Punjab

ਇੱਕ ਵਾਰ ਫਿਰ ਦਿੱਲੀ ਇਕੱਠੇ ਹੋਏ ਕਿਸਾਨ ਆਗੂ ਤੇ ਖਾਪ ਪੰਚਾਇਤਾਂ ਦੇ ਜਥੇ,ਪਹਿਲਵਾਨਾਂ ਨੂੰ ਸਮਰਥਨ ਦੇਣ ਲਈ ਕੀਤੇ ਵੱਡੇ ਐਲਾਨ

ਨਵੀਂ ਦਿੱਲੀ : ਜੰਤਰ ਮੰਤਰ ਵਿਖੇ ਚੱਲ ਰਹੇ ਪਹਿਲਵਾਨਾਂ ਦੇ ਧਰਨੇ ਨੂੰ ਕਿਸਾਨ ਜਥੇਬੰਦੀਆਂ ਦਾ ਭਰਪੂਰ ਸਮਰਥਨ ਮਿਲ ਰਿਹਾ ਹੈ।ਅੱਜ ਬੀਕੇਯੂ ਉਗਰਾਹਾਂ ਤੇ ਕਿਰਤੀ ਕਿਸਾਨ ਯੂਨਿਅਨ ਦਾ ਜਥਾ ਵੀ ਜੰਤਰ ਮੰਤਰ ਪਹੁੰਚਿਆ ਹੈ,ਜਿਸ ਵਿੱਚ ਵੱਡੀ ਗਿਣਤੀ ‘ਚ ਕਿਸਾਨ ਬੀਬੀਆਂ ਵੀ ਸ਼ਾਮਲ ਹਨ। ਇਸ ਜਥੇ ਨੂੰ ਪਹਿਲਾਂ ਦੋ ਥਾਵਾਂ ‘ਤੇ ਪੁਲਿਸ ਵੱਲੋਂ ਰੋਕਣ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਆਖਰਕਾਰ ਜਥਾ ਧਰਨੇ ਵਾਲੀ ਥਾਂ ‘ਤੇ ਪਹੁੰਚ ਗਿਆ।ਇਸ ਵਿਚਾਲੇ ਇਥੇ ਹੋਈ ਖਾਪਾਂ ਦੀ ਮਹਾਪੰਚਾਇਤ ਵਿੱਚ ਇਹ ਫੈਸਲਾ ਲਿਆ ਗਿਆ ਹੈ ਕਿ 16 ਮਈ ਨੂੰ ਹਰਿਆਣਾ, ਯੂ.ਪੀ. ਅਤੇ ਰਾਜਸਥਾਨ ਦੀਆਂ ਖਾਪ ਪੰਚਾਇਤਾਂ   ਦਿੱਲੀ ਦੀਆਂ ਸਰਹੱਦਾਂ ‘ਤੇ ਵੱਡੇ ਵਿਰੋਧ ਪ੍ਰਦਰਸ਼ਨ ਕਰਨਗੀਆਂ।

ਕਿਸਾਨ ਨੇਤਾ ਜੋਗਿੰਦਰ ਸਿੰਘ ਉਗਰਾਹਾਂ ਨੇ ਵੱਡੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਪਹਿਲਾਵਨਾਂ ਨੂੰ ਪੂਰੀ ਤਰਾਂ ਸਮਰਥਨ ਦੇਣ ਦੀ ਗੱਲ ਕਹੀ ਤੇ WFI ਦੇ ਪ੍ਰਧਾਨ ਨੂੰ ਗ੍ਰਿਫ਼ਤਾਰ ਕਰਨ ਦੀ ਵੀ ਮੰਗ ਕੀਤੀ।

ਸੰਯੁਕਤ ਕਿਸਾਨ ਮੋਰਚਾ (ਗੈਰ ਸਿਆਸੀ)  ਵੱਲੋਂ ਵੀ ਐਲਾਨ ਕੀਤਾ ਗਿਆ ਹੈ ਕਿ ਕੱਲ 8 ਮਈ ਨੂੰ ਵੱਡਾ ਜੱਥਾ ਪਹਿਲਵਾਨਾਂ ਨੂੰ ਸਮਰਥਨ ਦੇਣ ਲਈ ਜੰਤਰ-ਮੰਤਰ,ਦਿੱਲੀ ਪਹੁੰਚੇਗਾ। ਜਿਸ ਤੋਂ ਬਾਅਦ ਜੰਤਰ-ਮੰਤਰ ਸਮੇਤ ਕਈ ਥਾਵਾਂ ‘ਤੇ ਸੁਰੱਖਿਆ ਵਧਾ ਦਿੱਤੀ ਗਈ ਹੈ।

ਇਸ ਦੇ ਨਾਲ ਹੀ ਖਾਪ ਆਗੂ ਵੀ ਪਹਿਲਵਾਨਾਂ ਦੇ ਸਮਰਥਨ ਵਿੱਚ ਜੰਤਰ-ਮੰਤਰ ਪਹੁੰਚੇ ਹਨ ਕਿਉਂਕਿ ਇਥੇ ਮਹਾਪੰਚਾਇਤ ਦਾ ਸੱਦਾ ਦਿੱਤਾ ਗਿਆ ਸੀ । ਕਿਸਾਨ ਆਗੂ ਨਰੇਸ਼ ਟਿਕੈਤ ਤੇ ਰਾਜੇਸ਼ ਟਿਕੈਤ ਆਪਣੇ ਸਮਰਥਕਾਂ ਸਣੇ ਜੰਤਰ ਮੰਤਰ ਪਹੁੰਚੇ।ਪੁਲਿਸ ਵੱਲੋਂ ਥਾਂ-ਥਾਂ ਤੇ ਕੀਤੀ ਗਈ ਬੈਰੀਕੇਡਿੰਗ ਨੂੰ ਦੇਖਦੇ ਹੋਏ ਕਈ ਖਾਪ ਆਗੂ ਆਪਣੇ ਜੱਥੇ ਰੇਲਾਂ ਰਾਹੀਂ ਲੈ ਕੇ ਦਿੱਲੀ ਪਹੁੰਚੇ ਹਨ।

ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਭਾਰਤੀ ਕੁਸ਼ਤੀ ਫੈਡਰੇਸ਼ਨ (ਡਬਲਯੂਐਫਆਈ) ਦੇ ਪ੍ਰਧਾਨ ਅਤੇ ਭਾਜਪਾ ਦੇ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਗ੍ਰਿਫਤਾਰੀ ਅਤੇ ਬਰਖਾਸਤਗੀ ਦੀ ਮੰਗ ਨੂੰ ਲੈ ਕੇ ਪਹਿਲਵਾਨ ਪਿਛਲੇ ਕਈ ਦਿਨਾਂ ਤੋਂ ਜੰਤਰ-ਮੰਤਰ ‘ਤੇ ਪ੍ਰਦਰਸ਼ਨ ਕਰ ਰਹੇ ਹਨ।