India

ਬਾਬਾ ਰਾਮਦੇਵ ਦੀ ਮੁਆਫ਼ੀ ਤੋਂ ਸੰਤੁਸ਼ਟ ਨਹੀਂ ਸੁਰਪੀਮ ਕੋਰਟ, ਅਖ਼ਬਾਰ ’ਚ ਦੁਬਾਰਾ ‘ਵੱਡੀ ਮੁਆਫ਼ੀ’ ਮੰਗਣ ਦੇ ਹੁਕਮ

ਬਾਬਾ ਰਾਮਦੇਵ (Baba Ramdev)  ਦੀਆਂ ਮੁਸ਼ਕਿਲਾਂ ਘਟਣ ਦਾ ਨਾਮ ਨਹੀਂ ਲੈ ਰਹੀਆਂ। ਪਤੰਜਲੀ (Patanjli) ਦੇ ਗੁੰਮਰਾਹਕੁੰਨ ਇਸ਼ਤਿਹਾਰ ਨਾਲ ਸਬੰਧਿਤ ਮਾਣਹਾਨੀ ਮਾਮਲੇ ਦੀ ਮੰਗਲਵਾਰ (23 ਅਪ੍ਰੈਲ) ਨੂੰ ਸੁਪਰੀਮ ਕੋਰਟ ਵਿੱਚ ਸੁਣਵਾਈ ਹੋਈ, ਜਿਸ ਵਿੱਚ ਉਨ੍ਹਾਂ ਨੂੰ 30 ਅ੍ਰਪੈਲ ਨੂੰ ਮੁੜ ਹਾਜ਼ਰ ਹੋਣ ਲਈ ਕਿਹਾ ਗਿਆ ਹੈ। ਇਸ ਮਾਮਲੇ ਦੀ ਸੁਣਵਾਈ ਜਸਟਿਸ ਹਿਮਾ ਕੋਹਲੀ ਤੇ ਅਹਿਸਾਨੁਦੀਨ ਅਮਾਨਉੱਲ੍ਹਾ ਦੀ ਬੈਂਚ ਨੇ ਕੀਤੀ।

ਅਦਾਲਤ ਵਿੱਚ ਸੁਣਵਾਈ ਹੋਣ ਮੌਕੇ ਬਾਬਾ ਰਾਮਦੇਵ ਅਤੇ ਪਤੰਜਲੀ ਆਯੁਰਵੇਦ ਦੇ ਮੈਨੇਜਿੰਗ ਡਾਇਰੈਕਟਰ ਆਚਾਰੀਆ ਬਾਲਕ੍ਰਿਸ਼ਨ ਅਦਾਲਤ ਵਿੱਚ ਮੌਜੂਦ ਸਨ। ਸੁਪਰੀਮ ਕੋਰਟ ਦੀ ਸਖ਼ਤੀ ਤੋਂ ਬਾਅਦ ਪਤੰਜਲੀ ਆਯੁਰਵੇਦ ਨੇ ਮੁਆਫ਼ੀ ਮੰਗ ਲਈ ਸੀ। ਪਿਛਲੀ ਸੁਣਵਾਈ ‘ਚ ਬਾਬਾ ਰਾਮਦੇਵ ਤੇ ਆਚਾਰਿਆ ਬਾਲਕ੍ਰਿਸ਼ਨ ਨੇ ਕਿਹਾ ਸੀ ਕਿ ਉਨ੍ਹਾਂ ਨੇ ਆਯੁਰਵੇਦ ਨੂੰ ਉਤਸ਼ਾਹ ਕਰਨ ਦੇ ਲਈ ਇਸ਼ਤਿਹਾਰ ਦਿੱਤੇ ਸਨ, ਇਸ ਸਬੰਧੀ ਕਾਨੂੰਨੀ ਜਾਣਕਾਰੀ ਨਹੀਂ ਸੀ।

ਬਾਬਾ ਰਾਮਦੇਵ ਤੇ ਆਚਾਰਿਆ ਬਾਲਕ੍ਰਿਸ਼ਨ ਦੇ ਵਕੀਲ ਨੇ ਜਨਤਕ ਤੌਰ ਉੱਤੇ ਮੁਆਫ਼ੀਨਾਮਾ ਛਾਪ ਕੇ ਮੁਆਫ਼ੀ ਮੰਗਣ ਦੀ ਗੱਲ ਕਹੀ ਸੀ, ਜਿਸ ਤੋਂ ਬਾਅਦ ਅਖ਼ਬਾਰਾਂ ਰਾਹੀਂ ਮੁਆਫ਼ੀ ਮੰਗੀ ਗਈ ਸੀ। ਇਸ ‘ਤੇ ਸੁਪਰੀਮ ਕੋਰਟ ਨੇ ਸਵਾਲ ਕਰਦਿਆਂ ਪੁੱਛਿਆ ਕਿ ਤੁਸੀਂ ਅਖ਼ਬਾਰ ਵਿੱਚ ਕਿਸ ਆਕਾਰ ਦਾ ਇਸ਼ਤਿਹਾਰ ਦਿੱਤਾ ਸੀ, ਜਿਸ ਦੇ ਜਵਾਬ ਵਿੱਚ ਸੀਨੀਅਰ ਵਕੀਲ ਮੁਕੁਲ ਰੋਹਤਗੀ ਨੇ ਕਿਹਾ ਕਿ ਅਸੀਂ ਮੁਆਫ਼ੀਨਾਮਾ ਪ੍ਰਕਾਸ਼ਿਤ ਕੀਤਾ ਹੈ। ਇਸ ‘ਤੇ ਜਸਟਿਸ ਕੋਹਲੀ ਨੇ ਕਿਹਾ ਕਿ ਤੁਸੀਂ ਕੁੱਝ ਨਹੀਂ ਕੀਤਾ।

ਜਸਟਿਸ ਕੋਹਲੀ ਨੇ ਪੁੱਛਿਆ ਕਿ ਇੱਕ ਹਫ਼ਤੇ ਬਾਅਦ ਕੱਲ੍ਹ ਅਜਿਹਾ ਕਿਉਂ ਕੀਤਾ ਗਿਆ। ਕੀ ਤੁਹਾਡੇ ਸਾਰੇ ਇਸ਼ਤਿਹਾਰਾਂ ਵਿੱਚ ਮੁਆਫ਼ੀ ਦਾ ਆਕਰ ਇੱਕੋ ਜਿਹਾ ਹੈ? ਇਸ ਦਾ ਜਵਾਬ ਦਿੰਦਿਆਂ ਵਕੀਲ ਰੋਹਤਗੀ ਨੇ ਕਿਹਾ ਕਿ ਇਸ ਇਸ਼ਤਿਹਾਰ ਦੀ ਕੀਮਤ ਦਸ ਲੱਖ ਰੁਪਏ ਹੈ।

ਅਦਾਲਤ ਨੇ ਅਖ਼ਬਾਰਾਂ ‘ਚ ਪ੍ਰਕਾਸ਼ਿਤ ਇਸ਼ਤਿਹਾਰਾਂ ਨੂੰ ਅਯੋਗ ਦੱਸਦਿਆਂ ਕਿਹਾ ਕਿ ਇਸ ਨੂੰ ਦੁਬਾਰਾ ਪ੍ਰਕਾਸ਼ਿਤ ਕੀਤਾ ਜਾਵੇ।

ਇਸ ਤੋਂ ਪਹਿਲਾਂ 16 ਅਪ੍ਰੈਲ ਨੂੰ ਹੋਈ ਸੁਣਵਾਈ ਮੌਕੇ ਅਦਾਲਤ ਨੇ ਬਾਬਾ ਰਾਮਦੇਵ ਤੇ ਆਚਾਰਿਆ ਬਾਲਕ੍ਰਿਸ਼ਨ ਨੂੰ ਇੱਕ ਹਫ਼ਤੇ ਅੰਦਰ ਆਪਣੀ ਗ਼ਲਤੀ ਸੁਧਾਰਨ ਲਈ ਕਦਮ ਚੁੱਕਣ ਲਈ ਕਿਹਾ ਸੀ।

ਇਹ ਵੀ ਪੜ੍ਹੋ – ਰੇਲਵੇ ਟਰੈਕ ’ਤੇ ਕਿਸਾਨਾਂ ਨੂੰ ਡਰਾਉਣ ਲਈ ਘੱਲੀ ਮਸ਼ੀਨ, ਧਰਨੇ ’ਚ ਪੈ ਗਈ ਭਾਜੜ