Punjab

ਕੱਲ ਗੁਰੂ ਨਗਰੀ ਵਿੱਚ ਇਕੱਠੇ ਹੋਣਗੇ ਕਿਸਾਨ,ਹੋ ਗਿਆ ਆਹ ਐਲਾਨ

ਅੰਮ੍ਰਿਤਸਰ : ਕਿਸਾਨੀ ਸੰਘਰਸ਼ ਵਿੱਚ ਜਾਨ ਗੁਆਉਣ ਵਾਲੇ ਸ਼ਹੀਦ ਅੰਗਰੇਜ਼ ਸਿੰਘ ਬਾਕੀਪੁਰ ਤੇ ਦਿੱਲੀ ਵਿੱਚ ਕਿਸਾਨ ਅੰਦੋਲਨ ਵਿੱਚ ਜਾਨ ਗੁਆਉਣ ਵਾਲੇ ਕਿਸਾਨਾਂ ਦੀ ਯਾਦ ਨੂੰ ਸਮਰਪਿਤ ਰੈਲੀ ਕੱਲ ਯਾਨੀ 29 ਮਾਰਚ ਨੂੰ ਰਣਜੀਤ ਐਵੀਨਿਓ ਅੰਮ੍ਰਿਤਸਰ ਮੈਦਾਨ  ਵਿੱਚ ਕਰਵਾਈ ਜਾਵੇਗੀ। ਪੰਜਾਬ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਸਕੱਤਰ ਸਰਵਣ ਸਿੰਘ ਪੰਧੇਰ ਨੇ ਇਹ ਜਾਣਕਾਰੀ ਵੀਡਿਓ ਸੰਦੇਸ਼ ਵਿੱਚ ਦਿੱਤੀ ਹੈ। ਉਹਨਾਂ ਸਾਰਿਆਂ ਨੂੰ ਇਸ ਰੈਲੀ ਵਿੱਚ ਆਉਣ ਦਾ ਖੁਲਾ ਸੱਦਾ ਦਿੱਤਾ ਹੈ।

ਬੀਤੇ ਕੁਝ ਦਿਨਾਂ ਦੌਰਾਨ ਹੋਈਆਂ ਬਰਸਾਤਾਂ ਤੇ ਝੱਖੜ ਕਾਰਨ ਖਰਾਬ ਹੋਈਆਂ ਫਸਲਾਂ ਦੀ ਗੱਲ ਕਰਦੇ ਹੋਏ ਕਿਸਾਨ ਆਗੂ ਪੰਧੇਰ ਨੇ ਕਿਹਾ ਕਿ ਰੈਲੀ ਵਿੱਚ ਇਸ ਗੱਲ ਤੇ ਵੀ ਵਿਚਾਰ ਕੀਤਾ ਜਾਵੇਗਾ ਕਿ ਭਵਿੱਖ ਵਿੱਚ ਕਿਹੋ ਜਿਹੀਆਂ ਨੀਤੀਆਂ ਬਣਨ ਕਿ ਇਸ ਤਰਾਂ ਦੇ ਨੁਕਸਾਨ ਹੋਣ ਦੀ ਸੂਰਤ ਵਿੱਚ ਕਿਸਾਨਾਂ ਦੇ ਘਾਟੇ ਨੂੰ ਕਿਵੇਂ ਪੂਰਾ ਕੀਤਾ ਜਾਵੇ।

ਇਸ ਤੋਂ ਇਲਾਵਾ ਧਰਤੀ ਹੇਠਲੇ ਪੀਣ ਵਾਲੇ ਪਾਣੀ ਸੰਬੰਧੀ ਸਮੱਸਿਆਵਾਂ,ਪੰਜਾਬ ਦੇ ਦਰਿਆਵਾਂ ਸੰਬੰਧੀ ਸਮੱਸਿਆਵਾਂ,ਬੇਰੋਜ਼ਗਾਰੀ,ਨਸ਼ਿਆਂ ਦੀ ਸਮੱਸਿਆ ਨਾਲ ਜੁੜੀਆਂ ਮੰਗਾਂ ਤੇ ਵੀ ਵਿਚਾਰ ਕੀਤਾ ਜਾਵੇਗਾ। ਪੰਜਾਬ ਵਿੱਚ ਮਜ਼ਦੂਰਾਂ ਦੇ ਹਾਲਾਤ ਕਿਵੇਂ ਸੁਧਰਨ,ਪ੍ਰਾਈਵੇਟ ਸਕੂਲਾਂ ਵੱਲੋਂ ਕੀਤੀ ਜਾਂਦੀ ਲੁੱਟ,ਸਿਹਤ ਸੰਬੰਧੀ ਮਸਲਿਆਂ ਨੂੰ ਵੀ ਲੋਕਾਂ ਅੱਗੇ ਰੱਖਿਆ ਜਾਵੇਗਾ।

ਕਿਸਾਨ ਆਗੂ ਨੇ ਆਪਣੇ ਸੰਬੋਧਨ ਵਿੱਚ ਕਾਰਪੋਰੇਟ ਪੱਖੀ ਮੀਡੀਆ ਤੇ ਵੀ ਨਿਸ਼ਾਨਾ ਲਾਇਆ ਤੇ ਕਿਹਾ ਕਿ ਇਹ ਪੰਜਾਬ ਵਿੱਚ ਦੋ ਧਰਮਾਂ ਦੇ ਲੋਕਾਂ ਵਿੱਚ ਆਪਸੀ ਪਾੜ ਵਧਾ ਰਿਹਾ ਹੈ। ਪਿੱਛੇ ਜਿਹਾ UAPA ਵਿੱਚ ਕੀਤੀ ਗਈ ਸੋਧ ਨੂੰ ਵੀ ਕਿਸਾਨ ਆਗੂ ਪੰਧੇਰ ਨੇ ਖਤਰਨਾਕ ਦੱਸਿਆ ਹੈ ਤੇ ਕਿਹਾ ਹੈ ਕਿ ਇਹ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ।

ਉਹਨਾਂ ਬੀਬੀਆਂ ਭੈਣਾਂ ਨੂੰ ਖਾਸ ਅਪੀਲ ਕੀਤੀ ਕਿ ਉਹ ਵੀ ਇਸ ਰੈਲੀ ਵਿੱਚ ਜ਼ਰੂਰ ਪਹੁੰਚਣ ਕਿਉਂਕਿ ਕੋਈ ਵੀ ਸੰਘਰਸ਼ ਉਹਨਾਂ ਦੇ ਸਹਿਯੋਗ ਤੋਂ ਬਿਨਾਂ ਅਧੂਰਾ ਹੈ।