India

ਮਾਪਿਆਂ ਦੀ ਲਾਪਰਵਾਹੀ ਨਾਲ 1 ਹੋਰ ਬੱਚਾ ਦੁਨੀਆ ਤੋਂ ਚਲਾ ਗਿਆ! 2 ਮਹੀਨੇ ’ਚ 6 ਪੰਜਾਬੀ ਪਰਿਵਾਰਾਂ ਨੇ ਜਿਗਰ ਦੇ ਟੁਕੜੇ ਗਵਾਏ, ਪਰ ਸਬਕ ਨਹੀਂ ਸਿੱਖਿਆ

ਬਿਉਰੋ ਰਿਪੋਰਟ – ਮਾਪਿਆਂ ਦੀ ਲਾਪਰਵਾਹੀ ਕਰਕੇ ਬੱਚਿਆਂ ਦੀ ਜ਼ਿੰਦਗੀ ‘ਤੇ ਭਾਰੀ ਪੈ ਰਹੀ ਹੈ, ਇੱਕ ਨਹੀਂ 2 ਨਹੀਂ ਹੁਣ ਤੱਕ ਤਕਰੀਬਨ 6 ਬੱਚਿਆਂ ਦੀ 2 ਮਹੀਨੇ ਦੇ ਅੰਦਰ ਮੌਤ ਹੋ ਚੁੱਕੀ ਹੈ। ਤਾਜ਼ਾ ਮਾਮਲਾ ਚੰਡੀਗੜ੍ਹ ਦੇ ਸੈਕਟਰ-47 ਦਾ ਹੈ ਜਿੱਥੇ ਇੱਕ ਘਰ ਵਿੱਚ ਮਾਪਿਆਂ ਦੀ ਲਾਪਰਵਾਹੀ ਕਰਕੇ ਡੇਢ ਸਾਲਾ ਬੱਚੀ ਦੀ ਮੌਤ ਹੋ ਗਈ ਹੈ। ਇਹ ਬੱਚੀ ਖੇਡਦੀ-ਖੇਡਦੀ ਪਾਣੀ ਨਾਲ ਭਰੀ ਬਾਲ਼ਟੀ ਵਿੱਚ ਜਾ ਡਿੱਗੀ ਜਿਸ ਕਰਕੇ ਉਸ ਦੀ ਡੁੱਬਣ ਨਾਲ ਮੌਤ ਹੋ ਗਈ।

ਇਸ ਤੋਂ ਪਹਿਲਾਂ ਨੰਗਲ ਵਿੱਚ ਛੋਟੇ ਬੱਚੇ ਦੇ ਪਾਣੀ ਵਾਲੀ ਬਾਲ਼ਟੀ ਵਿੱਚ ਡੁੱਬਣ ਦੇ 2 ਮਹੀਨੇ ਦੇ ਅੰਦਰ 3 ਮਾਮਲੇ ਸਾਹਮਣੇ ਆ ਚੁੱਕੇ ਹਨ। ਫਿਰ ਇਸੇ ਮਹੀਨੇ ਪਟਿਆਲਾ ਦੇ ਸਨੌਰ ਵਿੱਚ 2 ਸਾਲਾ ਬੱਚੇ ਦੀ ਪਾਣੀ ਦੀ ਬਾਲ਼ਟੀ ’ਚ ਡੁੱਬਣ ਕਰਕੇ ਮੌਤ ਹੋ ਗਈ ਸੀ। ਇਸ ਤੋਂ ਇਲਾਵਾ ਡੇਢ ਮਹੀਨੇ ਪਹਿਲਾ ਮੁਹਾਲੀ ਤੋਂ ਵੀ ਇਸੇ ਤਰ੍ਹਾਂ ਬੱਚੇ ਦੀ ਪਾਲਟੀ ਵਿੱਚ ਡਿਗਣ ਦੀ ਵਜ੍ਹਾ ਕਰਕੇ ਮੌਤ ਦਾ ਮਾਮਲਾ ਸਾਹਮਣੇ ਆਇਆ ਸੀ।

ਹੁਣ ਚੰਡੀਗੜ੍ਹ ਵਾਲੇ ਮਾਮਲੇ ਵਿੱਚ ਪਰਿਵਾਰਿਕ ਮੈਂਬਰਾਂ ਨੇ ਪਹਿਲਾਂ ਕਾਫ਼ੀ ਦੇਰ ਤਕ ਬੱਚੀ ਦੀ ਭਾਲ ਕੀਤੀ। ਫਿਰ ਜਦੋਂ ਦੇਖਿਆ ਤਾਂ ਬੱਚੀ ਬਾਲਟੀ ਵਿੱਚ ਡੁੱਬੀ ਹੋਈ ਮਿਲੀ। ਬੱਚੀ ਨੂੰ ਤੁਰੰਤ ਜੀਐਮਐਸਐਚ-16 ਲੈ ਕੇ ਗਏ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਇਸ ਮਾਮਲੇ ਵਿੱਚ ਪੁਲਿਸ ਨੇ ਧਾਰਾ 174 ਤਹਿਤ ਕਾਰਵਾਈ ਕਰਦਿਆਂ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰਿਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ। ਪੁਲਿਸ ਨੂੰ ਲੜਕੀ ਦੇ ਪਿਤਾ ਵਿਕਾਸ ਕੁਮਾਰ ਨੇ ਬਿਆਨ ਦਿੱਤਾ ਕਿ ਉਹ ਪੇਂਟਰ ਦਾ ਕੰਮ ਕਰਦਾ ਹੈ ਤੇ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਹੈ। ਉਸਦੀ ਪਤਨੀ ਰਸੋਈਏ ਦਾ ਕੰਮ ਕਰਦੀ ਹੈ। ਉਨ੍ਹਾਂ ਦੀ 19 ਮਹੀਨੇ ਦੀ ਬੇਟੀ ਭਾਵਨਾ ਸੋਮਵਾਰ ਦੇਰ ਸ਼ਾਮ ਬਾਲਟੀ ਵਿੱਚ ਡਿੱਗ ਗਈ। ਉਸ ਵੇਲੇ ਉਸ ਦੀ ਪਤਨੀ ਖਾਣਾ ਬਣਾ ਰਹੀ ਸੀ ਤੇ ਉਹ ਕੰਮ ਤੋਂ ਘਰ ਆ ਰਿਹਾ ਸੀ।

ਬੱਚੀ ਖੇਡਦੀ-ਖੇਡਦੀ ਪਾਣੀ ਵਾਲੀ ਬਾਲ਼ਟੀ ਕੋਲ ਗਈ ਤੇ ਉਸ ਵਿੱਚ ਡਿੱਗ ਗਈ। ਉਹ ਗੋਡਿਆਂ ਭਾਰ ਬਾਲ਼ਟੀ ਕੋਲ ਖੜੀ ਸੀ। ਉਹ ਬਾਲ਼ਟੀ ਵਿੱਚ ਹੀ ਡੁੱਬ ਗਈ। ਆਸ-ਪਾਸ ਦੇ ਲੋਕਾਂ ਦੀ ਮਦਦ ਨਾਲ ਉਹ ਤੁਰੰਤ ਆਪਣੀ ਲੜਕੀ ਨੂੰ ਜੀਐਮਐਸਐਚ-16 ਦੇ ਐਮਰਜੈਂਸੀ ਕਮਰੇ ਵਿੱਚ ਲੈ ਗਏ। ਡਾਕਟਰਾਂ ਨੇ ਬੱਚੀ ਦੇ ਪੇਟ ‘ਚੋਂ ਪਾਣੀ ਕੱਢਣ ਦੀ ਕੋਸ਼ਿਸ਼ ਕੀਤੀ ਪਰ ਉਦੋਂ ਤੱਕ ਬੱਚੀ ਦੀ ਮੌਤ ਹੋ ਚੁੱਕੀ ਸੀ।

ਛੋਟੇ ਬੱਚੇ ਨੂੰ ਗ਼ਲਤ-ਸਹੀ ਦਾ ਪਤਾ ਨਹੀਂ ਹੁੰਦਾ, ਇਸੇ ਲਈ ਮਾਪਿਆਂ ਦੀ ਉਸ ਨੂੰ ਸਭ ਤੋਂ ਜ਼ਿਆਦਾ ਜ਼ਰੂਰਤ ਹੁੰਦੀ ਹੈ, ਕਈ ਵਾਰ ਛੋਟੀ-ਛੋਟੀ ਅਣਗਹਿਲੀ ਤੁਹਾਨੂੰ ਸੁਧਾਰ ਦਾ ਮੌਕਾ ਨਹੀਂ ਦਿੰਦੀ ਹੈ, ਬੱਚੇ ਦੀ ਦੇਖ-ਭਾਲ ਕਿਸੇ ਮਿਸ਼ਨ ਤੋਂ ਘੱਟ ਨਹੀਂ ਹੈ, ਉਸ ਵਿੱਚ ਲਾਪਰਵਾਹੀ ਦੀ ਕੋਈ ਥਾਂ ਨਹੀਂ ਹੈ। ਸਿਰਫ਼ ਮਾਪੇ ਹੀ ਨਹੀਂ ਛੋਟੇ ਬੱਚੇ ਵਾਲੇ ਘਰ ਦੇ ਹਰ ਮੈਂਬਰ ਦੀ ਡਿਊਟੀ ਹੈ ਕਿ ਉਹ ਹਰ ਉਸ ਚੀਜ਼ ‘ਤੇ ਨਜ਼ਰ ਰੱਖੇ ਜੋ ਬੱਚੇ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਉਸ ਨੂੰ ਬੱਚੇ ਦੀ ਪਹੁੰਚ ਤੋਂ ਦੂਰ ਰੱਖੋਂ, ਕਿਉਂ ਸਾਵਧਾਨੀ ਹਟੀ ਤਾਂ ਦੁਰਘਟਨਾ ਹੋਣ ਵਿੱਚ ਵੀ ਜ਼ਿਆਦਾ ਦੇਰ ਨਹੀਂ ਲੱਗਦੀ ਹੈ।

ਸਬੰਧਿਤ ਖ਼ਬਰਾਂ –
ਪੰਜਾਬ ’ਚ ਮਾਪੇ ਕਦੋਂ ਲੈਣਗੇ ਸਬਕ! 2-2 ਸਾਲ ਦੇ ਬੱਚਿਆਂ ਦੀ ਲਾਪਰਵਾਹੀ ਨਾਲ ਮੌਤ! 3 ਮਹੀਨੇ ’ਚ ਚਲੇ ਗਏ 6 ਬੱਚੇ!
ਨੰਗਲ ‘ਚ ਡੇਢ ਸਾਲਾ ਬੱਚੇ ਦੀ ਦਰਦਨਾਕ ਮੌਤ! ਲਾਪਰਵਾਹ ਮਾਪਿਆਂ ਲਈ ਵੱਡਾ ਸਬਕ! ਤੀਜਾ ਮਾਸੂਮ ਇਸ ਅਣਗਹਿਣੀ ਦਾ ਸ਼ਿਕਾਰ