Punjab

ਮੁਹਾਲੀ ਤੋਂ ਸੱਦੀ ਗਈ ਤਕਨੀਕੀ ਟੀਮ ਹੋਵੇਗੀ ਅੰਮ੍ਰਿਤਸਰ ਧਮਾਕੇ ਦੀ ਜਾਂਚ ‘ਚ ਸ਼ਾਮਲ,ਪੁਲਿਸ ਨੂੰ ਮਿਲੀਆਂ ਕੁੱਝ ਸ਼ੱਕੀ ਚੀਜਾਂ

ਅੰਮ੍ਰਿਤਸਰ : ਪੰਜਾਬ ਪੁਲਿਸ ਵੱਲੋਂ ਅੰਮ੍ਰਿਤਸਰ ਦੇ ਹੈਰੀਟੇਜ ਸਟਰੀਟ ਵਿੱਚ ਸ਼ਨੀਵਾਰ ਅੱਧੀ ਰਾਤ ਨੂੰ ਹੋਏ ਧਮਾਕੇ ਦੀ ਜਾਂਚ ਜਾਰੀ ਹੈ।ਇਸ ਵਿਚਾਲੇ ਹੁਣ ਇਹ ਖ਼ਬਰ ਵੀ ਆਈ ਹੈ ਕਿ ਮਾਮਲੇ ਦੀ ਜਾਂਚ ਲਈ ਮੁਹਾਲੀ ਤੋਂ ਇੱਕ ਤਕਨੀਕੀ ਟੀਮ ਨੂੰ ਬੁਲਾਇਆ ਗਿਆ ਹੈ ਕਿਉਂਕਿ ਪੁਲਿਸ ਨੂੰ ਮੌਕੇ ਤੋਂ ਕੁੱਝ ਸ਼ੱਕੀ ਚੀਜਾਂ ਬਰਾਮਦ ਹੋਈਆਂ ਹਨ।

ਡੀਸੀਪੀ ਪਰਮਿੰਦਰ ਸਿੰਘ ਭੰਡਾਲ ਵੱਲੋਂ ਦਿੱਤੇ ਗਏ ਬਿਆਨ ਵਿੱਚ ਇਹ ਕਿਹਾ ਗਿਆ ਹੈ ਕਿ ਬੀਤੀ ਰਾਤ ਤੋਂ ਹੀ ਜਾਂਚ ਜਾਰੀ ਹੈ ਤੇ ਉਦੋਂ ਇਹ ਲੱਗਾ ਸੀ ਕਿ ਚਿਮਨੀ ਵਿੱਚ ਗੈਸ ਇਕੱਠੀ ਹੋਣ ਕਾਰਨ ਇਹ ਧਮਾਕਾ ਹੋਇਆ ਹੈ ਪਰ ਹੁਣ ਤੱਕ ਕੀਤੀ ਗਈ ਜਾਂਚ ਵਿੱਚ ਪੁਲਿਸ ਨੂੰ ਕੁਝ ਸ਼ੱਕੀ ਟੁਕੜੇ ਮਿਲੇ ਹਨ। ਜਿਸ ਦੀ ਜਾਂਚ ਕਰਨ ਲਈ ਮੁਹਾਲੀ ਤੋਂ ਤਕਨੀਕੀ ਟੀਮ ਸੱਦੀ ਗਈ ਹੈ,ਜੋ ਇਹਨਾਂ ਸ਼ੱਕੀ ਚੀਜਾਂ ਦੀ ਜਾਂਚ ਕਰੇਗੀ।ਹਾਲਾਂਕਿ ਉਹਨਾਂ ਇਹ ਵੀ ਸਾਫ਼ ਕੀਤਾ ਹੈ ਕਿ ਕਿਸੇ ਨੂੰ ਵੀ ਇਸ ਧਮਾਕੇ ਵਿੱਚ ਗੰਭੀਰ ਸੱਟ ਨਹੀਂ ਲੱਗੀ ਹੈ।

ਦੱਸਣਯੋਗ ਹੈ ਕਿ ਹੈਰੀਟੇਜ ਸਟਰੀਟ,ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਉਸ ਵੇਲੇ ਸਨਸਨੀ ਫੈਲ ਗਈ ਸੀ ਜਦੋਂ ਬੀਤੀ ਰਾਤ 12 ਵਜੇ ਦੇ ਕਰੀਬ ਇੱਕ ਧਮਾਕੇ ਦੀ ਆਵਾਜ਼ ਇਥੇ ਸੁਣੀ ਗਈ ਤੇ ਦਰਬਾਰ ਸਾਹਿਬ ਮੱਥਾ ਟੇਕਣ ਆਈ ਸੰਗਤ ‘ਤੇ ਪੱਥਰ ਦੇ ਟੁਕੜੇ ਵੀ ਡਿੱਗੇ। ਦੇਰ ਰਾਤ ਵਾਪਰੇ ਇਸ ਹਾਦਸੇ ਦਾ ਕਾਰਨ ਚਿਮਨੀ ਵਿੱਚ ਇਕੱਠੀ ਹੋਈ ਗੈਸ ਨੂੰ ਮੰਨਿਆ ਜਾ ਰਿਹਾ ਸੀ। ਹਾਲਾਂਕਿ ਕਿਸੇ ਤਰਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਪਰ ਮੌਕੇ ‘ਤੇ ਮੌਜੂਦ ਕੁੱਝ ਲੋਕਾਂ ਦੇ  ਸੱਟਾਂ ਜ਼ਰੂਰ ਲੱਗੀਆਂ।

ਉਸ ਵੇਲੇ ਵੀ ਉੱਚ ਪੁਲਿਸ ਅਧਿਕਾਰੀਆਂ ਨੇ ਮੌਕੇ ‘ਤੇ ਆ ਕੇ ਜਾਇਜ਼ਾ ਲਿਆ ਸੀ ਤੇ ਕਿਸੇ ਵੀ ਤਰਾਂ ਦੇ ਬੰਬ-ਧਮਕੇ ਦੀ ਸੰਭਾਵਨਾ ਨੂੰ ਪੂਰੀ ਤਰਾਂ ਨਕਾਰ ਦਿੱਤਾ ਸੀ।

ਅੰਮ੍ਰਿਤਸਰ ਪੁਲਿਸ ਨੇ ਵੀ ਸਥਿਤੀ ਕਾਬੂ ਹੇਠ ਹੋਣ ਦਾ ਦਾਅਵਾ ਕਰਦਿਆਂ  ਲੋਕਾਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ ਸੀ ਤੇ ਨਾਗਰਿਕਾਂ ਨੂੰ ਸ਼ਾਂਤੀ ਅਤੇ ਸਦਭਾਵਨਾ ਬਣਾਈ ਰੱਖਣ ਲਈ ਕਿਹਾ ਸੀ।