International

ਕੈਨੇਡਾ ‘ਚ ਹੁੱਲੜਬਾਜ਼ੀ ਕਰਦੇ 12 ਪੰਜਾਬੀ ਨੌਜਵਾਨ ਪੁਲਿਸ ਨੇ ਕੀਤੇ ਕਾਬੂ, ਨਕਲੀ ਗੰਨਾਂ ਨਾਲ ਬਣਾ ਰਹੇ ਸੀ ਟਿਕਟੌਕ ਵੀਡੀਓ

‘ਦ ਖ਼ਾਲਸ ਬਿਊਰੋ:- ਪਿਛਲੇ ਦਿਨੀਂ ਕੈਨੇਡਾ ਦੇ ਸ਼ਹਿਰ ਸਰੀ ਵਿੱਚ ਪੁਲਿਸ ਨੇ ਕੋਲ ਬਰੁੱਕ ਰੋਡ ਨੇੜੇ ਬਣੇ ਪਾਰਕ ਵਿੱਚ ਸਪੋਰਟਸ ਕਾਰਾਂ ਦੀਆਂ ਰੇਸਾਂ ਅਤੇ ਨਕਲੀ ਬੰਦੂਕਾਂ ਨਾਲ ਫਾਇਰ ਕਰ ਕੇ ਵੀਡੀਓ ਬਣਾ ਰਹੇ 12 ਪੰਜਾਬੀ ਨੌਜਵਾਨਾਂ ਨੂੰ ਕਾਬੂ ਕੀਤਾ।

 

ਆਸ-ਪਾਸ ਦੇ ਇਲਾਕੇ ਵਿੱਚੋਂ ਕਿਸੇ ਨੇ ਨੌਜਵਾਨਾਂ ਵੱਲੋਂ ਕੀਤੀ ਜਾ ਰਹੀ ਹੁੱਲੜਬਾਜੀ ਦੀ ਸ਼ਿਕਾਇਤ ਪੁਲਿਸ ਨੂੰ ਕਰ ਦਿੱਤੀ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਇਹਨਾਂ ਨੌਜਵਾਨਾਂ ਨੂੰ ਦਬੋਚ ਲਿਆ। ਹਾਲਾਂਕਿ ਇਹਨਾਂ ਨੌਜਵਾਨਾਂ ਨੇ ਪੁਲਿਸ ਨੂੰ ਆਉਂਦਿਆਂ ਦੇਖ ਭੱਜਣ ਦੀ ਕੋਸ਼ਿਸ਼ ਵੀ ਕੀਤੀ, ਪਰ ਸਫਲ ਨਹੀਂ ਹੋ ਸਕੇ।

 

 

ਬਚਾਅ ਵਾਲੀ ਗੱਲ ਇਹ ਰਹੀ ਕਿ ਪੁਲਿਸ ਨੇ ਅਸਲੀ ਬੰਦੂਕਾਂ ਦੇ ਭੁਲੇਖੇ ਨੌਜਵਾਨਾਂ ਉੱਤੇ ਗੋਲੀਆਂ ਨਹੀਂ ਚਲਾਈਆਂ, ਨਹੀਂ ਤਾਂ ਜਾਨੀ ਨੁਕਸਾਨ ਹੋ ਸਕਦਾ ਸੀ। ਨਗਰ ਕੌਂਸਲ ਦੇ ਨਿਯਮਾਂ ਮੁਤਾਬਿਕ ਪਾਰਕ ਦੀ ਦੁਰਵਰਤੋਂ ਬਦਲੇ ਫੜੇ ਗਏ ਇਹਨਾਂ ਨੌਜਵਾਨਾਂ ਨੂੰ 200 ਡਾਲਰ ਪ੍ਰਤਿ ਵਿਅਕਤੀ ਜੁਰਮਾਨਾ ਦੇਣਾ ਪਵੇਗਾ।

 

ਟਿਕਟੌਕ ਉੱਤੇ ਅਪਲੋਡ ਕਰਨ ਲਈ ਕਾਰਾਂ ਭਜਾ ਕੇ ਅਤੇ ਨਕਲੀ ਬੰਦੂਕਾਂ ਨਾਲ ਫਾਇਰਿੰਗ ਕਰਕੇ ਨੌਜਵਾਨਾਂ ਵੱਲੋਂ ਵੀਡੀਓ ਬਣਾਈਆਂ ਜਾ ਰਹੀਆਂ ਸਨ। ਪੁਲਿਸ ਵੱਲੋਂ ਕਾਬੂ ਕੀਤੇ ਗਏ ਇਹਨਾਂ ਨੌਜਵਾਨਾਂ ਦੀ ਵੀਡੀਓ ਵੀ ਵਾਇਰਲ ਹੋ ਰਹੀ ਹੈ, ਜਿਸ ਵਿੱਚ ਇਨ੍ਹਾਂ ਨੂੰ ਪੰਜਾਬੀ ਭਾਸ਼ਾ ਵਿੱਚ ਬੋਲਦਿਆਂ ਦੇਖਿਆ ਜਾ ਸਕਦਾ ਹੈ।

 

ਬਿਹਤਰ ਭਵਿੱਖ ਲਈ ਪ੍ਰਦੇਸ਼ਾਂ ‘ਚ ਵਸਣ ਵਾਲੇ ਨੌਜਵਾਨ ਜਦੋਂ ਇਹੋ ਜਿਹੀਆਂ ਫੁਕਰਾਪੰਤੀ ਜਾਂ ਹੁੱਲੜਬਾਜੀ ਵਾਲੀਆਂ ਹਰਕਤਾਂ ਕਰਦੇ ਹਨ, ਤਾਂ ਇਸ ਨਾਲ ਇੱਕ ਤਾਂ ਪੰਜਾਬੀਆਂ ਦਾ ਅਕਸ ਖਰਾਬ ਹੁੰਦਾ ਹੈ, ਦੂਸਰਾ ਹੋਰ ਆਉਣ ਵਾਲੇ ਨੌਜਵਾਨਾਂ ਦਾ ਰਾਹ ਵੀ ਔਖਾ ਹੁੰਦਾ ਹੈ।