India Punjab

ਹੁਣ ਤਾਮਿਲਨਾਡੂ ’ਚ ਵੀ ਚੱਲੇਗੀ ਬੰਦੀ ਸਿੰਘਾਂ ਦੀ ਰਿਹਾਈ ਲਈ ਮੁਹਿੰਮ , ਦਲ ਖਾਲਸਾ ਨੇ 9 ਬੰਦੀ ਸਿੰਘਾਂ ਦੇ ਵੇਰਵੇ ਤਾਮਿਲ ਆਗੂਆਂ ਨੂੰ ਭੇਜੇ

A campaign for the release of Sikh captives will also be held in Tamil Nadu

ਤਾਮਿਲਨਾਡੂ : ਲੰਮੇ ਸਮੇਂ ਤੋਂ ਜੇਲ੍ਹਾਂ ਵਿੱਚ ਬੰਦ ਪੰਜਾਬ ਦੇ ਸਿੱਖ ਬੰਦੀਆਂ ਦੀ ਰਿਹਾਈ ਲਈ ਦਸਤਖ਼ਤੀ ਮੁਹਿੰਮ ਹੁਣ ਤਾਮਿਲਨਾਡੂ ਵਿੱਚ ਵੀ ਚੱਲੇਗੀ। ਤਾਮਿਲਨਾਡੂ ਦੀਆਂ ਸਿਆਸੀ ਜਥੇਬੰਦੀਆਂ ‘ਨਾਮ ਤਾਮਿਲਰ ਕਾਚੀ’ ਨੇ ਹਾਲ ਹੀ ਵਿੱਚ ਰਾਜੀਵ ਗਾਂਧੀ ਕਤਲ ਕੇਸ ਨਾਲ ਸਬੰਧਤ 7 ਕੈਦੀਆਂ ਨੂੰ ਸੁਪਰੀਮ ਕੋਰਟ ਰਾਹੀਂ ਰਿਹਾਅ ਕਰਵਾਇਆ ਹੈ।

ਇੱਥੇ ਦੱਸਣਯੋਗ ਹੈ ਕਿ ਨਾਮ ਤਾਮਿਲਰ ਪਾਰਟੀ ਦੇ ਕੁਝ ਨੁਮਾਇੰਦੇ ਹਾਲ ਹੀ ਵਿੱਚ ਅੰਮ੍ਰਿਤਸਰ ਆਏ ਸਨ ਅਤੇ ਉਨ੍ਹਾਂ ਨੇ ਤਾਮਿਲ ਕੈਦੀਆਂ ਦੀ ਰਿਹਾਈ ਦੇ ਸ਼ੁਕਰਾਨੇ ਵਜੋਂ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ ਸੀ। ਇਹ ਆਗੂ ਦਲ ਖਾਲਸਾ ਵੱਲੋਂ ਕੌਮਾਂਤਰੀ ਮਨੁੱਖੀ ਅਧਿਕਾਰ ਦਿਵਸ ਸਬੰਧੀ ਚੰਡੀਗੜ੍ਹ ਵਿੱਚ ਕਰਵਾਈ ਗਈ ਇੱਕ ਕਨਵੈਨਸ਼ਨ ਵਿੱਚ ਸ਼ਾਮਲ ਹੋਣ ਲਈ ਪੁੱਜੇ ਸਨ।

ਦਲ ਖਾਲਸਾ ਦੇ ਆਗੂ ਕੰਵਰਪਾਲ ਸਿੰਘ ਨੇ ਦੱਸਿਆ ਜਦੋਂ ਇਹ ਤਾਮਿਲ ਆਗੂ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਆਏ ਸਨ ਤਾਂ ਉਨ੍ਹਾਂ ਨੂੰ ਪੰਜਾਬ ਵਿੱਚ ਸਿੱਖ ਬੰਦੀਆਂ ਦੀ ਰਿਹਾਈ ਲਈ ਚਲਾਈ ਜਾ ਰਹੀ ਮੁਹਿੰਮ ਬਾਰੇ ਪਤਾ ਲੱਗਿਆ ਸੀ, ਤਾਂ ਤਾਮਿਲਨਾਡੂ ਪਰਤਣ ਮਗਰੋਂ ਉਨ੍ਹਾਂ ਦੇ ਸਿੱਖ ਬੰਦੀਆਂ ਦੇ ਵੇਰਵੇ ਮੰਗੇ ਹਨ, ਜਿਸ ਵਿੱਚ ਸਿੱਖ ਬੰਦੀਆਂ ਦੇ ਨਾਂਅ, ਪਤੇ, ਉਨ੍ਹਾਂ ਖ਼ਿਲਾਫ਼ ਦਰਜ ਕੇਸਾਂ ਦੇ ਵੇਰਵੇ , ਕਿੰਨੀ ਸਜ਼ਾ ਭੁਗਤ ਚੁੱਕੇ ਹਨ, ਕਿਸ ਜੇਲ੍ਹ ਵਿੱਚ ਬੰਦ ਹਨ, ਹੁਣ ਤੱਕ ਕੀ ਕੁਝ ਕੀਤਾ ਗਿਆ ਹੈ, ਕਿਹੜੀਆਂ ਜਥੇਬੰਦੀਆਂ ਉਨ੍ਹਾਂ ਦੀ ਰਿਹਾਈ ਦੀ ਮੰਗ ਕਰ ਰਹੀਆਂ ਹਨ ਅਤੇ ਸਰਕਾਰਾਂ ਦਾ ਇਸ ਪ੍ਰਤੀ ਕੀ ਹੋਇਆ ਹੈ ਆਦਿ ਵੇਰਵੇ ਸ਼ਾਮਲ ਹਨ। ਦਲ ਖਾਲਸਾ ਵੱਲੋਂ ਫਿਲਹਾਲ 9 ਸਿੱਖ ਕੈਦੀਆਂ ਦੇ ਵੇਰਵੇ ਭੇਜੇ ਗਏ ਹਨ।

ਜਿਨ੍ਹਾਂ ਦੀ ਰਿਹਾਈ ਲਈ ਸ਼੍ਰੋਮਣੀ ਕਮੇਟੀ ਵੱਲੋਂ ਵੀ ਮੰਗ ਕੀਤੀ ਜਾ ਰਹੀ ਹੈ। ਇਹ ਵੇਰਵੇ ਲੈਣ ਮਗਰੋਂ ਹੁਣ ਉਨ੍ਹਾਂ ਦੇ ਦਸਤਖ਼ਤ ਮੁਹਿੰਮ ਲਈ ਵਰਤੇ ਜਾ ਰਹੇ ਫਾਰਮ ਵੀ ਮੰਗੇ ਹਨ। ਜਿਨ੍ਹਾਂ ਨੂੰ ਤਾਮਿਲ ਭਾਸ਼ਾ ਵਿੱਚ ਤਬਦੀਲ ਕਰ ਕੇ ਤਾਮਿਲਨਾਡੂ ਵਿੱਚੋਂ ਇਹ ਪਰਫਾਰਮੇ ਭਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਤਾਮਿਲ ਆਗੂ ਐਡਵੋਕੇਟ ਪ੍ਰਭੂ ਨੇ ਨੇ ਭਰੋਸਾ ਦਿੱਤਾ ਕਿ ਉਹ ਸੁਪਰੀਮ ਕੋਰਟ ਵਿੱਚ ਵੀ ਸਿੱਖ ਬੰਦੀਆਂ ਦੀ ਰਿਹਾਈ ਲਈ ਕੀਤੀ ਜਾ ਰਹੀ ਚਾਰਾਜੋਈ ਦੌਰਾਨ ਸਿੱਖ ਵਕੀਲਾਂ ਨੂੰ ਸਹਿਯੋਗ ਦੇਣਗੇ ।

ਇਸ ਦੌਰਾਨ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਹਰਭਜਨ ਸਿੰਘ ਵਕਤਾ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਦਸੰਬਰ ਤੋਂ ਆਰੰਭ ਕੀਤੀ ਗਈ ਦਸਤਖ਼ਤ ਮੁਹਿੰਮ ਤਹਿਤ ਹੁਣ ਤੱਕ 5 ਲੱਖ ਤੋਂ ਵੱਧ ਪਰਫਾਰਮੇ ਭਰਵਾਏ ਜਾ ਚੁੱਕੇ ਹਨ। ਇਹ ਫਾਰਮ ਪੰਜਾਬ ਤੋਂ ਇਲਾਵਾ ਹਰਿਆਣਾ, ਉੱਤਰ ਪ੍ਰਦੇਸ਼ , ਦਿੱਲੀ ਅਤੇ ਜੰਮੂ ਕਸ਼ਮੀਰ ਵਿਚ ਭਰੇ ਜਾ ਰਹੇ ਹਨ। ਸ਼੍ਰੋਮਣੀ ਕਮੇਟੀ ਲੱਖਾਂ ਦੀ ਗਿਣਤੀ ਵਿਚ ਭਰੇ ਹੋਏ ਫਾਰਮ ਬਾਅਦ ਵਿੱਚ ਪੰਜਾਬ ਦੇ ਰਾਜਪਾਲ ਨੂੰ ਸੌਂਪੇਗੀ ਅਤੇ ਸਿੱਖ ਬੰਦੀਆਂ ਦੀ ਰਿਹਾਈ ਦੀ ਮੰਗ ਕੀਤੀ ਜਾਵੇਗੀ