Punjab

2 ਸਾਲ ਪਹਿਲਾਂ ਥਾਣੇ ’ਚ ਰੀਲ ਬਣਾਉਣੀ ਪਈ ਮਹਿੰਗੀ, ਹੁਣ ਪੁਲਿਸ ਨੇ ਕਾਬੂ ਕੀਤਾ ਨੌਜਵਾਨ

Amritsar Rural Police Arrest Social Media Influencer Tarsikka for Making Video Outside Police Station

ਬਿਉਰੋ ਰਿਪੋਰਟ – ਨੌਜਵਾਨ ਰੀਲ ਅਤੇ ਰੀਅਲ ਜ਼ਿੰਦਗੀ ਵਿੱਚ ਫ਼ਰਕ ਨਹੀਂ ਸਮਝ ਪਾ ਰਹੇ ਹਨ ਇਸੇ ਲਈ ਉਹ ਅਜਿਹੀ ਹਰਕਤ ਕਰ ਦਿੰਦੇ ਹਾਂ ਜੋ ਉਨ੍ਹਾਂ ਨੂੰ ਮੁਸੀਬਤ ਵਿੱਚ ਪਾ ਦਿੰਦੀ ਹੈ। ਅੰਮ੍ਰਿਤਸਰ ਵਿੱਚ ਇੱਕ ਨੌਜਵਾਨ ਨੇ ਸੋਸ਼ਲ ਮੀਡੀਆ ‘ਤੇ ਵਿਊਜ਼ ਦੀ ਖਾਤਰ ਥਾਣੇ ਵਿੱਚ ਬਣਾਈ ਰੀਲ ’ਤੇ ਐਡਿਟ ਕਰਕੇ ਗਾਣਾ ਲਾ ਦਿੱਤਾ। ਇਹ ਰੀਲ ਏਨੀ ਵਾਇਰਲ ਹੋ ਗਈ ਕਿ ਪੁਲਿਸ ਦੇ ਸੋਸ਼ਲ ਮੀਡੀਆ ਵਿੰਗ ਤੱਕ ਪਹੁੰਚ ਗਈ। ਇਸ ਤੋਂ ਬਾਅਦ ਪੁਲਿਸ ਨੇ ਨੌਜਵਾਨ ਦੀ ਪਹਿਚਾਣ ਕਰਕੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ।

ਮਾਮਲਾ ਅੰਮ੍ਰਿਤਸਰ ਦਿਹਾਤੀ ਪੁਲਿਸ ਅਧੀਨ ਪੈਂਦੇ ਥਾਣਾ ਤਰਸਿੱਕਾ ਦਾ ਹੈ। ਨੌਜਵਾਨ ਦੀ ਪਛਾਣ ਤਰਸਿੱਕਾ ਅਧੀਨ ਪੈਂਦੇ ਪਿੰਡ ਰਾਏਪੁਰ ਖੁਰਦ ਦੇ ਸਨਪ੍ਰੀਤ ਸਿੰਘ ਉਰਫ ਸੰਨੀ ਵਜੋਂ ਹੋਈ ਹੈ। ਸੰਨੀ ਨੇ ਪੁਲਿਸ ਨੂੰ ਦੱਸਿਆ ਕਿ ਕਰੀਬ ਦੋ ਸਾਲ ਪਹਿਲਾਂ ਉਹ ਆਪਣਾ ਚਰਿੱਤਰ ਸਰਟੀਫਿਕੇਟ (Character Certificate) ਲੈਣ ਲਈ ਤਰਸਿੱਕਾ ਥਾਣੇ ਆਇਆ ਸੀ। ਕੰਮ ਪੂਰਾ ਹੋਣ ਤੋਂ ਬਾਅਦ ਉਸ ਦੇ ਦੋਸਤ ਗਗਨਦੀਪ ਸਿੰਘ ਨੇ ਬਾਹਰ ਆਉਂਦੇ ਹੋਏ ਇਹ ਵੀਡੀਓ ਬਣਾਈ। ਇਹ ਵੀਡੀਓ ਕਰੀਬ 2 ਸਾਲ ਤੱਕ ਉਸ ਦੇ ਮੋਬਾਈਲ ‘ਚ ਪਈ ਰਹੀ।

ਬੀਤੇ ਕੱਲ੍ਹ ਹੀ, ਉਸ ਨੇ ਆਪਣੇ ਮੋਬਾਈਲ ਤੋਂ ਇਹ ਵੀਡੀਓ ਚੁਣੀ ਤੇ ਉਸ ’ਤੇ ਇਹ ਗੀਤ ਲਾਇਆ, ਜਿਸ ਦੇ ਬੋਲ ਸਨ – ਦੇਢ ਲੱਖ ਦੇ ਕੇ ਆਇਆ ਛੁੱਟ ਕੇ, ਤਾਂਹੀ ਸ਼ਰੀਕ ਸੜਦੇ।

ਸੰਨੀ ਨੇ ਇਸ ਵੀਡੀਓ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਪੋਸਟ ਕੀਤਾ। ਅੰਮ੍ਰਿਤਸਰ ਦਿਹਾਤੀ ਪੁਲਿਸ ਦੀ ਸੋਸ਼ਲ ਮੀਡੀਆ ਨਿਗਰਾਨੀ ਟੀਮ ਨੇ ਇਹ ਵੀਡੀਓ ਵਾਇਰਲ ਹੁੰਦਾ ਦੇਖ ਲਿਆ। ਪੁਲਿਸ ਨੇ ਵੀਡੀਓ ਪੋਸਟ ਕਰਨ ਵਾਲੇ ਵਿਅਕਤੀ ਦਾ ਡਾਟਾ ਕੱਢਿਆ। ਇਹ ਖਾਤਾ ਸਨਪ੍ਰੀਤ ਸਿੰਘ ਉਰਫ ਸੰਨੀ ਦਾ ਸੀ। ਜਿਸ ਤੋਂ ਬਾਅਦ ਪੁਲਿਸ ਨੇ ਸੰਨੀ ਦੇ ਘਰ ਅਤੇ ਪਿੰਡ ਦਾ ਪਤਾ ਲਗਾ ਕੇ ਉਸਨੂੰ ਹਿਰਾਸਤ ਵਿੱਚ ਲੈ ਲਿਆ।

ਪੰਜਾਬ ਪੁਲਿਸ ਨੇ ਸੰਨੀ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਵੀਡੀਓ ਡਿਲੀਟ ਕਰਨ ਲਈ ਕਿਹਾ। ਇੰਨਾ ਹੀ ਨਹੀਂ ਸੰਨੀ ਨੇ ਇਸ ਲਈ ਪੁਲਿਸ ਤੋਂ ਲਿਖਤੀ ਮੁਆਫੀ ਵੀ ਮੰਗੀ ਹੈ। ਸੰਨੀ ਨੇ ਦੱਸਿਆ ਕਿ ਉਸ ਨੂੰ ਪਤਾ ਨਹੀਂ ਸੀ ਕਿ ਥਾਣੇ ਦੀ ਵੀਡੀਓ ਨਹੀਂ ਬਣਾ ਸਕਦੇ। ਉਸ ਨੇ 2 ਸਾਲ ਪਹਿਲਾਂ ਇਹ ਰੀਲ ਸ਼ੂਟ ਕੀਤੀ ਸੀ। ਉਹ ਅਕਸਰ ਆਪਣੇ ਸੋਸ਼ਲ ਮੀਡੀਆ ’ਤੇ ਰੀਲਾਂ ਪੋਸਟ ਕਰਦਾ ਰਹਿੰਦਾ ਹੈ, ਇਸ ਲਈ ਉਸ ਨੇ ਇਹ ਵੀ ਕਰ ਦਿੱਤੀ ਸੀ।

ਪੁਲਿਸ ਨੇ ਜਾਂਚ ਮਗਰੋਂ ਸਨੀ ਕੋਲੋਂ ਮੁਆਫ਼ੀਨਾਮਾ ਲਿਖਵਾ ਕੇ ਉਸ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਪਵਾਈ ਤੇ ਫਿਰ ਉਸ ਨੂੰ ਵਾਰਨਿੰਗ ਦੇ ਕੇ ਛੱਡ ਦਿੱਤਾ ਹੈ।