India Punjab

ਕੈਪਟਨ ਨੇ ਬੀਜੇਪੀ ਲੀਡਰ ‘ਤੇ ਪੰਜਾਬ ‘ਚ ਹੋਏ ਹਮਲੇ ਦੀ ਪ੍ਰਧਾਨ ਮੰਤਰੀ ਮੋਦੀ ਨੂੰ ਦੱਸ ਦਿੱਤੀ ਅਸਲ ਵਜ੍ਹਾ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ) :-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬੀਜੇਪੀ ਲੀਡਰ ਉੱਤੇ ਕੱਲ੍ਹ ਮਲੋਟ ‘ਚ ਹੋਏ ਹਮਲੇ ਤੋਂ ਖਾਸੇ ਨਾਰਾਜ਼ ਹਨ। ਕੈਪਟਨ ਨੇ ਕਿਹਾ ਹੈ ਕਿ ਭਾਜਪਾ ਵਿਧਾਇਕ ਅਰੁਣ ਨਾਰੰਗ ਉੱਤੇ ਕੀਤੇ ਹਮਲੇ ਨੂੰ ਸੂਬਾ ਸਰਕਾਰ ਕਿਸੇ ਵੀ ਤਰ੍ਹਾਂ ਬਰਦਾਸ਼ਤ ਨਹੀਂ ਕਰੇਗੀ ਅਤੇ ਸੂਬੇ ਦੀ ਸ਼ਾਂਤੀ ਭੰਗ ਕਰਨ ਵਾਲੇ ਬਖਸ਼ੇ ਨਹੀਂ ਜਾਣਗੇ।


ਕੈਪਟਨ ਨੇ ਅਜਿਹੀਆਂ ਹਿੰਸਕ ਘਟਨਾਵਾਂ ਦੀ ਅਸਲ ਵਜ੍ਹਾ ਦੱਸਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਲਾਹ ਦੇ ਨਾਲ ਨਾਲ ਅਪੀਲ ਕੀਤੀ ਕਿ ਉਹ ਅਜਿਹੀ ਸਥਿਤੀ ਨੂੰ ਰੋਕਣ ਲਈ ਖੇਤੀ ਕਾਨੂੰਨਾਂ ਕਾਰਨ ਪੈਦਾ ਹੋਏ ਸੰਕਟ ਦਾ ਹੱਲ ਬਿਨਾਂ ਦੇਰੀ ਕੱਢ ਲੈਣ।
ਕੈਪਟਨ ਅਮਰਿੰਦਰ ਸਿੰਘ ਨੇ ਡੀਜੀਪੀ ਦਿਨਕਰ ਗੁਪਤਾ ਨੂੰ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ। ਡੀਜੀਪੀ ਨੇ ਵੀ ਵਿਧਾਇਕ ਅਤੇ ਪੁਲੀਸ ਅਧਿਕਾਰੀਆਂ ’ਤੇ ਹਮਲਾ ਕਰਨ ਵਾਲਿਆਂ ਖ਼ਿਲਾਫ਼ ਅਪਰਾਧਿਕ ਮਾਮਲੇ ਦਰਜ ਕਰਨ ਦੀ ਗੱਲ ਕਹੀ ਹੈ।


ਆਪਣੇ ਬਿਆਨ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਰੋਸ ਪ੍ਰਦਰਸ਼ਨ ਕਰਨਾ ਕਿਸਾਨਾਂ ਦਾ ਜ਼ਮਹੂਰੀ ਹੱਕ ਹੈ ਪਰ ਹਿੰਸਾ ਕਰਨਾ ਕਿਸੇ ਵੀ ਪਰੇਸ਼ਾਨੀ ਦਾ ਹੱਲ ਨਹੀਂ ਹੈ ਤੇ ਇਹ ਬਰਦਾਸ਼ਤ ਵੀ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਿਸਾਨਾਂ ਅਤੇ ਕੇਂਦਰ ਦਰਮਿਆਨ ਬਣੀ ਤਣਾਅਪੂਰਨ ਸਥਿਤੀ ਦੇ ਹੱਲ ਲਈ ਪ੍ਰਧਾਨ ਮੰਤਰੀ ਦੇ ਤੁਰੰਤ ਦਖ਼ਲ ਦੀ ਲੋੜ ਹੈ। ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਕਿਸੇ ਵੀ ਤਰ੍ਹਾਂ ਦੀ ਦੇਰੀ ਪ੍ਰਦਰਸ਼ਨ ਕਰਨ ਵਾਲੇ ਲੋਕਾਂ ਵਿੱਚ ਹੋਰ ਬੇਚੈਨੀ ਪੈਦਾ ਕਰੇਗੀ ਤੇ ਅਜਿਹੇ ਹਾਲਾਤ ਸਾਹਮਣੇ ਆਉਗੇ।

ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਆਪਣਾ ਅੜੀਅਲ ਰਵੱਈਆ ਛੱਡ ਦੇਣਾ ਚਾਹੀਦਾ ਹੈ ਤੇ ਖੇਤੀ ਕਾਨੂੰਨ ਤੁਰੰਤ ਰੱਦ ਕਰ ਦੇਣੇ ਚਾਹੀਦੇ ਹਨ। ਕਿਉਂ ਕਿ ਸਰਕਾਰ ਦੇ ਪਿੱਛੇ ਨਾ ਹਟਣ ਕਾਰਨ ਕਿਸਾਨਾਂ ਦਾ ਗੁੱਸਾ ਦਿਨੋਂ ਦਿਨ ਵਧ ਰਿਹਾ ਹੈ।
ਪੰਜਾਬ ਭਾਜਪਾ ਦੇ ਲੀਡਰਾਂ ਵੱਲੋਂ ਕੈਪਟਨ ਦੇ ਅਸਤੀਫੇ ਦੀ ਕੀਤੀ ਮੰਗ ‘ਤੇ ਉਨ੍ਹਾ ਕਿਹਾ ਕਿ ਇਸ ਘਟਨਾ ਉਤੇ ਰਾਜਨੀਤਿਕ ਰੋਟੀਆਂ ਸੇਕਣ ਦੀ ਕੋਸ਼ਿਸ਼ ਕਰਨ ਦੀ ਥਾਂ ਉੱਤੇ ਉਨ੍ਹਾਂ ਨੂੰ ਕੇਂਦਰੀ ਲੀਡਰਸ਼ਿਪ ਉਤੇ ਵਿਵਾਦਤ ਖੇਤੀ ਕਾਨੂੰਨ ਵਾਪਸ ਲੈਣ ਲਈ ਦਬਾਅ ਪਾਉਣਾ ਚਾਹੀਦਾ ਹੈ, ਤਾਂ ਕਿ ਕੇਂਦਰ ਸਰਕਾਰ ਕਿਸਾਨਾਂ ਦੇ ਗੁੱਸੇ ਕਾਰਣ ਪੈਦਾ ਹੋਣ ਵਾਲੀਆਂ ਸਥਿਤੀਆਂ ਨੂੰ ਸਮਝ ਸਕਣ।


ਉੱਧਰ, ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ, ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਮਲੋਟ ਵਿੱਚ ਅਬੋਹਰ ਤੋਂ ਭਾਜਪਾ ਵਿਧਾਇਕ ਅਰੁਣ ਨਾਰੰਗ ’ਤੇ ਹੋਏ ਹਮਲੇ ਦੀ ਸਖਤ ਨਿਖੇਧੀ ਕੀਤੀ।

ਜ਼ਿਕਰਯੋਗ ਹੈ ਕਿ ਭਾਜਪਾ ਵਿਧਾਇਕ ਦੀ ਖਿੱਚਧੂਹ ਦੇ ਮਾਮਲੇ ਵਿੱਚ 7 ਕਿਸਾਨ ਆਗੂਆਂ ਸਮੇਤ 250-300 ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਇਸ ਘਟਨਾ ਦੌਰਾਨ ਐੱਸਪੀ(ਐੱਚ) ਗੁਰਮੇਲ ਸਿੰਘ ਅਤੇ ਅੱਧੀ ਦਰਜਨ ਹੋਰ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋਏ ਹਨ।