Punjab

ਜਲੰਧਰ ਜ਼ਿਮਨੀ ਚੋਣਾਂ : ਮੁੱਖ ਮੰਤਰੀ ਮਾਨ ਸੰਤ ਕਬੀਰ ਦਾਸ ਮੰਦਰ ‘ਚ ਹੋਏ ਨਤਮਸਤਕ,ਕੀਤਾ ਆਮ ਲੋਕਾਂ ਨੂੰ ਸੰਬੋਧਨ

ਜਲੰਧਰ : ਜਲੰਧਰ ਜ਼ਿਮਨੀ ਚੋਣਾਂ ਲਈ ਵੱਖੋ-ਵੱਖ ਪਾਰਟੀਆਂ ਦੇ ਵੱਡੇ ਆਗੂਆਂ ਵੱਲੋਂ ਚੋਣ ਪ੍ਰਚਾਰ ਜੋਰਾਂ ‘ਤੇ ਹੈ। ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅੱਜ ਜਲੰਧਰ ਵਿਖੇ ਸੰਤ ਕਬੀਰ ਦਾਸ ਮੰਦਰ ‘ਚ ਨਤਮਸਤਕ ਹੋਏ।ਆਪਣੇ ਸੰਬੋਧਨ ਵਿੱਚ ਮੁੱਖ ਮੰਤਰੀ ਮਾਨ ਨੇ ਆਪਣੀ ਸਰਕਾਰ ਦੀਆਂ ਕਈ ਪ੍ਰਾਪਤੀਆਂ ਗਿਣਵਾਈਆਂ ਤੇ ਲੋਕਾਂ ਨੂੰ ਆਪ ਉਮੀਦਵਾਰ ਨੂੰ ਵੋਟ ਪਾ ਕੇ ਜਿਤਾਉਣ ਦੀ ਅਪੀਲ ਕੀਤੀ।

ਮਾਨ ਨੇ ਆਪਣੇ ਸੰਬੋਧਨ ਵਿੱਚ ਬੱਚਿਆਂ ਨੂੰ ਵਧੀਆ ਪੱਧਰ ਦੀ ਸਿੱਖਿਆ ਦੇਣ ਦੀ ਵੀ ਗੱਲ ਕੀਤੀ ਤੇ ਕਿਹਾ ਕਿ ਉਹਨਾਂ ਨੂੰ ਉੱਡਣ ਲਈ ਖੁੱਲਾ ਆਸਮਾਨ ਦਿੱਤਾ ਜਾਵੇਗਾ।ਇਸ ਤੋਂ ਇਲਾਵਾ ਆਰਥਿਕ ਪੱਖੋਂ ਕਮਜ਼ੋਰ ਲੋਕਾਂ ਲਈ ਵੀ ਪੰਜਾਬ ਸਰਕਾਰ ਕਦਮ ਚੁੱਕੇਗੀ।

ਉਹਨਾਂ ਕਿਹਾ ਕਿ ਭ੍ਰਿਸ਼ਟਾਚਾਰ ਇੱਕ ਵੱਡੀ ਬੀਮਾਰੀ ਹੈ ਤੇ ਇਸ ਨੂੰ ਆਮ ਲੋਕ ਹੀ ਕਾਬੂ ਕਰ ਸਕਦੇ ਹਨ। ਇਸ ਲਈ ਆਮ ਲੋਕ ਪੰਜਾਬ ਸਰਕਾਰ ਨੂੰ ਸਹਿਯੋਗ ਕਰਨ ।

ਮੀਡੀਆ ਨਾਲ ਗੱਲਬਾਤ

ਆਪਣੇ ਸੰਬੋਧਨ ਤੋਂ ਬਾਅਦ ਮੁੱਖ ਮੰਤਰੀ ਪੰਜਾਬ ਨੇ ਮੀਡੀਆ ਨਾਲ ਵੀ ਗੱਲਬਾਤ ਕੀਤੀ ਹੈ।ਭਗਤ ਕਬੀਰ ਜੀ ਬਾਰੇ ਗੱਲ ਕਰਦਿਆਂ ਉਹਨਾਂ ਕਿਹਾ ਕਿ ਗਰੀਬੀ ਵਿੱਚ ਜਿੰਦਗੀ ਬਿਤਾਉਣ ਦੇ ਬਾਵਜੂਦ ਵੀ ਉਹ ਵਿਚਾਰਾਂ ਪੱਖੋਂ ਬਹੁਤ ਅਮੀਰ ਸਨ ਤੇ ਉਹਨਾਂ ਦੇ ਦੋਹੇ ਬਰਾਬਰਤਾ ਤੇ ਜ਼ੁਲਮ ਵਿਰੁਧ ਲੜਨ ਦਾ ਸੁਨੇਹਾ ਦਿੰਦੇ ਹਨ।ਇਸ ਲਈ ਇਹਨਾਂ ਦਾ ਅਨੁਵਾਦ ਵੀ ਕੀਤਾ ਜਾਣਾ ਚਾਹੀਦਾ ਹੈ ਤੇ ਇਹਨਾਂ ‘ਤੇ ਵਿਚਾਰ ਚਰਚਾ ਲਈ ਵਧੀਆ ਭਵਨ ਵੀ ਬਣਾਏ ਜਾਣੇ ਚਾਹੀਦੇ ਹਨ।ਮਾਨ ਨੇ ਮੰਦਰ ਕਮੇਟੀ ਵੱਲੋਂ ਸਨਮਾਨਤ ਕੀਤੇ ਜਾਣ ‘ਤੇ ਵੀ ਕਮੇਟੀ ਦਾ ਧੰਨਵਾਦ ਕੀਤਾ ਹੈ ।

ਪੰਜਾਬ ਦੇ ਲੋਕਾਂ ਦੀ ਤਾਰੀਫ਼ ਕਰਦੇ ਹੋਏ ਉਹਨਾਂ ਕਿਹਾ ਕਿ ਪਿਛਲੇ ਸਮਿਆਂ ਵਿੱਚ ਇਹਨਾਂ ਨੇ ਬਹੁਤ ਮਾੜੇ ਦਿਨ ਦੇਖੇ ਹਨ ਪਰ ਇਥੋਂ ਦੀ ਭਾਈਚਾਰਕ ਸਾਂਝ ਇੰਨੀ ਮਜਬੂਤ ਹੈ ਕਿ ਇਸ ਨੂੰ ਕੋਈ ਹਿਲਾ ਨਹੀਂ ਸਕਦਾ ਹੈ। ਉਹਨਾਂ ਇਹ ਵੀ ਕਿਹਾ ਹੈ ਕਿ ਸੂਬੇ ਦਾ ਮੁੱਖ ਮੰਤਰੀ ਹੋਣ ਦੇ ਨਾਤੇ ਉਹਨਾਂ ਦਾ ਤਿੰਨ ਕਰੋੜ ਪੰਜਾਬੀਆਂ ਲਈ ਫਰਜ਼ ਬਣਦਾ ਹੈ ਕਿ ਪੰਜਾਬ ਨੂੰ ਤਰੱਕੀਆਂ ਦੇ ਰਾਹ ‘ਤੇ ਪਾਇਆ ਜਾਵੇ। ਵਿਦੇਸ਼ ਪਰਵਾਸ ਕਰਨ ਵਾਲਿਆਂ ਦੇ ਜ਼ਿਕਰ ਕਰਦੇ ਹੋਏ ਮਾਨ ਨੇ ਕਿਹਾ ਹੈ ਕਿ ਉਥੇ ਵੀ ਹਾਲਾਤ ਕੁੱਝ ਜਿਆਦਾ ਵਧੀਆ ਨਹੀਂ ਹਨ।ਉਥੇ ਮਿਹਨਤ ਵੀ ਪੂਰੀ ਕਰਨੀ ਪੈਂਦੀ ਹੈ ਤੇ ਆਏ ਦਿਨ ਕਈ ਮਾੜੀਆਂ ਖ਼ਬਰਾਂ ਵੀ ਆਉਂਦੀਆਂ ਰਹਿੰਦੀਆਂ ਹਨ।ਇਸ ਲਈ ਇਸ ਧਰਤੀ ਤੇ ਰਹਿ ਕੇ ਮਿਹਨਤ ਕੀਤੀ ਜਾਵੇ।

ਅੰਮ੍ਰਿਤਸਰ ਵਿਖੇ ਹੋਏ ਧਮਾਕੇ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਮਾਨ ਨੇ ਕਿਹਾ ਕਿ ਆਜ਼ਾਦੀ ਨੂੰ ਲਿਆਉਣ ਵਿੱਚ ਪੰਜਾਬੀਆਂ ਦਾ ਵੱਡਾ ਯੋਗਦਾਨ ਹੈ ਤੇ ਅੱਜ ਵੀ ਇਸ ਦੀ ਰਾਖੀ ਪੰਜਾਬ ਦੇ ਪੁੱਤਰ ਹੀ ਸਰਹੱਦਾਂ ਤੇ ਖੜ ਕੇ ਕਰ ਰਹੇ ਹਨ। ਸੂਬੇ ਦੇ ਲੋਕਾਂ ਨੇ ਇਥੇ ਕਾਲਾ ਦੌਰ ਵੀ ਦੇਖਿਆ ਹੈ ਤੇ ਹੁਣ ਉਹ ਨਹੀਂ ਚਾਹੁੰਦੇ ਕਿ ਪੰਜਾਬ ਵਿੱਚ ਉਹ ਦਿਨ ਵਾਪਸ ਆਉਣ।ਸੂਬੇ ਵਿੱਚ ਪੂਰੀ ਤਰਾਂ ਨਾਲ ਸ਼ਾਂਤੀ ਹੈ ਤੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਕੰਪਨੀਆਂ ਦਾ ਇਥੇ ਆਉਣਾ ਇਸ ਗੱਲ ਦਾ ਸਬੂਤ ਹੈ।