Punjab

ਸਿੱਧੂ ਮੂਸੇ ਵਾਲੇ ਦੇ ਮਾਂ-ਬਾਪ ਦਾ ਛਲਕਿਆ ਦਰਦ, ਸਾਲ ਹੋ ਗਿਆ ਪਰ ਇਨਸਾਫ਼ ਕਿੱਥੇ ਮਿਲਿਆ ਹਾਲੇ ?

ਮਾਨਸਾ : ਪ੍ਰਸਿਧ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਨਾਲ ਹੋਈ ਅਣਹੋਣੀ ਨੂੰ ਕੱਲ ਤੋਂ ਬਾਅਦ ਇੱਕ ਸਾਲ ਪੂਰਾ ਹੋ ਜਾਵੇਗਾ। ਇਸ ਮੌਕੇ ਸਿੱਧੂ ਦੇ ਪਿੰਡ ਮੂਸਾ ਵਿਖੇ ਖੂਨਦਾਨ ਕੈਂਪ ਲਗਾਇਆ ਜਾਵੇਗਾ ਅਤੇ ਮਾਨਸਾ ਵਿੱਚ ਮੋਮਬੱਤੀ ਮਾਰਚ ਕੱਢਿਆ ਜਾਵੇਗਾ। ਦੋਵੇਂ ਸਮਾਗਮਾਂ ਵਿੱਚ ਵੱਡੀ ਗਿਣਤੀ ਵਿੱਚ ਸਿੱਧੂ ਦੇ ਚਾਹੁਣ ਵਾਲਿਆਂ ਤੇ ਪ੍ਰਸ਼ਸੰਕਾਂ ਦੇ ਪਹੁੰਚਣ ਦੀ ਉਮੀਦ ਹੈ।

ਸਿੱਧੂ ਦੇ ਚਾਚਾ ਚਮਕੌਰ ਸਿੰਘ ਨੇ ਦੱਸਿਆ ਕਿ ਪਿੰਡ ਮੂਸਾ ਵਿਖੇ ਪੰਚਾਇਤ ਵੱਲੋਂ ਖੂਨਦਾਨ ਕੈਂਪ ਲਗਾਇਆ ਜਾਵੇਗਾ ਅਤੇ 29 ਮਈ ਨੂੰ ਮ੍ਰਿਤਕ ਗਾਇਕ ਨੂੰ ਸ਼ਰਧਾਂਜਲੀ ਦੇਣ ਲਈ ਮਾਨਸਾ ਵਿਖੇ ਮੋਮਬੱਤੀ ਮਾਰਚ ਕੱਢਿਆ ਜਾਵੇਗਾ।

ਇਸ ਦੌਰਾਨ ਸਿੱਧੂ ਦੇ ਮਾਂ-ਬਾਪ ਦਾ ਦਰਦ ਇੱਕ ਵਾਰ ਫਿਰ ਤੋਂ ਛੱਲਕਿਆ ਹੈ । ਉਹਨਾਂ ਸਿੱਧੂ ਦੇ ਕਤਲ ਦੀ ‘ਢਿੱਲੀ ਜਾਂਚ’ ਤੋਂ ਨਿਰਾਸ਼ਾ ਪ੍ਰਗਟਾਈ ਤੇ ਕਿਹਾ  ਹੈ ਕਿ ਇੱਕ ਸਾਲ ਬੀਤਣ ਤੋਂ ਬਾਅਦ ਵੀ ਉਹ ਇਨਸਾਫ਼ ਦੀ ਉਡੀਕ ਕਰ ਰਹੇ ਹਨ।ਸਿੱਧੂ ਦੇ ਮਾਤਾ ਚਰਨ ਕੌਰ ਨੇ ਕਿਹਾ, ”ਮੇਰੇ ਬੇਟੇ ਦੇ ਕਤਲ ਨੂੰ ਇਕ ਸਾਲ ਬੀਤ ਗਿਆ ਹੈ। ਹਾਲਾਂਕਿ ਸਾਨੂੰ ਕੋਈ ਉਮੀਦ ਨਹੀਂ ਹੈ, ਅਸੀਂ ਨਿਆਂ ਦੀ ਉਡੀਕ ਕਰਦੇ ਹਾਂ। ਉਸ ਦੇ ਪਿਤਾ ਹੋਲੋਗ੍ਰਾਮ ਦੀ ਤਿਆਰੀ ਲਈ ਵਿਦੇਸ਼ ਗਏ ਹੋਏ ਹਨ, ਜੋ ਜਲਦੀ ਹੀ ਪੇਸ਼ ਕੀਤਾ ਜਾਵੇਗਾ।ਉਨ੍ਹਾਂ ਕਿਹਾ ਕਿ ਜਦੋਂ ਤੱਕ ਸਿੱਧੂ ਮੂਸੇਵਾਲਾ ਦੇ ਕਾਤਲਾਂ ਅਤੇ ਸਾਜ਼ਿਸ਼ਕਾਰਾਂ ਨੂੰ ਸਜ਼ਾ ਨਹੀਂ ਮਿਲਦੀ, ਉਦੋਂ ਤੱਕ ਇਨਸਾਫ਼ ਲਈ ਸਾਡੀ ਲੜਾਈ ਜਾਰੀ ਰਹੇਗੀ। ਉਸ ਦਾ ਕਤਲ ਇੱਕ ਵੱਡੀ ਸਾਜ਼ਿਸ਼ ਦਾ ਹਿੱਸਾ ਹੈ। ਇਸ ਲਈ, ਸਾਰੇ ਸਾਜ਼ਿਸ਼ਕਾਰਾਂ ਦੇ ਚਿਹਰਿਆਂ ਨੂੰ ਬੇਨਕਾਬ ਕਰਨਾ ਜ਼ਰੂਰੀ ਹੈ।”

ਚਰਨ ਕੌਰ ਨੇ ਕਿਹਾ ਕਿ ਉਸ ਨੂੰ ਆਪਣੇ ਬੇਟੇ ‘ਤੇ ਮਾਣ ਹੈ, ਜਿਸ ਨੇ ਆਪਣਾ ਨਾਂ ਕਮਾਇਆ ਹੈ ਅਤੇ ਦੁਨੀਆ ਭਰ ਦੇ ਲੋਕਾਂ ਦਾ ਪਿਆਰ ਵੀ ਪ੍ਰਾਪਤ ਕੀਤਾ ਹੈ।

ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ, ਜੋ ਇਸ ਵੇਲੇ ਯੂਕੇ ਵਿੱਚ ਹਨ, ਨੇ ਬ੍ਰਿਟਿਸ਼ ਸੰਸਦ ਮੈਂਬਰ ਪ੍ਰੀਤ ਕੌਰ ਗਿੱਲ ਅਤੇ ਤਨਮਨਜੀਤ ਸਿੰਘ ਢੇਸੀ ਨਾਲ ਮੁਲਾਕਾਤ ਕੀਤੀ ਹੈ। ਦੋਵਾਂ ਸਿੱਖ ਸੰਸਦ ਮੈਂਬਰਾਂ ਨੇ ਇਨਸਾਫ਼ ਦੀ ਲੜਾਈ ਵਿੱਚ ਮਾਰੇ ਗਏ ਗਾਇਕ ਦੇ ਪਰਿਵਾਰ ਨੂੰ ਆਪਣਾ ਸਮਰਥਨ ਜਾਰੀ ਰੱਖਣ ਦਾ ਵਾਅਦਾ ਕੀਤਾ।

ਮੂਸੇਵਾਲਾ ਦੀ ਪਿਛਲੇ ਸਾਲ 29 ਮਈ ਨੂੰ ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਹਰਕੇ ਵਿਖੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਹਮਲਾਵਰਾਂ ਵੱਲੋਂ ਉਸ ਦੀ ਥਾਰ ਜੀਪ ‘ਤੇ ਹਮਲਾ ਕਰਕੇ ਉਸਨੂੰ ਗੋਲੀਆਂ ਦੀ ਬੁਛਾੜ ਕਰ ਜਾਨੋਂ ਮਾਰ ਦਿੱਤਾ ਸੀ ।

ਮਾਮਲੇ ਦੀ ਜਾਂਚ ਅਜੇ ਜਾਰੀ ਹੈ ਅਤੇ ਇਸ ਸਬੰਧ ਵਿਚ ਕੁਝ ਗ੍ਰਿਫਤਾਰੀਆਂ ਵੀ ਹੋਈਆਂ ਹਨ। ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾੜ ਨੇ ਇਸ ਕਤਲ ਦੀ ਜਿੰਮੇਵਾਰੀ ਲਈ ਸੀ।