੇ ਅਧੀਨ ਰੱਖੀ ਹੋਈ ਹੈ। ਉਨ੍ਹਾਂ ਕਿਹਾ ਕਿ ਬੋਰਡ ਨੇ ਇਸ ਬਾਰੇ ਪੁਲਿਸ ਅਧਿਕਾਰੀਆਂ ਅਤੇ ਕੇਂਦਰੀ ਜਾਂਚ ਏਜੰਸੀ ਐਫਆਈਏ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਲਾਹੌਰ ਦਾ ਵਸਨੀਕ ਸੋਹੇਲ ਬੱਟ ਇੱਕ ਵਿਵਾਦਪੂਰਨ ਵੀਡੀਓ ਬਣਾ ਕੇ ਪਾਕਿਸਤਾਨ ਨੂੰ ਬਦਨਾਮ ਕਰ ਰਿਹਾ ਹੈ।

ਉਨ੍ਹਾਂ ਨੇ ਸੋਹੇਲ ਬੱਟ ਅਤੇ ਉਸਦੇ ਸਾਥੀਆਂ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ ਪਰ ਅਜੇ ਤੱਕ ਸੋਹੇਲ ਬੱਟ ਖਿਲਾਫ ਕੋਈ ਕੇਸ ਦਰਜ ਨਹੀਂ ਕੀਤਾ ਗਿਆ ਹੈ।