The Khalas Tv Blog Punjab ਕਿਸਾਨ ਆਗੂਆਂ ਤੇ ਪ੍ਰਸ਼ਾਸਨ ਵਿਚਾਲੇ ਹੋਈ ਮੀਟਿੰਗ ਬੇਸਿੱਟਾ,ਜਾਰੀ ਰਹੇਗਾ ਧਰਨਾ : ਕਿਸਾਨ ਆਗੂ
Punjab

ਕਿਸਾਨ ਆਗੂਆਂ ਤੇ ਪ੍ਰਸ਼ਾਸਨ ਵਿਚਾਲੇ ਹੋਈ ਮੀਟਿੰਗ ਬੇਸਿੱਟਾ,ਜਾਰੀ ਰਹੇਗਾ ਧਰਨਾ : ਕਿਸਾਨ ਆਗੂ

ਫਰੀਦਕੋਟ : ਫਰੀਦਕੋਟ ਵਿੱਚ ਚੱਲ ਰਹੇ ਕਿਸਾਨਾਂ ਦੇ ਧਰਨੇ ਨੂੰ ਲੈ ਕੇ ਕਿਸਾਨ ਆਗੂਆਂ ਤੇ ਪ੍ਰਸ਼ਾਸਨ ਵਿਚਾਲੇ ਹੋਈ ਮੀਟਿੰਗ ਬੇਸਿੱਟਾ ਰਹੀ ਹੈ। ਇਲਾਕੇ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਇਸ ਮੀਟਿੰਗ ਵਿੱਚ ਸ਼ਾਮਲ ਹੋਏ ਸੀ। ਕਿਸਾਨ ਹਾਲੇ ਵੀ ਮੁੱਖ ਮੰਤਰੀ ਵੱਲੋਂ ਮਾਫੀ ਮੰਗੇ ਜਾਣ ਦੀ ਗੱਲ ਨੂੰ ਲੈ ਕੇ ਅੜੇ ਹੋਏ ਹਨ।

ਇਸ ਦੌਰਾਨ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੀ ਫਰੀਦਕੋਟ ਪਹੁੰਚੇ ਹਨ ਤਾਂ ਜੋ ਕਿਸਾਨਾਂ ਦਾ ਧਰਨਾ ਖ਼ਤਮ ਕਰਵਾਇਆ ਜਾ ਸਕੇ ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਖੁਲਵਾਇਆ ਜਾ ਸਕੇ ਪਰ ਉਸ ਤੋਂ ਪਹਿਲਾਂ ਹੀ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਪ੍ਰਸ਼ਾਸਨ ਨਾਲ ਸਹਿਮਤੀ ਨਹੀਂ ਬਣ ਸਕੀ,ਜਿਸ ਕਾਰਨ ਕੈਬਨਿਟ ਮੰਤਰੀ ਦੇ ਪਹੁੰਚਣ ਤੋਂ ਪਹਿਲਾਂ ਹੀ ਮੀਟਿੰਗ ਬਿਨਾਂ ਕਿਸੇ ਨਤੀਜੇ ਦੇ ਹੀ ਖ਼ਤਮ ਹੋ ਗਈ।

ਹੁਣ ਪ੍ਰਸ਼ਾਸਨ ਵੱਲੋਂ ਯਤਨ ਕੀਤੇ ਜਾ ਰਹੇ ਹਨ ਕਿ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨਾਲ ਕਿਸਾਨਾਂ ਦੀ ਮੀਟਿੰਗ ਕਰਵਾਈ ਜਾ ਸਕੇ ਪਰ ਉਧਰ ਕਿਸਾਨਾਂ ਦੀ ਹੁਣ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੀ  ਮੀਟਿੰਗ ਹੋਣ ਜਾ ਰਹੀ ਹੈ,ਜਿਸ ਵਿੱਚ ਅਗਲਾ ਫੈਸਲਾ ਲਿਆ ਜਾਵੇਗਾ।

ਇਸ ਮੌਕੇ ਕਿਸਾਨ ਆਗੂਆਂ ਦਾ ਕਹਿਣਾ ਸੀ ਕਿ ਮੀਟਿੰਗ ਸ਼ੁਰੂ ਹੁੰਦੇ ਹੀ ਸਭ ਤੋਂ ਪਹਿਲਾਂ ਵਿਧਾਇਕ ਗੁਰਦਿੱਤ ਸਿੰਘ ਦੇ ਸਾਹਮਣੇ ਮੁੱਖ ਮੰਤਰੀ ਵੱਲੋਂ ਮਾਫ਼ੀ ਮੰਗੇ ਜਾਣ ਦੀ ਗੱਲ  ਰੱਖੀ ਗਈ ,ਜਿਸ ਦਾ ਉਹਨਾਂ ਵੱਲੋਂ ਕੋਈ ਹੁੰਗਾਰਾ ਨਹੀਂ ਭਰਿਆ ਗਿਆ। ਇਸ ਲਈ ਕੈਬਨਿਟ ਮੰਤਰੀ ਦੇ ਆਉਣ ਤੋਂ ਪਹਿਲਾਂ ਹੀ ਮੀਟਿੰਗ ਖ਼ਤਮ ਹੋ ਗਈ। ਉਹਨਾਂ ਇਹ ਵੀ ਕਿਹਾ ਹੈ ਕਿ ਧਰਨਾ ਜਾਰੀ ਰਹੇਗਾ ਤੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੀ ਹੋਣ ਜਾ ਰਹੀ ਮੀਟਿੰਗ ਵਿੱਚ ਅਗਲਾ ਫੈਸਲਾ ਲਿਆ ਜਾਵੇਗਾ।

ਰੁਲਦੂ ਸਿੰਘ ਮਾਨਸਾ ਦਾ ਵਿਰੋਧ

ਉਧਰ ਕਿਸਾਨਾਂ ਦਾ ਧਰਨਾ ਅੱਜ ਨੋਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ ਤੇ ਕਿਸਾਨ ਆਗੂ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 6ਵੇਂ ਦਿਨ ਵੀ ਜਾਰੀ ਹੈ। ਦੂਜੇ ਪਾਸੇ ਕਿਸਾਨ ਨੇਤਾ ਰੁਲਦੂ ਸਿੰਘ ਨੇ ਡੱਲੇਵਾਲ ‘ਤੇ ਦੋਸ਼ ਲਾਇਆ ਹੈ ਕਿ ਭਾਜਪਾ ਦੇ ਇਸ਼ਾਰੇ ‘ਤੇ ਮਰਨ ਵਰਤ ਸ਼ੁਰੂ ਕੀਤਾ ਹੈ। ਜਿਸ ਤੇ ਆਗੂ ਡੱਲੇਵਾਲ ਨੇ ਪਲਟਵਾਰ ਕਰਦਿਆਂ ਕਿਹਾ ਕਿ ਰੁਲਦੂ ਸਿੰਘ ਨੇ ਦਿੱਲੀ ਵਿਚ ਖੇਤੀ ਵਿਰੋਧੀ ਕਾਨੂੰਨਾਂ ਦੇ ਖਿਲਾਫ ਚੱਲ ਰਹੇ ਮੋਰਚੇ ਨੂੰ ਭਾਜਪਾ ਦੇ ਕਹਿਣ ‘ਤੇ ਖਤਮ ਕਰਵਾਇਆ ਸੀ।

ਪਟਿਆਲਾ-ਰਾਜਪੁਰਾ ਰੋਡ ਕਿਸਾਨਾਂ ਨੇ ਫਿਰ ਕੀਤਾ ਜਾਮ

ਇਸ ਤੋਂ ਇਲਾਵਾ ਪਟਿਆਲਾ ‘ਚ ਕਿਸਾਨਾਂ ਨੇ ਅੱਜ ਫਿਰ ਪਟਿਆਲਾ-ਰਾਜਪੁਰਾ ਰੋਡ ‘ਤੇ ਜਾਮ ਲਗਾਇਆ ਤੇ ਧਰੇੜੀ ਜੱਟਾਂ ਟੋਲ ਪਲਾਜੇ ਨੂੰ ਬੰਦ ਕਰ ਦਿੱਤਾ । ਹਾਲਾਂਕਿ ਬਾਅਦ ਵਿੱਚ ਲੋਕਾਂ ਨੂੰ ਪਰੇਸ਼ਾਨੀ ਨੂੰ ਦੇਖਦੇ ਹੋਏ ਇਹ ਜਾਮ ਖੋਲ ਦਿੱਤਾ ਗਿਆ । ਇਸ ਟੋਲ ਪਲਾਜੇ ‘ਤੇ ਵੀ 8 ਦਿਨਾਂ ਤੋਂ ਕਿਸਾਨਾਂ ਦਾ ਧਰਨਾ ਚੱਲ ਰਿਹਾ ਹੈ।

ਹਾਲਾਂਕਿ ਇਥੇ ਵੀ ਕਿਸਾਨਾਂ ਦਾ ਵਿਰੋਧ ਹੋਇਆ ਸੀ ਤੇ ਵਿਰੋਧ ਕਰਨ ਵਾਲੇ ਹੋਰ ਕੋਈ ਨਹੀਂ ਸਗੋਂ ਕਿਸਾਨ ਆਗੂ ਬੂਟਾ ਸਿੰਘ ਸ਼ਾਦੀਪੁਰ ਸਨ। ਉਹਨਾਂ ਬਿਆਨ ਦਿੱਤਾ ਹੈ ਕਿ ਕਿਸਾਨ ਜਥੇਬੰਦੀਆਂ ਨੂੰ ਇੱਕ ਦਿਨ ਦਾ ਬੰਦ ਕਰ ਕੇ ਸਰਕਾਰ ਨੂੰ ਨੋਟਿਸ ਦੇਣਾ ਚਾਹਿਦਾ ਹੈ । ਇਸ ਤਰਾਂ ਹਾਈਵੇਅ ਜਾਮ ਕਰਨ ਨਾਲ ਆਮ ਲੋਕਾਂ ਨੂੰ ਹੀ ਔਖ ਹੁੰਦੀ ਹੈ।

Exit mobile version