India

‘ਬ੍ਰਿਜ ਭੂਸ਼ਣ ‘ਤੇ ਲੱਗੇ ਦੋਸ਼ ਗੰਭੀਰ, ਗ੍ਰਿਫ਼ਤਾਰ ਹੋਣਾ ਚਾਹੀਦਾ ਹੈ’ ਪਹਿਲਵਾਨਾਂ ਦੇ ਸਮਰਥਨ ‘ਚ ਬੋਲੇ ਰਾਮਦੇਵ

Baba Ramdev, Wrestlers' Protest, Brij Bhushan, india news

ਭੀਲਵਾੜਾ : ਯੋਗ ਗੁਰੂ ਰਾਮਦੇਵ ਨੇ ਵੀ ਯੰਤਰ ਮੰਤਰ ਵਿੱਚ ਲੱਗੇ ਪਹਿਲਵਾਨਾਂ ਦੇ ਅੰਦੋਲਨ ਦੀ ਹਿਮਾਇਤ ਕਰ ਦਿੱਤੀ ਹੈ। ਉਨ੍ਹਾਂ ਨੇ ਕੁਸ਼ਤੀ ਫੈਡਰੇਸ਼ਨ ਦੇ ਮੁਖੀ ਅਤੇ ਭਾਜਪਾ ਸੰਸਦ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਹੈ।

ਰਾਮਦੇਵ ਨੇ ਕਿਹਾ, ‘ਬਹੁਤ ਸ਼ਰਮ ਦੀ ਗੱਲ ਹੈ ਕਿ ਦੇਸ਼ ਦੇ ਪਹਿਲਵਾਨ ਜੰਤਰ-ਮੰਤਰ ‘ਤੇ ਬੈਠੇ ਹਨ ਅਤੇ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ‘ਤੇ ਜਿਨਸੀ ਸ਼ੋਸ਼ਣ ਦੇ ਦੋਸ਼ ਲਗਾ ਰਹੇ ਹਨ। ਅਜਿਹੇ ਵਿਅਕਤੀ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਸਲਾਖਾਂ ਪਿੱਛੇ ਭੇਜਿਆ ਜਾਵੇ। ਉਹ ਹਰ ਰੋਜ਼ ਮਾਂ, ਭੈਣ ਅਤੇ ਧੀਆਂ ਬਾਰੇ ਬਕਵਾਸ ਕਰਦਾ ਹੈ। ਇਹ ਬਹੁਤ ਹੀ ਨਿੰਦਣਯੋਗ ਬੁਰਾਈ, ਪਾਪ ਹੈ।’

ਦੱਸ ਦੇਈਏ ਕਿ ਰਾਮਦੇਵ ਸ਼ੁੱਕਰਵਾਰ ਨੂੰ ਰਾਜਸਥਾਨ ਦੇ ਭੀਲਵਾੜਾ ‘ਚ ਆਯੋਜਿਤ ਤਿੰਨ ਦਿਨਾਂ ਯੋਗਾ ਕੈਂਪ ‘ਚ ਸ਼ਾਮਲ ਹੋਣ ਲਈ ਪਹੁੰਚੇ ਸਨ। ਇੱਥੇ ਉਨ੍ਹਾਂ ਨੇ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬ੍ਰਿਜ ਭੂਸ਼ਣ ਬਾਰੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਪਰੋਕਤ ਟਿੱਪਣੀਆਂ ਕੀਤੀਆਂ।

ਇਹ ਪੁੱਛੇ ਜਾਣ ‘ਤੇ ਕਿ ਦਿੱਲੀ ਪੁਲਿਸ ਬ੍ਰਿਜ ਭੂਸ਼ਣ ਸਿੰਘ ਦੇ ਖਿਲਾਫ ਐਫਆਈਆਰ ਦਰਜ ਕਰਨ ਦੇ ਬਾਵਜੂਦ ਗ੍ਰਿਫ਼ਤਾਰ ਨਹੀਂ ਕਰ ਰਹੀ, ਰਾਮਦੇਵ ਨੇ ਕਿਹਾ, “ਮੈਂ ਸਿਰਫ ਬਿਆਨ ਦੇ ਸਕਦਾ ਹਾਂ। ਮੈਂ ਉਸਨੂੰ (ਜੇਲ੍ਹ ਵਿੱਚ) ਬੰਦ ਨਹੀਂ ਕਰ ਸਕਦਾ।’

ਭਾਰਤ ਦੇ ਚੋਟੀ ਦੇ ਪਹਿਲਵਾਨਾਂ ਵੱਲੋਂ ਕੁਸ਼ਤੀ ਫੈਡਰੇਸ਼ਨ ਦੇ ਮੁਖੀ ਅਤੇ ਭਾਜਪਾ ਸੰਸਦ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਹਫ਼ਤਿਆਂ ਤੋਂ ਜੰਤਰ-ਮੰਤਰ ਵਿਖੇ ਪ੍ਰਦਰਸ਼ਨ ਚੱਲ ਰਿਹਾ ਹੈ। ਇਸ ਅੰਦੋਲਨ ਦਾ ਜਨਤਕ ਅਤੇ ਜਮਹੂਰੀ ਜਥੇਬੰਦੀਆਂ ਵੱਲੋਂ ਸਮਰਥਨ ਕੀਤਾ ਗਿਆ ਹੈ। ਉੱਤਰ ਭਾਰਤ ਦੀਆਂ ਕਈ ਕਿਸਾਨ-ਮਜ਼ਦੂਰ ਜਥੇਬੰਦੀਆਂ ਵੀ ਇਸ ਅੰਦੋਲਨ ਦੇ ਹੱਕ ਵਿੱਚ ਪ੍ਰਦਰਸ਼ਨ ਕਰ ਰਹੀਆਂ ਹਨ।