Punjab

ਸੁਖਪਾਲ ਖਹਿਰਾ ਨੂੰ ਅੱਜ ਪੇਸ਼ ਕੀਤਾ ਜਾ ਰਿਹਾ ਮੁਹਾਲੀ ਦੀ ਅਦਾਲਤ ਵਿੱਚ

ਦ ਖ਼ਾਲਸ ਟੀਵੀ ਬਿਊਰੋ:- ਕਾਂਗਰਸੀ ਲੀਡਰ ਸੁਖਪਾਲ ਖਹਿਰਾ ਨੂੰ ਅੱਜ ਮੁਹਾਲੀ ਦੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਖਹਿਰਾ ਨੂੰ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਮਨੀ ਲਾਂਡਰਿੰਗ ਮਾਮਲੇ ਵਿੱਚ ਚੰਡੀਗੜ੍ਹ ਤੋਂ ਗ੍ਰਿਫ਼ਤਾਰ ਕੀਤਾ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ 7 ਦਿਨਾਂ ਲਈ ਈਡੀ ਦੀ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਸੀ। ਜਾਣਕਾਰੀ ਮੁਤਾਬਿਕ ਰਿਮਾਂਡ ਖਤਮ ਹੋਣ ਤੋਂ ਬਾਅਦ ਈਡੀ ਹੋਰ ਰਿਮਾਂਡ ਮੰਗ ਸਕਦਾ ਹੈ। ਖਹਿਰਾ ਨੇ ਆਪਣੀ ਗ੍ਰਿਫਤਾਰੀ ਨੂੰ ਗਲਤ ਦੱਸਦੇ ਹੋਏ ਪੰਜਾਬ ਹਰਿਆਣਾ ਹਾਈਕੋਰਟ ‘ਚ ਵੀ ਚੁਣੌਤੀ ਦਿੱਤੀ ਹੈ। ਇਸ ‘ਤੇ ਵੀ ਅੱਜ ਸੁਣਵਾਈ ਹੋਵੇਗੀ।

ਦੱਸ ਦਈਏ ਕਿ ਸੁਖਪਾਲ ਖਹਿਰਾ ‘ਤੇ ਇਕ ਲੱਖ ਅਮਰੀਕੀ ਡਾਲਰ ਲਿਆਉਣ ਦਾ ਦੋਸ਼ ਹੈ। ਹਾਲਾਂਕਿ ਖਹਿਰਾ ਨੇ ਸਪੱਸ਼ਟ ਕੀਤਾ ਕਿ ਜਦੋਂ ਉਹ ਆਮ ਆਦਮੀ ਪਾਰਟੀ (ਆਪ) ਵਿੱਚ ਸਨ ਤਾਂ ਉਹ ਪਾਰਟੀ ਮੁਖੀ ਅਰਵਿੰਦ ਕੇਜਰੀਵਾਲ ਦੇ ਕਹਿਣ ‘ਤੇ ਅਮਰੀਕਾ ਗਏ ਸਨ। ਉਥੇ ਜੋ ਵੀ ਚੋਣ ਫੰਡ ਇਕੱਠਾ ਹੋਇਆ, ਉਹ ਲਿਆ ਕੇ ਪਾਰਟੀ ਨੂੰ ਦਿੱਤਾ ਗਿਆ। ਉਸ ਨੇ ਇਸ ਸਬੰਧੀ ਸਾਰੇ ਸਬੂਤ ਈਡੀ ਨੂੰ ਸੌਂਪ ਦਿੱਤੇ ਹਨ। ਖਹਿਰਾ ਨੇ ਇਸ ਕਾਰਵਾਈ ਨੂੰ ਕੇਂਦਰ ਸਰਕਾਰ ਦੀ ਬਦਲਾਖੋਰੀ ਦੀ ਰਾਜਨੀਤੀ ਕਰਾਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਨ ’ਤੇ ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਗਈ ਹੈ।