India Punjab

ਕਿੱਧਰ ਗਏ ਪੰਜਾਬ ਦੀਆਂ ਜੇਲ੍ਹਾਂ ਵਿੱਚੋਂ ਪੈਰੋਲ ‘ਤੇ ਗਏ 160 ਕੈਦੀ, ਜੇਲ ਵਿਭਾਗ ਦੇ ਫੁੱਲੇ ਹੱਥ-ਪੈਰ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ) :-ਕੋਰੋਨਾ ਦੀ ਮਹਾਂਮਾਰੀ ਕਾਰਨ ਕੀਤੀ ਗਈ ਤਾਲਾਬੰਦੀ ਦੇ ਦਿਨਾਂ ਵਿੱਚ ਪੰਜਾਬ ਦੀਆਂ ਜੇਲ੍ਹਾਂ ‘ਚੋਂ ਪੈਰੋਲ ‘ਤੇ ਘਰ ਗਏ 160 ਕੈਦੀ ਮੁੜ ਕੇ ਆਪਣੀਆਂ ਬੈਰਕਾਂ ਤੱਕ ਨਹੀਂ ਪਹੁੰਚੇ ਹਨ। ਇਸ ਨਾਲ ਜੇਲ੍ਹ ਵਿਭਾਗ ਚਿੰਤਾ ਵਿੱਚ ਘਿਰ ਗਿਆ ਹੈ। ਹੁਣ ਇਨ੍ਹਾਂ ਕੈਦੀਆਂ ਨੂੰ ਮੁੜ ਤੋਂ ਜੇਲ੍ਹਾਂ ਵਿੱਚ ਡੱਕਣ ਲਈ ਪੰਜਾਬ ਸਰਕਾਰ ਵਿਸ਼ੇਸ਼ ਅਭਿਆਨ ਸ਼ੁਰੂ ਕਰਨ ਜਾ ਰਹੀ ਹੈ।

ਕਈ ਕੈਦੀ ਪੈਰੋਲ ਖਤਮ ਹੋਣ ਤੋਂ ਬਾਅਦ ਵੀ ਦੋ ਤੋਂ ਤਿੰਨ ਦਿਨ ਲੇਟ ਮੁੜ ਜੇਲ੍ਹਾਂ ਵਿੱਚ ਪਹੁੰਚੇ ਹਨ। ਇਨ੍ਹਾਂ ਕੈਦੀਆਂ ਨੇ ਇਸ ਦੇਰੀ ‘ਤੇ ਦਲੀਲ ਦਿੱਤੀ ਹੈ ਕਿ ਉਨ੍ਹਾਂ ਨੂੰ ਪੁਲਿਸ ਨੇ ਦੇਰੀ ਨਾਲ ਜੇਲ੍ਹ ਵਿੱਚ ਆਉਣ ਲਈ ਕਿਹਾ ਸੀ। ਵਿਭਾਗ ਨੇ ਤੈਅ ਕੀਤਾ ਸੀ ਕਿ ਜਿਨ੍ਹਾਂ ਵੀ ਕੈਦੀਆਂ ਨੂੰ ਸਪੈਸ਼ਲ ਪੈਰੋਲ ਦਿੱਤੀ ਗਈ ਹੈ, ਉਨ੍ਹਾਂ ਨੂੰ 650 ਤੋਂ 700 ਦੇ ਬੈਚ ਵਿੱਚ ਵਾਪਸ ਬੁਲਾਇਆ ਜਾਵੇਗਾ। ਹੁਣ ਤੱਕ 2 ਹਜ਼ਾਰ ਕੈਦੀ ਵਾਪਸ ਆ ਚੁੱਕੇ ਹਨ।

ਜ਼ਿਕਰਯੋਗ ਹੈ ਕਿ ਜੇਲ੍ਹ ਮੁੜਨ ਵਾਲੇ ਵਿਅਕਤੀਆਂ ਨੂੰ ਬਰਨਾਲਾ ਤੇ ਪਠਾਨਕੋਟ ਅਤੇ ਔਰਤ ਕੈਦੀਆਂ ਨੂੰ ਮਲੇਰਕੋਟਲਾ ਦੀ ਜੇਲ੍ਹ ‘ਚ ਲਿਆਉਣ ਦਾ ਫੈਸਲਾ ਕੀਤਾ ਗਿਆ ਸੀ। ਇਨ੍ਹਾਂ ਕੈਦੀਆਂ ਦੀ ਕੋਰੋਨਾ ਜਾਂਚ ਰਿਪੋਰਟ ਨੈਗੇਟਿਵ ਹੋਣ ਦੇ ਵੀ ਹੁਕਮ ਜਾਰੀ ਕੀਤੇ ਗਏ ਸਨ, ਜੋ ਜੇਲ੍ਹ ਮੁੜਨ ਤੋਂ ਤਿੰਨ ਦਿਨ ਪਹਿਲਾਂ ਦੀ ਹੋਣੀ ਲਾਜ਼ਿਮੀ ਕੀਤੀ ਗਈ ਸੀ।

6 ਹਜ਼ਾਰ ਅੰਡਰ ਟ੍ਰਾਇਲ ਕੈਦੀ ਵੀ ਸਨ ਪੈਰੋਲ ‘ਤੇ

ਜੇਲ੍ਹਾਂ ਵਿੱਚ ਕੋਰੋਨਾ ਨਾ ਫੈਲੇ ਇਸ ਲਈ ਪੰਜਾਬ ਦੀਆਂ ਜੇਲ੍ਹਾਂ ਵਿੱਚੋਂ ਪੰਜ ਹਜ਼ਾਰ ਅਜਿਹੇ ਕੈਦੀ ਵੀ ਸਨ, ਜਿਨ੍ਹਾਂ ਨੂੰ ਸਜਾ ਹੋ ਚੁੱਕੀ ਸੀ ਤੇ 6 ਹਜ਼ਾਰ ਅਜਿਹੇ ਕੈਦੀ ਸਨ ਜੋ ਅੰਡਰ ਟ੍ਰਾਇਲ ਚੱਲ ਰਹੇ ਸਨ। ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਪੈਰੋਲ ‘ਤੇ ਗਏ ਲਾਪਤਾ ਚੱਲ ਰਹੇ ਕੈਦੀਆਂ ਨੂੰ ਮੁੜ ਤੋਂ ਜੇਲ੍ਹਾਂ ਵਿੱਚ ਬੁਲਾਉਣ ਲਈ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ।