Punjab

ਵਿੱਤ ਮੰਤਰੀ ਪੰਜਾਬ ਵੱਲੋਂ ਰਾਜਨੀਤੀ ਕਰਨ ਦੇ ਇਲਜ਼ਾਮਾਂ ਤੋਂ ਬਾਅਦ ਬਲਕੌਰ ਸਿੰਘ ਦਾ ਜਵਾਬ ,ਕਿਹਾ ਸਿਰਫ਼ ਨਿਆਂ ਮੰਗਿਆ,ਵੋਟਾਂ ਨਹੀਂ

ਮਾਨਸਾ : ਆਪਣੇ ਮਰਹੂਮ ਪੁੱਤ ਸ਼ੁਭਦੀਪ ਸਿੰਘ ਸਿੱਧੂ ਨੂੰ ਇਨਸਾਫ਼ ਦਵਾਉਣ ਲਈ ਕੀਤੇ ਜਾ ਰਹੇ ਯਤਨਾਂ ਦੀ ਇੱਕ ਕੜੀ ਵਜੋਂ ਦੁਆਬਾ ਖੇਤਰ ਦੀ ਕੀਤੀ ਆਪਣੀ ਦੋ ਦਿਨਾਂ ਯਾਤਰਾ ਬਾਰੇ ਗੱਲਬਾਤ ਕਰਦਿਆਂ ਬਲਕੌਰ ਸਿੰਘ ਨੇ ਕਿਹਾ ਹੈ ਕਿ ਸਰਕਾਰ ਵੱਲੋਂ ਉਹਨਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤੇ ਜਾਣ ਕਾਰਣ ਹੀ ਉਹਨਾਂ ਇਹ ਕਦਮ ਚੁੱਕਿਆ ਹੈ। ਇਸ ਦੌਰਾਨ ਇਸ ਖੇਤਰ ਦੇ ਲੋਕਾਂ ਵੱਲੋਂ ਮਿਲੇ ਪਿਆਰ-ਸਤਿਕਾਰ ਲਈ ਉਹਨਾਂ ਸਾਰਿਆਂ ਦਾ ਧੰਨਵਾਦ ਕੀਤਾ ਹੈ।

ਆਪਣੇ ਘਰ ਮਾਨਸਾ ਵਿਖੇ ਉਹਨਾਂ ਆਏ ਲੋਕਾਂ ਨਾਲ ਗੱਲਬਾਤ ਕੀਤੀ ਹੈ ਤੇ ਕਿਹਾ ਉਹਨਾਂ ਦੀ ਕਿਸੇ ਰਾਜਸੀ ਨੇਤਾ ਜਾਂ ਵਿਧਾਇਕ ਨਾਲ ਕੋਈ ਨਿੱਜੀ ਰੰਜਿਸ਼ ਨਹੀਂ ਹੈ।ਸਰਕਾਰ ਦਾ ਫਰਜ਼ ਹੁੰਦਾ ਹੈ ਕਿ ਆਪਣੇ ਲੋਕਾਂ ਨੂੰ ਸਹੀ ਤੇ ਵਧੀਆ ਮਾਹੌਲ ਦੇਵੇ। ਆਪਣੇ ਜਲੰਧਰ ਦੌਰੇ ਦਾ ਜ਼ਿਕਰ ਕਰਦਿਆਂ ਉਹਨਾਂ ਕਿਹਾ ਕਿ ਕੱਲ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਲੰਧਰ ਵਿੱਚ ਹੀ ਸਨ,ਉਹਨਾਂ ਪੱਤਰਕਾਰਾਂ ਦੇ ਰਾਹੀਂ ਵੀ ਕੋਸ਼ਿਸ਼ ਵੀ ਕੀਤੀ ਸੀ ਕਿ ਕਿਸੇ ਚੌਕ ਵਿੱਚ ਉਹਨਾਂ ਦੇ ਨਾਲ ਸਿੱਧੀ ਗੱਲਬਾਤ ਕਰਵਾ ਦੇਣ ਪਰ ਅਜਿਹਾ ਨਹੀਂ ਹੋਇਆ।

ਉਹਨਾਂ ਕਿਹਾ ਕਿ ਕੋਈ ਵੀ ਸਵਾਲ ਕੀਤੇ ਜਾਣ ‘ਤੇ ਸਰਕਾਰ ਕੋਲ ਇੱਕ ਹੀ ਜਵਾਬ ਹੁੰਦਾ ਹੈ ਕਿ ਦੋਸ਼ੀਆਂ ਨੂੰ ਜੇਲ੍ਹ ਅੰਦਰ ਡੱਕ ਦਿੱਤਾ ਗਿਆ ਹੈ ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਇਹ ਅਸਲੀ ਕਾਤਲ ਹਨ? ਇਹ ਅਸਲ ਸਾਜਿਸ਼ਕਰਤਾ ਨਹੀਂ ਹਨ।ਸਾਜਿਸ਼ਕਰਤਾ ਦਾ ਨਾਂ ਇਸ ਲਈ ਨਹੀਂ ਲਿਆ ਜਾ ਰਿਹਾ ਕਿਉਂਕਿ ਉਹ ਇਹਨਾਂ ਦੀ ਸਰਕਾਰ ਦੇ ਹੀ ਬੰਦੇ ਹਨ। ਇਸ ਲਈ ਸਰਕਾਰ ਸਿੱਧੂ ਦੇ ਕੇਸ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੀ ਹੈ।

ਉਹਨਾਂ ਕਿਹਾ ਕਿ ਰਾਜਸੀ ਲੋਕ ਸਿਰਫ਼ ਰਾਜਨੀਤੀ ਦੀ ਭਾਸ਼ਾ ਸਮਝਦੇ ਹਨ ,ਇਸ ਲਈ ਮੈਂ ਇਹ ਰਸਤਾ ਚੁਣਿਆ ਪਰ ਮੈਂ ਇਹ ਤਰੀਕਾ ਕਾਮਯਾਬ ਮੰਨਦਾ ਹੈ ਕਿਉਂਕਿ ਲੋਕਾਂ ਨੇ ਮੈਨੂੰ ਬਹੁਤ ਪਿਆਰ ਦਿੱਤਾ ਹੈ। ਉਹਨਾਂ ਲੋਕਾਂ ਨੂੰ ਆਪ ਨੂੰ ਵੋਟਾਂ ਨਾ ਪਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਇੱਕ ਆਪ ਮੁਹਾਰੀ ਸਰਕਾਰ ਤੇ ਲਗਾਮ ਪਾਉਣ ਲਈ ਇੱਕ ਸ਼ਕਤੀਸ਼ਾਲੀ ਵਿਰੋਧੀ ਧਿਰ ਦਾ ਹੋਣਾ ਬਹੁਤ ਜ਼ਰੂਰੀ ਹੈ।

ਆਪ ਸਰਕਾਰ ‘ਤੇ ਤਿੱਖੇ ਹਮਲੇ ਕਰਦਿਆਂ ਬਲਕੌਰ ਸਿੰਘ ਨੇ ਕਿਹਾ ਕਿ ਆਪ ਵਿਧਾਇਕ ਮੀਤ ਹੇਅਰ ਪੰਜਾਬ ਵਿੱਚ ਪਿਛਲੇ 13 ਸਾਲਾਂ ਵਿੱਚ ਇਕੋ ਜਿਹੀ ਅਮਨ-ਕਾਨੂੰਨ ਵਿਵਸਥਾ ਹੋਣ ਦਾ ਦਾਅਵਾ ਕਰਦੇ ਹਨ ਪਰ ਫਿਰ ਇਹਨਾਂ ਦੀ ਸਰਕਾਰ ਨੇ ਆ ਕੇ ਕਿਹੜਾ ਬਦਲਾਅ ਲਿਆਂਦਾ ਹੈ? ਸਰਕਾਰੀ ਮੰਤਰੀਆਂ ਵੱਲੋਂ ਆਪਣੇ ਅਹੁਦਿਆਂ ਦੀ ਸਹੁੰ ਚੁੱਕਣ ਵੇਲੇ ਰਾਜਸੀ ਫੈਸਲਿਆਂ ਨੂੰ ਨਿੱਜੀ ਰੱਖਣ ਦੀ ਗੱਲ ਕੀਤੀ ਜਾਂਦੀ ਹੈ ਪਰ ਵਿਧਾਇਕ ਅਮਨ ਅਰੋੜਾ ਨੇ ਫਿਰ ਕਿਸ ਤਰਾਂ ਸਿੱਧੂ ਦੀ ਸੁਰੱਖਿਆ ਹਟਾਏ ਜਾਣ ਦੀ ਗੱਲ ਨੂੰ ਜਨਤਕ ਕੀਤੇ ਜਾਣ ਦੀ ਗੱਲ ਨੂੰ ਸਹੀ ਠਹਿਰਾਇਆ ਹੈ?

ਲਾਰੈਂਸ ਬਿਸ਼ਨੋਈ ਦੀ ਵੀਡੀਓ ਸੰਬੰਧੀ ਕਮੇਟੀ ਬਣਾਏ ਜਾਣ ਤੋਂ ਬਾਅਦ ਉਸ ਦੀ ਰਿਪੋਰਟ ਬਾਰੇ ਵੀ ਸਵਾਲ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤੇ ਹਨ।

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਰਾਜਨੀਤੀ ਕਰਨ ਦੇ ਇਲਜ਼ਾਮਾਂ ਤੋਂ ਬਾਅਦ ਬਲਕੌਰ ਸਿੰਘ ਨੇ ਜਵਾਬ ਦਿੰਦੇ ਸਵਾਲ ਕੀਤਾ ਹੈ ਕਿ ਅਸੀਂ ਸਿਰਫ਼ ਇਨਸਾਫ ਦੀ ਮੰਗ ਕੀਤੀ ਹੈ,ਕਿਸੇ ਕੋਲ ਵੋਟਾਂ ਨਹੀਂ ਮੰਗੀਆਂ ਹਨ ।

ਉਹਨਾਂ ਸੰਦੀਪ ਨੰਗਲ ਅੰਬੀਆਂ ਮਾਮਲੇ ਵਿੱਚ ਹੋਈ ਗ੍ਰਿਫਤਾਰੀ ਬਾਰੇ ਬੋਲਦੇ ਹੋਏ ਕਿਹਾ ਹੈ ਕਿ ਆਪ ਸਰਕਾਰ ਵੱਲੋਂ ਉਸ ਦੀ ਪਤਨੀ ਕੋਲੋਂ ਧੰਨਵਾਦੀ ਵੀਡੀਓ ਦੀ ਮੰਗ ਕੀਤੀ ਗਈ ਸੀ ,ਜੋ ਕਿ ਬੜੇ ਸ਼ਰਮ ਦੀ ਗੱਲ ਹੈ ਤੇ ਹੁਣ ਜਲੰਧਰ ਵਿੱਚ ਵੋਟਾਂ ਹਨ,ਇਸ ਲਈ ਇਹ ਗ੍ਰਿਫ਼ਤਾਰੀ ਹੋਈ ਹੈ,ਹੋ ਸਕਦਾ ਹੈ ਕਿ ਸੰਨ 2024 ‘ਚ ਹੋਣ ਵਾਲੀਆਂ ਵੋਟਾਂ ਵੇਲੇ ਸਿੱਧੂ ਦੇ ਕਾਤਲਾਂ ਚੋਂ ਵੀ ਕਿਸੇ ਨੂੰ ਗ੍ਰਿਫ਼ਤਾਰ ਕਰ ਲੈਣ।ਉਹਨਾਂ ਸਿੱਧਾ ਕਿਹਾ ਹੈ ਕਿ ਇਸ ਪਾਰਟੀ ਨੂੰ ਆਪਣੀ ਸੱਤਾ ਤੇ ਵੋਟਾਂ ਨਾਲ ਹੀ ਮਤਲਬ ਹੈ। ਸੋ ਲੋਕਾਂ ਅੱਗੇ ਅਪੀਲ ਹੈ ਕਿ ਇਹਨਾਂ ਵੋਟਾਂ ਵਿੱਚ ਇਸ ਪਾਰਟੀ ਨੂੰ ਸਬਕ ਸਿਖਾਇਆ ਜਾਵੇ ਤਾਂ ਜੋ ਆਉਣ ਵਾਲੇ 4 ਸਾਲਾਂ ਲਈ ਇਹਨਾਂ ਦੇ ਦਿਲ ‘ਚ ਡਰ ਪੈਦਾ ਹੋਵੇ।