Punjab

ਅੰਮ੍ਰਿਤਸਰ ਪੁਲਿਸ ਨੂੰ ਮਿਲੀ ਸਫਲਤਾ, 5.25 ਲੱਖ ਰੁ. ਨਸ਼ੀਲੇ ਪਦਾਰਥਾਂ ਸਮੇਤ 5 ਨਸ਼ਾ ਤਸਕਰ ਕਾਬੂ

Success to Amritsar Police, 5.25 Lakh Rs. 5 drug smugglers arrested with drug money

ਅੰਮ੍ਰਿਤਸਰ : ਪੰਜਾਬ ਪੁਲਿਸ ਨੇ ਨਸ਼ੇ ਦੇ ਧੰਦੇ ‘ਚ ਵੱਡੀ ਮੱਛੀ ਮੰਨੇ ਜਾਂਦੇ ਦੋ ਭਗੌੜੇ ਭਰਾਵਾਂ ਤੇ ਉਨ੍ਹਾਂ ਦੇ ਤਿੰਨ ਸਾਥੀਆਂ ਨੂੰ 3 ਕਿੱਲੋ ਹੈਰੋਇਨ ਅਤੇ 5.25 ਲੱਖ ਰੁਪਏ ਡਰੱਗ ਮਨੀ ਸਮੇਤ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦਿੱਲੀ ਤੇ ਮੁੰਬਈ ਵਿਚ ਵੀ ਡਰੱਗ ਕੇਸ ਵਿਚ ਲੋੜੀਂਦੇ ਸਨ ਤੇ ਵਿਦੇਸ਼ ਭੱਜਣ ਦੀ ਫ਼ਿਰਾਕ ਵਿਚ ਸਨ।

ਪੁਲਿਸ ਕਮਿਸ਼ਨਰ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਫੜੇ ਗਏ ਮੁੱਖ ਅਪਰਾਧੀਆਂ ਦੀ ਪਛਾਣ ਮਨਜੀਤ ਸਿੰਘ ਉਰਫ ਮੰਨਾ ਅਤੇ ਲਵਜੀਤ ਸਿੰਘ ਉਰਫ ਲਵ ਉਰਫ਼ ਲਾਭ ਦੋਵੇਂ ਵਾਸੀ ਗੁਰੂ ਕੀ ਵਡਾਲੀ ਛੇਹਰਟਾ, ਅੰਮ੍ਰਿਤਸਰ ਵਜੋਂ ਹੋਈ ਹੈ, ਜਦਕਿ ਇਨ੍ਹਾਂ ਦੇ ਤਿੰਨ ਸਾਥੀਆਂ ਦੀ ਪਛਾਣ ਕੰਸ ਕੌਰ ਵਾਸੀ ਛੇਹਰਟਾ, ਅੰਮ੍ਰਿਤਸਰ, ਹਰਮਨਜੀਤ ਸਿੰਘ ਉਰਫ ਹਰਮਨ ਅਤੇ ਮਨਪ੍ਰੀਤ ਸਿੰਘ ਉਰਫ ਮੰਨਾ ਦੋਵੇਂ ਵਾਸੀ ਪਿੰਡ ਧੁੰਨ ਢਾਹੇਵਾਲ, ਤਰਨਤਾਰਨ ਵਜੋਂ ਹੋਈ ਹੈ।

ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਦੋਵੇਂ 2015 ਤੋਂ ਫਰਾਰ ਸਨ ਤੇ ਉਨ੍ਹਾਂ ਖਿਲਾਫ ਇਕ ਦਰਜਨ ਤੋਂ ਵੱਧ ਮਾਮਲੇ ਦਰਜ ਸਨ। ਇਨ੍ਹਾਂ ਕੋਲ ਯੂਪੀ ਦੇ ਲਖੀਮਪੁਰੀ ਖੀਰੀ ਦੇ ਪਤੇ ‘ਤੇ ਲਖਨਊ ਤੋਂ ਬਣਵਾਏ ਗਏ ਫਰਜ਼ੀ ਪਾਸਪੋਰਟ ਸਨ। ਉਹ ਹਵਾਲਾ ਨੈੱਟਵਰਕ ਵਿਚ ਵੀ ਸ਼ਾਮਲ ਸਨ ਜਿਸ ਨੂੰ ਨਸ਼ਟ ਕਰ ਦਿੱਤਾ ਗਿਆ ਹੈ।

ਪੁਲਿਸ ਕਮਿਸ਼ਨਰ ਵੱਲੋਂ ਹੈਰੋਇਨ ਨਸ਼ੀਲੇ ਪਦਾਰਥਾਂ ‘ਤੇ ਕੰਟਰੋਲ ਲਈ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਹਰਪ੍ਰੀਤ ਸਿੰਘ ਮੰਦਰ, ਡੀਸੀਪੀ/ਡਿਟੈਕਟਿਵ, ਸੁਰਿੰਦਰ ਸਿੰਘ ਏਸੀਪੀ/ਸੈਂਟਰਲ, ਸ਼ਹਿਰਪ੍ਰੀਤ ਸਿੰਘ ਮੰਦਰ, ਡੀਸੀਪੀ/ਡਿਟੈਕਟਿਵ ਦੀ ਅਗਵਾਈ ਵਿਚ ਇੰਸਪੈਕਟਰ ਅਮੋਲਕਦੀਪ ਸਿੰਘ, ਇੰਚਾਰਜ ਪੁਲਿਸ ਕਮਿਸ਼ਨਰੇਟ ਅੰਮ੍ਰਿਤਸਰ ਦੇ ਖੇਤਰ ਵਿਚ ਸੀਆਈਏ ਸਟਾਫ-1 ਸਣੇ ਪੁਲਿਸ ਪਾਰਟੀ ਨੂੰ ਉਸ ਸਮੇਂ ਸਫਲਤਾ ਮਿਲੀ ਜਦੋਂ ਗੁਪਤ ਸੂਚਨਾ ਦੇ ਆਧਾਰ ‘ਤੇ ਮੁਲਜ਼ਮ ਹਰਮਨਜੀਤ ਸਿੰਘ ਉਰਫ ਹਰਮਨ ਪੁੱਤਰ ਸਰਵਨ ਸਿੰਘ ਵਾਸੀ ਪਿੰਡ ਧੁਨ ਢਾਹੇਵਾਲਾ, ਥਾਣਾ ਚੋਹਲਾ ਨੂੰ ਗ੍ਰਿਫਤਾਰ ਕੀਤਾ ਗਿਆ।

ਉਨ੍ਹਾਂ ਦੱਸਿਆ ਕਿ ਅਗਲੇਰੀ ਕਾਰਵਾਈ ਕਰਦਿਆਂ ਪੁਲਿਸ ਟੀਮਾਂ ਨੇ ਦੋਵਾਂ ਮੁਲਜ਼ਮ ਭਰਾਵਾਂ ਅਤੇ ਉਨ੍ਹਾਂ ਦੇ ਦੋ ਸਾਥੀਆਂ ਮਨਪ੍ਰੀਤ ਅਤੇ ਕੰਸ ਕੌਰ ਨੂੰ ਵੀ ਕਾਬੂ ਕਰਕੇ ਉਨ੍ਹਾਂ ਦੇ ਕਬਜ਼ੇ ‘ਚੋਂ 1 ਕਿੱਲੋ ਹੈਰੋਇਨ, 4 ਲੱਖ ਰੁਪਏ ਡਰੱਗ ਮਨੀ, ਦੋ ਕਾਰਾਂ ਅਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ ਹੈ।

ਪੁਲਿਸ ਕਮਿਸ਼ਨਰ ਨੇ ਕਿਹਾ ਕਿ ਪੁਲਿਸ ਨੇ ਸੰਪਤੀਆਂ ਦੀ ਵੀ ਸ਼ਨਾਖ਼ਤ ਕੀਤੀ ਹੈ- ਜਿਸ ਵਿੱਚ ਅੰਮ੍ਰਿਤਸਰ ਵਿੱਚ ਇੱਕ ਘਰ ਅਤੇ ਮੱਧ ਪ੍ਰਦੇਸ਼ ਦੇ ਸ਼ਿਵਪੁਰੀ, ਅੰਮ੍ਰਿਤਸਰ ਵਿੱਚ ਬਾਬਾ ਬਕਾਲਾ ਅਤੇ ਅੰਮ੍ਰਿਤਸਰ ਵਿੱਚ ਰਾਏਪੁਰ ਵਿੱਚ ਜ਼ਮੀਨ/ਪਲਾਟ ਸ਼ਾਮਲ ਹਨ, ਜਿਨ੍ਹਾਂ ਦੀ ਖ਼ਰੀਦ ਕਥਿਤ ਤੌਰ ‘ਤੇ ਮੁਲਜ਼ਮ ਭਰਾਵਾਂ ਦੁਆਰਾ ਡਰੱਗ ਮਨੀ ਦੀ ਵਰਤੋਂ ਕਰਕੇ ਕੀਤੀ ਗਈ ਸੀ। ਉਨ੍ਹਾਂ ਅੱਗੇ ਕਿਹਾ ਕਿ ਸਮੁੱਚੇ ਡਰੱਗ ਕਾਰਟਲ ਦਾ ਪਤਾ ਲਗਾਉਣ ਅਤੇ ਇਸ ਕਾਰਟੇਲ ਵਿੱਚ ਸ਼ਾਮਲ ਹੋਰ ਲੋਕਾਂ ਦਾ ਪਤਾ ਲਗਾਉਣ ਲਈ ਅਗਲੇਰੀ ਜਾਂਚ ਜਾਰੀ ਹੈ।

ਇਸ ਸਬੰਧੀ ਐਨ.ਡੀ.ਪੀ.ਐਸ ਐਕਟ ਦੀਆਂ ਧਾਰਾਵਾਂ 21-ਸੀ, 27-ਏ ਅਤੇ 29 ਤਹਿਤ ਐਫਆਈਆਰ ਨੰ. 15 ਮਿਤੀ 20-1-2024 ਨੂੰ ਥਾਣਾ ਗੇਟ ਹਕੀਮਾ ਅੰਮ੍ਰਿਤਸਰ ਵਿਖੇ ਕੇਸ ਦਰਜ ਕੀਤਾ ਗਿਆ ਹੈ।