Punjab

ਚੰਡੀਗੜ੍ਹ-ਮੁਹਾਲੀ ਦੀ ਹੱਦ ‘ਤੇ ਚੱਲ ਰਹੇ ਕੌਮੀ ਇਨਸਾਫ਼ ਮੋਰਚੇ ਵਿੱਚ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਨੇ ਕੀਤੀ ਸ਼ਿਰਕਤ

ਚੰਡੀਗੜ੍ਹ : ਚੰਡੀਗੜ੍ਹ-ਮੁਹਾਲੀ ਦੀ ਹੱਦ ‘ਤੇ ਚੱਲ ਰਹੇ ਕੌਮੀ ਇਨਸਾਫ਼ ਮੋਰਚੇ ਵਿੱਚ ਕਿਸਾਨ ਜਥੇਬੰਦੀਆਂ ਵੀ ਵੱਡੇ ਜਥੇ ਲੈ ਕੇ ਪਹੁੰਚ ਰਹੀਆਂ ਹਨ। ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਵੀ ਵੱਡਾ ਜੱਥਾ ਲੈ ਕੇ ਮੋਰਚੇ ਵਿੱਚ ਸ਼ਿਰਕਤ ਕੀਤੀ ਗਈ ਹੈ।

ਅੱਜ ਫੇਜ਼ 7 ਦੇ ਲਾਈਟਾਂ ਤੋਂ ਲੈ ਕੇ ਮੋਰਚੇ ਦੀ ਸਟੇਜ਼ ਤੱਕ ਜਥੇਬੰਦੀ ਦੇ ਆਗੂਆਂ ਦੀ ਅਗਵਾਈ ਹੇਠ ਮਾਰਚ ਕੱਢਿਆ ਗਿਆ ਹੈ। ਮੋਰਚੇ ਨੂੰ ਸਮਰਥਨ ਦੇਣ ਅਤੇ ਆਮ ਲੋਕਾਂ ਨੂੰ ਮੋਰਚੇ ਦੀਆਂ ਮੰਗਾਂ ਤੋਂ ਜਾਣੂ ਤੇ ਜਾਗਰੂਕ ਕਰਨ ਦੇ ਇਰਾਦੇ ਨਾਲ ਕੀਤੀ ਗਈ ਇਸ ਕਾਰਵਾਈ ਦੇ ਦੌਰਾਨ ਜਥੇਬੰਦੀ ਦੇ ਆਗੂਆਂ ਨੇ ਜਿਥੇ ਮੋਰਚੇ ਦੀਆਂ ਮੰਗਾਂ ਦੀ ਗੱਲ ਕੀਤੀ,ਉਥੇ ਪੰਜਾਬ ਤੇ ਕੇਂਦਰ ਸਰਕਾਰ ਵੱਲੋਂ ਮੀਡੀਆ ਦੀ ਆਜ਼ਾਦੀ ਤੇ ਕੀਤੇ ਜਾ ਰਹੇ ਹਮਲਿਆਂ ਦੀ ਵੀ ਨਿਖੇਧੀ ਕੀਤੀ ਹੈ।

ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਸੂਬਾ ਆਗੂ ਗੁਰਬਚਨ ਸਿੰਘ ਚੱਬਾ, ਸੂਬਾ ਸੀ. ਮੀਤ ਪ੍ਰਧਾਨ ਜਰਮਨਜੀਤ ਸਿੰਘ ਬੰਡਾਲਾ ਅਤੇ ਸੀਨੀਅਰ ਆਗੂ ਸਰਵਣ ਸਿੰਘ ਪੰਧੇਰ ਦੀ ਅਗਵਾਹੀ ਵਿੱਚ ਹਜ਼ਾਰਾਂ ਕਿਸਾਨ ਮਜਦੂਰ ਅਤੇ ਬੀਬੀਆਂ ਨੇ ਕੌਮੀ ਇਨਸਾਫ ਮੋਰਚੇ ਵਿੱਚ ਸ਼ਮੂਲੀਅਤ ਨੂੰ ਜ਼ਾਰੀ ਰੱਖਦੇ ਲਗਾਤਾਰ ਤੀਜੇ ਦਿਨ ਹਾਜ਼ਰੀ ਭਰੀ |  ਇਸ ਮੌਕੇ ਸਟੇਜ ਤੋਂ ਬੋਲਦੇ ਹੋਏ ਜਥੇਬੰਦੀ ਦੇ ਸੂਬਾ ਸੀਨੀਅਰ ਆਗੂਆਂ ਕਿਹਾ ਕਿ ਸਰਕਾਰ ਦੁੱਗਣੀਆਂ ਸਜ਼ਾਵਾਂ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਦਾ ਰਸਤਾ ਪੱਧਰਾ ਕਰਨ, ਬੇਅਦਬੀਆਂ , ਕੋਟਕਪੂਰਾ ਅਤੇ ਬਹਿਬਲ ਕਲਾਂ ਗੋਲੀਕਾਂਡ ਦੇ ਇਨਸਾਫ ਲਈ ਯਤਨਸ਼ੀਲ ਹੋਵੇ।

ਉਹਨਾਂ ਕਿਹਾ ਕਿ ਗੈਰਕਾਨੂੰਨੀ  ਢੰਗ ਨਾਲ  ਜੇਲ੍ਹਾਂ ਵਿੱਚ ਬੰਦ ਕੀਤੇ ਬੁੱਧੀਜੀਵੀ, ਪੱਤਰਕਾਰਾਂ ਅਤੇ ਸਮਾਜਸੇਵੀ ਕਾਰਕੁਨ, ਚਾਹੇ ਉਹ ਕਿਸੇ ਵੀ ਧਰਮ ਨਾਲ ਸਬੰਧਿਤ ਹੋਣ, ਤੁਰੰਤ ਰਿਹਾਅ ਕੀਤੇ ਜਾਣ। ਆਗੂਆਂ ਨੇ ਇਹ ਵੀ ਕਿਹਾ ਕਿ ਮਾਨ ਸਰਕਾਰ ਬਿਲਕੁਲ ਮੋਦੀ ਸਰਕਾਰ ਦੀਆਂ ਪੈਂੜਾ ‘ਤੇ ਚਲਦੇ ਹੋਏ ਨਿਰਪੱਖ ਪੱਤਰਕਾਰੀ ਨੂੰ ਨਿਸ਼ਾਨੇ ਤੇ ਰੱਖ ਕੇ ਚੱਲ ਰਹੀ ਹੈ, ਜੋ ਲੋਕਾਂ ਦੀ ਆਵਾਜ਼ ਨੂੰ ਦੱਬਣ ਦੀ ਇੱਕ ਕਾਇਰਾਨਾ ਹਰਕਤ ਹੈ | ਸਰਕਾਰ ਕਿਸਾਨਾਂ ਨੂੰ MSP ਦੇਣ, ਨਸ਼ਾ ਖਤਮ ਕਰਨ, ਕਨੂੰਨ ਵਿਵਸਥਾ ‘ਤੇ ਕੰਟਰੋਲ ਕਰਨ, ਬੇਰੁਜ਼ਗਾਰੀ, ਫੈਕਟਰੀਆਂ ਦੁਆਰਾ ਫੈਲਾਏ ਜਾ ਰਹੇ ਪ੍ਰਦੂਸ਼ਣ, ਪਾਣੀਆਂ ਨੂੰ ਬਚਾਉਣ ਦੀ ਨੀਤੀ ਆਦਿ ਚੀਜ਼ਾਂ ‘ਤੇ ਕੰਮ ਕਰਨ ਵਿੱਚ ਫੇਲ ਹੋ ਚੁੱਕੀ ਹੈ।ਜਿਸ ਕਾਰਨ ਉਹ ਇਹਨਾਂ ਮੁੱਦਿਆਂ ਨੂੰ ਚੱਕਣ ਅਤੇ ਆਲੋਚਨਾ ਕਰਨ ਵਾਲੇ ਪੱਤਰਕਾਰਾਂ ‘ਤੇ ਸਿਆਸਤ ਤਹਿਤ ਹਮਲਾ ਕੀਤਾ ਜਾ ਰਿਹਾ ਹੈ | ਇਸ ਮੌਕੇ ਕਿਸਾਨ ਆਗੂਆਂ ਸਣੇ ਇਸ ਜਥੇ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ ਮਜਦੂਰ ਅਤੇ ਬੀਬੀਆਂ ਸ਼ਾਮਿਲ ਹੋਈਆਂ |