International

ਪਾਕਿਸਤਾਨ ਦੇ ਸਾਬਕਾ PM ਇਮਰਾਨ ਖਾਨ ਪੁਲਿਸ ਹਿਰਾਸਤ ‘ਚ

Pakistan's former PM Imran Khan in police custody

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ( Pakistan’s former PM Imran Khan )  ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਜਾਣਕਾਰੀ ਮੁਤਾਬਕ  ਸੁਰੱਖਿਆ ਬਲਾਂ ਨੇ ਇਸਲਾਮਾਬਾਦ ਹਾਈ ਕੋਰਟ ਦੇ ਬਾਹਰੋਂ ਹਿਰਾਸਤ ਵਿੱਚ ਲੈ ਲਿਆ ਹੈ।

ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਨੇਤਾ ਮੁਸਰੱਤ ਚੀਮਾ ਨੇ ਟਵਿੱਟਰ ‘ਤੇ ਇਸ ਦੀ ਪੁਸ਼ਟੀ ਕਰਦੇ ਹੋਏ ਕਿਹਾ, ‘ਉਹ ਇਸ ਸਮੇਂ ਇਮਰਾਨ ਖਾਨ ਨੂੰ ਤਸੀਹੇ ਦੇ ਰਹੇ ਹਨ, ਉਹ ਖਾਨ ਸਾਹਿਬ ਨੂੰ ਕੁੱਟ ਰਹੇ ਹਨ।’ ਇਸ ਘਟਨਾ ਦੀ ਪੁਸ਼ਟੀ ਪੀਟੀਆਈ ਦੇ ਵਕੀਲ ਫੈਜ਼ਲ ਚੌਧਰੀ ਨੇ ਵੀ ਕੀਤੀ ਹੈ।

ਇਸ ਦੌਰਾਨ ਗ੍ਰਿਫਤਾਰੀ ਦੀਆਂ ਕੁਝ ਵੀਡੀਓ ਵੀ ਸਾਹਮਣੇ ਆਈਆਂ ਹਨ, ਜਿਸ ਵਿਚ ਇਮਰਾਨ ਨੂੰ ਖਿੱਚ ਕੇ ਲਿਜਾਇਆ ਜਾ ਰਿਹਾ ਹੈ। ਇਸ ਦੌਰਾਨ ਇਮਰਾਨ ਦਾ ਵਕੀਲ ਵੀ ਜ਼ਖਮੀ ਹੋਇਆ ਹੈ। ਜਦੋਂ ਫੌਜ ਨੇ ਇਮਰਾਨ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਦੇ ਸਮਰਥਕਾਂ ਨੇ ਇਸ ਦਾ ਵਿਰੋਧ ਕੀਤਾ। ਜਿਸ ਕਾਰਨ ਕਾਫੀ ਹੰਗਾਮਾ ਹੋ ਗਿਆ। ਭਾਰੀ ਵਿਰੋਧ ਦੇ ਬਾਵਜੂਦ ਨੀਮ ਬਲ ਸਾਬਕਾ ਪ੍ਰਧਾਨ ਮੰਤਰੀ ਨੂੰ ਇਕ ਵਾਹਨ ਵਿਚ ਬਿਠਾ ਕੇ ਲੈ ਗਏ।

 

ਅਲ ਕਾਦਿਰ ਟਰੱਸਟ ਮਾਮਲੇ ‘ਚ ਗ੍ਰਿਫਤਾਰ

ਇਮਰਾਨ ਨੂੰ ਅਲ ਕਾਦਿਰ ਟਰੱਸਟ ਮਾਮਲੇ ‘ਚ ਗ੍ਰਿਫਤਾਰ ਕੀਤਾ ਗਿਆ ਹੈ। ਇਹ ਯੂਨੀਵਰਸਿਟੀ ਨਾਲ ਸਬੰਧਤ ਮਾਮਲਾ ਹੈ। ਇਮਰਾਨ ਨੇ ਪ੍ਰਧਾਨ ਮੰਤਰੀ ਵਜੋਂ ਇਸ ਯੂਨੀਵਰਸਿਟੀ ਨੂੰ ਕਰੋੜਾਂ ਰੁਪਏ ਦੀ ਜ਼ਮੀਨ ਗ਼ੈਰ-ਕਾਨੂੰਨੀ ਢੰਗ ਨਾਲ ਦਿੱਤੀ ਸੀ। ਇਸ ਮਾਮਲੇ ਦਾ ਖੁਲਾਸਾ ਪਾਕਿਸਤਾਨ ਦੀ ਸਭ ਤੋਂ ਅਮੀਰ ਸ਼ਖਸੀਅਤ ਮਲਿਕ ਰਿਆਜ਼ ਨੇ ਕੀਤਾ ਹੈ। ਪੀਟੀਆਈ ਨੇਤਾ ਇਮਰਾਨ ਦੀ ਗ੍ਰਿਫਤਾਰੀ ਤੋਂ ਬਾਅਦ ਉਨ੍ਹਾਂ ਦੇ ਸਮਰਥਕ ਗੁੱਸੇ ‘ਚ ਆ ਗਏ ਹਨ। ਪੀਟੀਆਈ ਨੇ ਇਮਰਾਨ ਦੀ ਗ੍ਰਿਫਤਾਰੀ ਤੋਂ ਬਾਅਦ ਵਿਰੋਧ ਪ੍ਰਦਰਸ਼ਨ ਦਾ ਐਲਾਨ ਕੀਤਾ ਹੈ। ਇਸਲਾਮਾਬਾਦ ਪੁਲਿਸ ਨੇ ਦੱਸਿਆ ਕਿ ਧਾਰਾ 144 ਲਗਾਈ ਗਈ ਹੈ। ਇਸ ਦੀ ਉਲੰਘਣਾ ਕਰਨ ‘ਤੇ ਕਾਰਵਾਈ ਕੀਤੀ ਜਾਵੇਗੀ।

ਪਾਰਟੀ ਨੇਤਾ ਫਵਾਦ ਚੌਧਰੀ ਨੇ ਇਕ ਟਵੀਟ ‘ਚ ਕਿਹਾ, ”ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਅਦਾਲਤ ਦੇ ਕੰਪਲੈਕਸ ‘ਚੋਂ ਚੁੱਕਿਆ ਗਿਆ। ਵਕੀਲਾਂ ਅਤੇ ਆਮ ਲੋਕਾਂ ਨੂੰ ਤਸੀਹੇ ਦਿੱਤੇ ਗਏ। ਇਮਰਾਨ ਖਾਨ ਨੂੰ ਅਣਪਛਾਤੇ ਲੋਕ ਕਿਸੇ ਅਣਪਛਾਤੀ ਥਾਂ ‘ਤੇ ਲੈ ਗਏ ਹਨ। ਇਸਲਾਮਾਬਾਦ ਹਾਈ ਕੋਰਟ ਦੇ ਚੀਫ਼ ਜਸਟਿਸ ਨੇ ਗ੍ਰਹਿ ਸਕੱਤਰ ਅਤੇ ਆਈਜੀ ਨੂੰ 15 ਮਿੰਟ ਦੇ ਅੰਦਰ ਅਦਾਲਤ ਵਿੱਚ ਪੇਸ਼ ਹੋਣ ਦਾ ਹੁਕਮ ਦਿੱਤਾ ਹੈ।