Punjab

ਆਸ਼ੀਸ਼ ਮਿਸ਼ਰਾ ਨੂੰ ਜ਼ਮਾਨਤ,ਰੋਸ ਵਜੋਂ ਸੜਕਾਂ ‘ਤੇ ਉੱਤਰਨਗੇ ਕਿਸਾਨ

ਅੰਮ੍ਰਿਤਸਰ : ਸੁਪਰੀਮ ਕੋਰਟ ਵਲੋਂ ਲਖੀਮਪੁਰ ਖੀਰੀ ਦੇ ਮੁੱਖ ਮੁਲਜ਼ਮ ਅਸ਼ੀਸ਼ ਮਿਸ਼ਰਾ ਨੂੰ ਮਿਲੀ ਜ਼ਮਾਨਤ ਦਾ ਕਿਸਾਨ ਜਥੇਬੰਦੀਆਂ ਵੱਲੋਂ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ। ਕਿਰਤੀ ਕਿਸਾਨ ਯੂਨੀਅਨ ਨੇ ਦੇਸ਼ ਦੀ ਸਰਵਉੱਚ ਅਦਾਲਤ ਵਲੋਂ ਲਖੀਮਪੁਰ ਖੀਰੀ ਕਾਂਡ ਦੇ ਮੁੱਖ ਦੋਸ਼ੀ ਆਸ਼ੀਸ਼ ਮਿਸ਼ਰਾ ਨੂੰ ਅੰਤ੍ਰਿਮ ਜ਼ਮਾਨਤ ਦੇਣ ਦੇ ਫੈਸਲੇ ਨੂੰ ਮੰਦਭਾਗਾ ਕਰਾਰ ਦਿੱਤਾ ਹੈ ਤੇ ਇਸ ਫੈਸਲੇ ਦੀ ਸਖ਼ਤ ਨਿੱਖੇਧੀ ਕੀਤੀ ਹੈ। ਯੂਨੀਅਨ ਦੇ ਆਗੂਆਂ ਨੇ ਮਿਸ਼ਰਾ ਨੂੰ ਦਿੱਤੀ ਜਮਾਨਤ ਨੂੰ ਰੱਦ ਕਰਨ ਅਤੇ ਨਿਰਦੋਸ਼ ਕਿਸਾਨਾਂ ਨੂੰ ਬਿਨਾਂ ਸ਼ਰਤ ਰਿਹਾਅ ਕਰਨ ਦੀ ਮੰਗ ਕੀਤੀ ਹੈ।

ਇਸ ਤੋਂ ਇਲਾਵਾ ਸੁਪਰੀਮ ਫੈਸਲੇ ਮਗਰੋਂ ਸੱਕਤਰੇਤ ਦੀ ਮੀਟਿੰਗ ਕਰਕੇ ਇਸ ਫੈਸਲੇ ਵਿਰੁੱਧ 26 ਜਨਵਰੀ ਨੂੰ ਬਲਾਕ ਪੱਧਰ ਤੇ ਆਸ਼ੀਸ਼ ਮਿਸ਼ਰਾ ਦੇ ਪੁਤਲੇ ਫੂਕੇ ਜਾਣ ਦਾ ਫੈਸਲਾ ਵੀ ਕੀਤਾ ਗਿਆ ਹੈ।
ਆਗੂਆਂ ਨੇ ਇਹ ਵੀ ਕਿਹਾ ਹੈ ਕਿ ਅਦਾਲਤ ਦੇ ਫੈਸਲੇ ਵਿਚ ਭਾਵੇਂ ਬਹੁਤ ਸਾਰੀਆਂ ਸ਼ਰਤਾਂ ਲਗਾਈਆਂ ਗਈਆਂ ਹਨ ਪਰ ਇਸ ਦੇ ਬਾਵਜੂਦ ਸਵਾਲ ਖੜਾ ਹੁੰਦਾ ਹੈ ਕਿ ਅਦਾਲਤਾਂ ਸਾਲਾਂ ਬੱਧੀ ਜਮਾਨਤਾਂ ਤੋਂ ਬਗੈਰ ਜਾਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਿਰਾਸਤੀਆਂ ਅਤੇ ਕੈਦੀਆਂ ਲਈ ਵੀ ਕੀ ਇਹ ਮਾਪਦੰਡ ਵਰਤਣਗੀਆਂ?

ਕਿਸਾਨ ਆਗੂਆਂ ਨੇ ਕਿਹਾ ਕਿ ਇਸ ਫੈਸਲੇ ਨੇ ਸਾਬਿਤ ਕਰ ਦਿੱਤਾ ਹੈ ਕਿ ਅਦਾਲਤ ਦੇ ਫੈਸਲੇ ਤਾਕਤਵਰਾਂ ਅਤੇ ਅਮੀਰਾਂ ਲਈ ਹੋਰ ਹਨ ਅਤੇ ਸਾਧਨਹੀਣ ਲੋਕਾਂ ਲਈ ਪੱਖਪਾਤੀ ਹੋ ਜਾਂਦੇ ਹਨ।

ਇਸ ਤੋਂ ਇਲਾਵਾ ਕਿਸਾਨ-ਮਜਦੂਰ ਸੰਘਰਸ਼ ਕਮੇਟੀ ਦੇ ਸੂਬਾ ਸਕੱਤਰ ਸਰਵਣ ਸਿੰਘ ਪੰਧੇਰ ਨੇ ਵੀ ਇਸ ਫੈਸਲੇ ਦੀ ਸਖ਼ਤ ਨਿਖੇਧੀ ਕੀਤੀ ਹੈ । ਉਹਨਾਂ ਕਿਹਾ ਹੈ ਕਿ ਇਸ ਮਾਮਲੇ ਵਿੱਚ ਕੇਂਦਰ ਸਰਕਾਰ ਨੇ ਨਾ ਤਾਂ ਮਾਮਲੇ ‘ਚ ਸ਼ਾਮਿਲ ਕੇਂਦਰੀ ਮੰਤਰੀ ਅਜੈ ਮਿਸ਼ਰਾ ਟੈਨੀ ਨੂੰ ਨਾ ਤਾਂ ਕੋਈ ਸਜ਼ਾ ਦਿੱਤੀ ਹੈ ਤੇ ਨਾ ਹੀ ਮੰਤਰੀ ਮੰਡਲ ਵਿੱਚੋਂ ਬਾਹਰ ਕੱਢਿਆ ਹੈ।

ਉਹਨਾਂ ਇਹ ਵੀ ਕਿਹਾ ਕਿ ਦੇਸ਼ ਦੀ ਸਰਕਾਰ ਤਾਂ ਪਹਿਲਾਂ ਹੀ ਕਿਸਾਨ ਵਿਰੋਧੀ ਸੀ ਤੇ ਅਦਾਲਤਾਂ ‘ਤੇ ਹੀ ਪੂਰੀ ਉਮੀਦ ਹੈ ਇਨਸਾਫ ਦੀ। ਇਸ ਕਤਲ ਦਾ ਵੀਡੀਓ ਸਬੂਤ ਦੇ ਤੋਰ ‘ਤੇ ਹਰ ਪਾਸੇ ਦੇਖਿਆ ਗਿਆ ਹੈ ਤੇ ਪੂਰੀ ਦੁਨੀਆ ਜਾਣਦੀ ਹੈ ਕਿ ਇਸ ਸਾਰੀ ਘਟਨਾ ਲਈ ਜਿੰਮੇਂਵਾਰ ਕੌਣ ਸੀ। ਇਸ ਲਈ ਜਿੰਨੀ ਜਲਦੀ ਹੋ ਸਕੇ , ਸੁਪਰੀਮ ਕੋਰਟ ਨੂੰ ਇਹ ਫੈਸਲਾ ਵਾਪਸ ਲੈਣ ਦੀ ਅਪੀਲ ਕੀਤੀ ਜਾਂਦੀ ਹੈ।

ਪੰਧੇਰ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਕੱਲ ਯਾਨੀ 26 ਜਨਵਰੀ ਨੂੰ ਜਥੇਬੰਦੀ ਦੇ ਸੱਦੇ ‘ਤੇ ਪੰਜਾਬ ਭਰ ਵਿੱਚ ਰੋਸ ਵਜੋਂ ਇਕੱਠ ਕੀਤੇ ਜਾਣਗੇ ਤੇ ਅਸ਼ੀਸ਼ ਮਿਸ਼ਰਾ ਦੇ ਪੁਤਲੇ ਨੂੰ ਫੁੱਕਿਆ ਜਾਵੇਗਾ।