Punjab

ਚੰਡੀਗੜ੍ਹ ਦੀਆਂ ਬਰੂਹਾਂ ‘ਤੇ ਲੱਗੇ ਮੋਰਚੇ ਤੋਂ ਹੋਇਆ ਨਵੀਆਂ ਕਮੇਟੀਆਂ ਦਾ ਐਲਾਨ,ਬਾਪੂ ਸੂਰਤ ਸਿੰਘ ਖਾਲਸਾ ਬਾਰੇ ਕਹੀ ਆਹ ਵੱਡੀ ਗੱਲ

ਚੰਡੀਗੜ੍ਹ : ਕੌਮੀ ਇਨਸਾਫ਼ ਮੋਰਚੇ ਵੱਲੋਂ ਪੰਥਕ ਵਿਚਾਰਾਂ ਤੇ ਮੋਰਚੇ ਦੀ ਚੜਦੀ ਕਲਾ ਲਈ 10 ਅਪ੍ਰੈਲ ਤੇ 14-15 ਅਪ੍ਰੈਲ ਨੂੰ ਸਮਾਗਮ ਰੱਖੇ ਗਏ ਹਨ। ਮੋਰਚੇ ‘ਤੇ ਹੋਈ ਪ੍ਰੈਸ ਕਾਨਫਰੰਸ ਵਿੱਚ ਸਵਾਲਾਂ ਦੇ ਜੁਆਬ ਦਿੰਦੇ ਹੋਏ ਪ੍ਰਬੰਧਕਾਂ ਨੇ ਜਿਥੇ ਜਥੇਦਾਰ ਅਕਾਲ ਤੱਖਤ ਗਿਆਨੀ ਹਰਪ੍ਰੀਤ ਸਿੰਘ ‘ਤੇ ਨਿਸ਼ਾਨਾ ਲਾਇਆ,ਉਥੇ ਭਾਈ ਜਗਤਾਰ ਸਿੰਘ ਹਵਾਰਾ ਦੇ ਸੁਨੇਹੇ ਨੂੰ ਸਾਰਿਆਂ ਵਿੱਚ ਰੱਖਿਆ ਤੇ ਨਵੀਆਂ ਬਣੀਆਂ ਕਮੇਟੀਆਂ ਦੀ ਜਾਣਕਾਰੀ ਦਿੱਤੀ।

ਪ੍ਰਬੰਧਕਾਂ ਨੇ ਜਥੇਦਾਰ ਅਕਾਲ ਤੱਖਤ ਗਿਆਨੀ ਹਰਪ੍ਰੀਤ ਸਿੰਘ ‘ਤੇ ਇਲਜ਼ਾਮ ਲਾਉਂਦੇ ਹੋਏ ਕਿਹਾ ਹੈ ਕਿ ਜਥੇਦਾਰ ਇੱਕ ਪਰਿਵਾਰ ਦਾ ਪ੍ਰਤੀਨਿਧੀਤਵ ਕਰਦੇ ਹਨ ਤੇ ਪਿਛਲੇ ਦਿਨੀਂ ਸ਼੍ਰੀ ਅਕਾਲ ਤਖਤ ਸਾਹਿਬ ‘ਤੇ ਹੋਈ ਇਕਤਰਤਾ ਵਿੱਚ ਵੀ ਸਿਰਫ਼ ਕੁੱਝ ਜਥੇਬੰਦੀਆਂ ਨੂੰ ਬੁਲਾਇਆ ਗਿਆ ਸੀ ਤੇ ਬਹੁਤ ਸੰਕੀਰਨ ਫੈਸਲੇ ਵੀ ਲਏ ਗਏ।

ਇਸ ਸੰਬੰਧ ਵਿੱਚ ਬੰਦੀ ਸਿੰਘਾਂ ਵਿੱਚੋਂ ਇੱਕ ਭਾਈ ਜਗਤਾਰ ਸਿੰਘ ਹਵਾਰਾ ਵੱਲੋਂ ਭੇਜੇ ਸੁਨੇਹੇ ਨੂੰ ਸਾਰਿਆਂ ਦੇ ਸਾਹਮਣੇ ਰੱਖਦੇ ਹੋਏ ਪ੍ਰਬੰਧਕਾਂ ਨੇ ਕਿਹਾ ਕਿ ਭਾਈ ਹਵਾਰਾ ਨੇ ਕਿਹਾ ਹੈ ਕਿ ਛੇਵੇਂ ਪਾਤਸ਼ਾਹ ਵੱਲੋਂ ਸਥਾਪਿਤ ਸ਼੍ਰੀ ਅਕਾਲ ਤਖ਼ਤ ਸਾਹਿਬ ‘ਤੇ ਇੰਨੇ ਸੰਕੀਰਨ ਫੈਸਲੇ ਲਏ ਜਾਣੇ ਬਹੁਤ ਘਾਤਕ ਹਨ।ਉਹਨਾਂ ਸਿੱਖ ਆਗੂਆਂ,ਜਥੇਬੰਦੀਆਂ,ਸੰਪਰਦਾਵਾਂ ਨੂੰ ਬੇਨਤੀ ਕੀਤੀ ਹੈ ਕਿ ਉਹ 10 ਅਪ੍ਰੈਲ ਨੂੰ ਮੋਰਚੇ ‘ਤੇ ਆਉਣ ਜਾਂ ਫਿਰ ਹੋਰ ਸਾਧਨਾਂ ਜਿਵੇਂ ਈਮੇਲ ਜਾਂ ਫੋਨ ਰਾਹੀਂ ਆਪਣੇ ਸੰਦੇਸ਼ ਸਾਂਝੇ ਕਰਨ। ਇਸ ਤੋਂ ਇਲਾਵਾ ਇਸ ਮਕਸਦ ਲਈ ਹੋਰ ਵੀ ਤਰੀਕਾਂ ਰੱਖੀਆਂ ਜਾ ਸਕਦੀਆਂ ਹਨ।

ਪ੍ਰਬੰਧਕਾਂ ਵੱਲੋਂ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਮੋਰਚੇ ਵਿੱਚ ਅੱਜ ਕਿਸਾਨ-ਮਜ਼ਦੂਰ ਸੰਘਰਸ ਕਮੇਟੀ ਇੱਕ ਵੱਡਾ ਕਾਫਲਾ ਲੈ ਕੇ ਮੋਰਚੇ ਵਿੱਚ ਸ਼ਾਮਲ ਹੋਈਆਂ ਹਨ। ਕਿਸਾਨਾਂ ਤੇ ਮਜ਼ਦੂਰਾਂ ਦੀਆਂ ਜਥੇਬੰਦੀਆਂ ਨੂੰ ਮੋਰਚੇ ਵਿੱਚ ਆਉਣ ਲਈ ਮੋਰਚੇ ਵੱਲੋਂ ਖੁੱਲਾ ਸੱਦਾ ਦਿੱਤਾ ਗਿਆ ਹੈ। ਮੋਰਚਾ ਆਪ ਵੀ ਪੰਜਾਬ ਦੇ ਪਿੰਡ-ਪਿੰਡ ਜਾ ਕੇ ਆਪਣੀ ਪਹੁੰਚ ਬਣਾਏਗਾ ਤੇ ਸਾਰੇ ਪੰਜਾਬ ਨੂੰ ਲਾਮਬੰਦ ਕੀਤਾ ਜਾਵੇਗਾ।

ਅੱਜ ਹੋਈ ਪ੍ਰੈਸ ਕਾਨਫਰੰਸ ਵਿੱਚ ਮੋਰਚੇ ਵੱਲੋਂ ਕੁੱਝ ਕਮੇਟੀਆਂ ਦੇ ਗਠਨ ਦਾ ਵੀ ਐਲਾਨ ਕੀਤਾ ਗਿਆ ਹੈ। ਜਥੇਦਾਰ ਹਵਾਰਾ ਦੇ ਧਰਮ ਪਿਤਾ ਬਾਪੂ ਗੁਰਬਚਨ ਸਿੰਘ ਦੀ ਸਰਪ੍ਰਸਤੀ ਹੇਠ ਨਵੀਂ ਕਮੇਟੀ ਬਣਾਈ ਗਈ ਹੈ,ਜਿਸ ਦੇ ਕਨਵੀਨਰ ਪਾਲ ਸਿੰਘ ਫਰਾਂਸ ਨੂੰ ਬਣਾਇਆ ਗਿਆ ਹੈ ਤੇ ਦਿਲਸ਼ੇਰ ਸਿੰਘ,ਭਾਈ ਬਲਵਿੰਦਰ ਸਿੰਘ,ਜਸਵਿੰਦਰ ਸਿੰਘ ਰਾਜਪੁਰਾ,ਭਾਈ ਰੁਪਿੰਦਰ ਸਿੰਘ ਤੇ ਗੁਰਦੀਪ ਸਿੰਘ ਬਠਿੰਡਾ ਨੂੰ ਵੀ ਇਸ ਕਮੇਟੀ ਵਿੱਚ ਸ਼ਾਮਿਲ ਕੀਤਾ ਗਿਆ ਹੈ।

ਇਸ ਤੋਂ ਇਲਾਵਾ ਬਣਾਈ ਗਈ ਅਨੁਸ਼ਾਸਨਿਕ ਕਮੇਟੀ ਬਣਾਈ ਗਈ ਹੈ,ਜਿਸ ਵਿੱਚ ਨਿਹੰਗ ਸਿੰਘ ਬਾਬਾ ਕੁਲਵਿੰਦਰ ਸਿੰਘ ,ਭਾਈ ਪਲਵਿੰਦਰ ਸਿੰਘ ਤਲਵਾੜਾ,ਬਾਬਾ ਦਲੀਪ ਸਿੰਘ,ਇੰਦਰਬੀਰ ਸਿੰਘ ਪਟਿਆਲਾ,ਐਡਵੋਕੇਟ ਗੁਰਸ਼ਰਨ ਸਿੰਘ,ਬਲਜੀਤ ਸਿੰਘ ਭਾਊ ਤੇ ਬਲਬੀਰ ਸਿੰਘ ਨੂੰ ਸ਼ਾਮਲ ਕੀਤਾ ਗਿਆ ਹੈ।

ਮੋਰਚੇ ਵੱਲੋਂ ਬਣਾਈ ਗਈ ਸਵਾਗਤੀ ਕਮੇਟੀ ਵਿੱਚ ਇੰਦਰਬੀਰ ਸਿੰਘ ਪਟਿਆਲਾ,ਲਖਵਿੰਦਰ ਸਿੰਘ ,ਬਲਜੀਤ ਸਿੰਘ,ਹਰਨੇਕ ਸਿੰਘ ਫੌਜੀ,ਹਰਦੀਪ ਸਿੰਘ ਬੈਦਵਾਨ ਤੇ ਸਾਹਿਬ ਸਿੰਘ ਨੂੰ ਸ਼ਾਮਿਲ ਕੀਤਾ ਗਿਆ ਹੈ।

ਬਾਪੂ ਸੂਰਤ ਸਿੰਘ ਖਾਲਸਾ ਬਾਰੇ ਪੁੱਛੇ ਗਏ ਸਵਾਲ ਦੇ ਜੁਆਬ ਵਿੱਚ ਕਾਨੂੰਨੀ ਸਲਾਹਕਾਰ ਦਿਲਸ਼ੇਰ ਸਿੰਘ ਨੇ ਪੰਜਾਬ ਪੁਲਿਸ ‘ਤੇ ਇਲਜ਼ਾਮ ਲਗਾਇਆ ਹੈ ਕਿ ਬਾਪੂ ਜੀ ਦੀ ਸਿਹਤ ਦਾ ਬਹਾਨਾ ਬਣਾ ਕੇ ਉਹਨਾਂ ਨੂੰ ਉਹਨਾਂ ਦੇ ਘਰ ਜਬਰੀ ਰੋਕਿਆ ਜਾ ਰਿਹਾ ਹੈ।ਜਿਸ ਦਾ ਆਉਣ ਵਾਲੇ ਦਿਨਾਂ ਵਿੱਚ ਕੌਮੀ ਇਨਸਾਫ ਮੋਰਚਾ ਸਖ਼ਤ ਸਟੈਂਡ ਲਵੇਗਾ।

ਇਸ ਤੋਂ ਇਲਾਵਾ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਜਥੇ ਨੂੰ ਭੇਜੇ ਜਾਣ ਦੀ ਗੱਲ ਕਰਦਿਆਂ ਦਿਲਸ਼ੇਰ ਸਿੰਘ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਇਸ ਤੇ ਵਿਚਾਰ ਕੀਤਾ ਜਾਵੇਗਾ ਤੇ ਇਹ ਦੇਖਿਆ ਜਾਵੇਗਾ ਕਿ ਸਰਕਾਰ ਹੋਰ ਕਿੰਨਾ ਕੁ ਚਿਰ ਜਥੇ ਨੂੰ ਪਿੱਛੇ ਹੀ ਰੋਕਦੀ ਹੈ।