Punjab

ਕਿਸਾਨ ਆਗੂ ਦੀ ਜ਼ੀਰਾ ਫੈਕਟਰੀ ਮੁੱਦੇ ‘ਤੇ ਸਰਕਾਰ ਨੂੰ ਵੰਗਾਰ,ਕਿਹਾ ਜੇ ਇਮਾਨਦਾਰ ਹੈ ਸਰਕਾਰ ਤਾਂ ਕਰਵਾਏ ਨਿਰਪੱਖ ਜਾਂਚ

ਫਿਰੋਜ਼ਪੁਰ : ਜ਼ੀਰਾ ਵਿੱਖੇ ਚੱਲ ਰਹੀ ਫੈਕਟਰੀ ਦੇ ਵਿਰੋਧ ਵਿੱਚ ਲੱਗੇ ਹੋਏ ਧਰਨੇ ਵਿੱਚ ਕੱਲ ਕਿਸਾਨਾਂ ਉਤੇ ਹੋਏ ਲਾਠੀਚਾਰਜ ਦੀ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ ਤੇ ਕਿਹਾ ਹੈ ਕਿ ਆਮ ਲੋਕਾਂ ਦਾ ਨਾਂ ਵਰਤ ਕੇ ਸੱਤਾ ਵਿੱਚ ਆਈ ਇਹ ਪਾਰਟੀ ਖਾਸ ਲੋਕਾਂ ਦੀ ਕਾਰਪੋਰੇਟ ਘਰਾਣਿਆਂ ਪੱਖੀ ਸਰਕਾਰ ਬਣ ਕੇ ਰਹਿ ਗਈ ਹੈ । ਜ਼ੀਰਾ ਵਿੱਖੇ ਇੱਕ ਕਾਰਪੋਰੇਟ ਘਰਾਣੇ ਨੂੰ ਬਚਾਉਣ ਲਈ ਲੱਖਾਂ ਲੋਕਾਂ ਨੂੰ ਜਹਿਰੀਲਾ ਪਾਣੀ ਪੀਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਉਹਨਾਂ ਇਹ ਵੀ ਕਿਹਾ ਹੈ ਚੋਣਾਂ ਤੋਂ ਪਹਿਲਾਂ ਤੇ ਬਾਅਦ ਵਿੱਚ ਸਰਕਾਰ ਨੇ ਗਿਰਗਿਟ ਵਾਂਗ ਰੰਗ ਬਦਲਿਆ ਗਿਆ ਹੈ ।

ਸਰਕਾਰ ਜੇਕਰ ਇਮਾਨਦਾਰ ਹੈ ਤਾਂ ਲੋਕਾਂ ਵੱਲੋਂ ਚੁੱਕੀ ਜਾ ਰਹੀ ਆਵਾਜ਼ ਨੂੰ ਸੁਣੇ ਤੇ ਨਿਰਪੱਖ ਜਾਂਚ ਕਰਵਾਏ,ਨਾ ਕਿ ਲੋਕਾਂ ਦਾ ਆਵਾਜ਼ ਨੂੰ ਦਬਾਉਣ ਲਈ ਇਸ ਤਰਾਂ ਦੇ ਸ਼ਰਮਨਾਕ ਕਾਰੇ ਕਰੇ,ਜਿਸ ਤਰਾਂ ਕੱਲ ਕਿਸਾਨਾਂ ਤੇ ਲਾਠੀਆਂ ਵਰਾਈਆਂ ਗਈਆਂ ਹਨ। ਸਿਰਫ ਇਹੀ ਨਹੀਂ,ਇਸ ਤੋਂ ਪਹਿਲਾਂ ਬੀਬੀਆਂ ਨਾਲ ਵੀ ਦੁਰਵਿਵਹਾਰ ਕੀਤਾ ਗਿਆ ਹੈ।

ਉਹਨਾਂ ਕਿਹਾ ਕਿ ਸਰਕਾਰ ਵਲੋਂ ਲਏ ਗਏ ਫੈਸਲਿਆਂ ਕਾਰਨ ਆਮ ਲੋਕ ਤੰਗ ਹੋਏ ਪਏ ਹਨ। ਇਸ ਦਾ ਇੱਕ ਉਦਾਹਰਣ ਜਲੰਧਰ ਦੇ ਲਤੀਫਪੁਰਾ ਇਲਾਕੇ ਵਿੱਚ ਵੀ ਦੇਖਣ ਨੂੰ ਮਿਲੀ ਹੈ ਜਦੋਂ ਆਮ ਲੋਕਾਂ ਦੇ ਘਰਾਂ ਨੂੰ ਢਾਹ ਦਿੱਤਾ ਗਿਆ ਤੇ ਨਾ ਹੀ ਆਮ ਲੋਕਾਂ ਦੀ ਕੋਈ ਗੱਲ ਸੁਣੀ । ਇਹਨਾਂ ਦੀ ਸਾਰ ਮਨੁੱਖੀ ਅਧਿਕਾਰ ਕਮਿਸ਼ਨ ਨੇ ਵੀ ਉਹਨਾਂ ਦੀ ਕੋਈ ਸਾਰ ਲਈ ਹੈ। ਹਾਲਾਤ ਇੰਨੇ ਮਾੜੇ ਹਨ ਕਿ ਬਿਜਲੀ ਤੋਂ ਬਿਨਾਂ ਬੱਚੇ ਮੋਮਬਤੀਆਂ ਦੀ ਲੋਅ ਵਿੱਚ ਪੜ ਰਹੇ ਹਨ।

ਉਹਨਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇਹ ਪਾਣੀਆਂ ਦਾ ਮਸਲਾ ਹੈ,ਸਾਰੇ ਪੰਜਾਬ ਦਾ ਧਰਤੀ ਹੇਠਲਾ ਤੇ ਦਰਿਆਵਾਂ ਦਾ ਪਾਣੀ ਜ਼ਹਿਰੀਲੇ ਰਸਾਇਣਾਂ ਨਾਲ ਖਰਾਬ ਕੀਤਾ ਜਾ ਰਿਹਾ ਹੈ ।
ਪੰਜਾਬ ਪੁਲਿਸ ਕਰਮੀਆਂ ਨੂੰ ਵੀ ਸੰਬੋਧਨ ਕਰਦੇ ਹੋਏ ਡੱਲੇਵਾਲ ਨੇ ਕਿਹਾ ਹੈ ਕਿ ਸਰਕਾਰ ਭਾਵੇਂ ਉਪਰੀ ਹੈ ਪਰ ਪ੍ਰਦਰਸ਼ਨਕਾਰੀਆਂ ਵਿੱਚ ਉਹਨਾਂ ਦੇ ਹੀ ਚਾਚੇ ਤਾਏ ਹਨ। ਭਾਵੇਂ ਉਹਨਾਂ ਦੀਆਂ ਡਿਊਟੀਆਂ ਹੀ ਲਗੀਆਂ ਹੋਈਆਂ ਹਨ ।
ਕਿਸਾਨ ਆਗੂ ਡੱਲੇਵਾਲ ਨੇ ਸਾਰੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਦੇ ਪਾਣੀਆਂ ਦੀ ਇਸ ਲੜਾਈ ਵਿੱਚ ਹਿੱਕਾਂ ਡਾਹ ਕੇ ਧਰਨਾਕਾਰੀਆਂ ਦਾ ਸਾਥ ਦਿੱਤਾ ਜਾਵੇ ਤਾਂ ਜੋ ਅਗਲੀ ਪੀੜੀ ਨੂੰ ਪੀਣ ਲਈ ਸਾਫ ਸੁਥਰਾ ਪਾਣੀ ਮਿਲ ਸਕੇ।