Punjab

ਕਿਸਾਨਾਂ ਨੇ ਮੁਲਤਵੀ ਕੀਤਾ 23 ਅਪ੍ਰੈਲ ਦਾ ਰੇਲ ਰੋਕੋ ਅੰਦੋਲਨ,ਦੱਸੇ ਆਹ ਕਾਰਨ

ਅੰਮ੍ਰਿਤਸਰ :  ਕਿਸਾਨ ਮਜਦੂਰ ਸੰਘਰਸ਼ ਕਮੇਟੀ ਵੱਲੋਂ 23 ਅਪ੍ਰੈਲ ਦਾ ਪ੍ਰਸਤਾਵਿਤ  ਰੇਲ ਰੋਕੋ ਅੰਦੋਲਨ 7 ਦਿਨਾਂ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਇਹ ਜਾਣਕਾਰੀ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਸਕੱਤਰ ਸਰਵਣ ਸਿੰਘ ਪੰਧੇਰ ਨੇ ਦਿੱਤੀ ਹੈ। ਉਹਨਾਂ ਕਿਹਾ ਹੈ ਕਿ  ਲਗਾਤਾਰ ਕੀਤੇ ਗਏ ਸੰਘਰਸ਼ਾਂ ਦੇ ਦਬਾਅ ਦੇ ਚਲਦਿਆਂ ਸਰਕਾਰ ਨੇ ਕਣਕ ਦੀ ਖਰੀਦ ਨਿਰਵਿਘਨ ਜਾਰੀ ਰੱਖੀ ਹੈ ਤੇ ਇਸ ਤੋਂ ਇਲਾਵਾ ਆਮ ਲੋਕਾਂ ਨੂੰ ਦਰਪੇਸ਼ ਆਉਂਦੀਆਂ ਮੁਸ਼ਕਿਲਾਂ ਦੇ ਚੱਲਦਿਆਂ ਕਮੇਟੀ ਨੇ ਇਸ ਰੇਲ ਰੋਕੋ ਅੰਦੋਲਨ ਨੂੰ ਫਿਲਹਾਲ ਮੁਲਤਵੀ ਕਰਨ ਦਾ ਫੈਸਲਾ ਲਿਆ ਹੈ।ਹਾਲਾਂਕਿ ਜਥੇਬੰਦੀ ਵੱਲੋਂ ਕਣਕ ਦੀ ਖਰੀਦ ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ।

ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੀ ਸੂਬਾ ਕੋਰ ਕਮੇਟੀ ਵੱਲੋ ਐਮਰਜੈਂਸੀ ਮੀਟਿੰਗ ਅੱਜ ਬੁਲਾਈ ਗਈ ਸੀ ਤੇ ਇਹਨਾਂ ਸਾਰੇ ਤੱਥਾਂ ਤੇ ਸਲਾਹ ਮਸ਼ਵਰਾ ,ਕੀਤਾ ਗਿਆ ਤੇ ਉਪਰਾਂਤ ਇਹ ਫੈਸਲਾ ਲਿਆ ਗਿਆ ਹੈ ਤੇ ਰੇਲ ਰੋਕੋ ਮੋਰਚੇ ਨੂੰ 29 ਅਪ੍ਰੈਲ ਤੱਕ ਮੁਲਤਵੀ ਕਰ ਦਿੱਤਾ ਗਿਆ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਹੈ ਕਿ ਜੇਕਰ ਆਉਣ ਵਾਲੇ ਦਿਨਾਂ ਵਿਚ ਮੰਡੀਆਂ ‘ਚ ਕਿਸੇ ਤਰਾਂ ਦੀ ਮੁਸ਼ਕਿਲ ਆਓਂਦੀ ਹੈ ਜਾਂ ਕਿਸਾਨਾਂ ਨੂੰ ਧੱਕੇ ਨਾਲ ਪ੍ਰਾਈਵੇਟ ਸੇਲੋ ਗੋਦਾਮਾਂ ਵੱਲ ਤੋਰਿਆ ਜਾਂਦਾ ਹੈ ਤਾਂ ਅਗਲੀ ਮੀਟਿੰਗ ਕਰਕੇ ਦੁਬਾਰਾ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ।

ਉਹਨਾਂ ਕਿਹਾ ਵੀ ਕਿਹਾ ਕਿ ਜੇਕਰ ਪੰਜਾਬ ਸਰਕਾਰ ਆਪਣੇ ਵਾਅਦੇ ਅਨੁਸਾਰ ਕਿਸਾਨਾਂ ਨੂੰ ਕੇਂਦਰ ਵੱਲੋਂ ਲੱਗੇ ਕੱਟ ਦੀ ਭਰਪਾਈ ਸਹੀ ਤਰੀਕੇ ਨਾਲ ਨਹੀਂ ਕਰਦੀ ਹੈ ਤਾਂ ਵੀ ਜਥੇਬੰਦੀ ਵੱਲੋਂ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਉਹਨਾਂ ਪੰਜਾਬ ਸਰਕਾਰ ਕੋਲੋਂ ਪਹਿਲੀ ਅਤੇ ਤਾਜ਼ਾ ਗੜੇਮਾਰੀ ਦੀ ਗਿਰਦਾਵਰੀ ਕਰਵਾ ਕੇ ਸਬਜ਼ੀਆਂ ਸਮੇਤ ਸਾਰੀਆਂ ਫਸਲਾਂ ਦੇ ਮੁਆਵਜੇ ਜਲਦ ਤੋਂ ਜਲਦ ਦਿੱਤੇ ਜਾਣ ਦੀ ਵੀ ਮੰਗ ਕੀਤੀ ਹੈ।