Punjab

ਮਾਲਵੇ ਦੇ ਕਿਸਾਨਾਂ ਲਈ ਨਰਮਾ ਬਣਨ ਲੱਗਾ ਘਾਟੇ ਦਾ ਸੌਦਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਮਾਲਵਾ ਪੱਟੀ ਵਿੱਚ ਨਰਮੇ ਦੀ ਫ਼ਸਲ ਨੂੰ ਦੂਜੀ ਵਾਰ ਗੁਲਾਬੀ ਸੁੰਡੀ ਦੀ ਮਾਰ ਪਈ ਹੈ। ਗੁਲਾਬੀ ਸੁੰਡੀ ਨੇ ਝੁਨੀਲ ਇਲਾਕੇ ਦੇ ਆਸ-ਪਾਸ ਵਧੇਰੇ ਜ਼ੋਰਦਾਰ ਹਮਲਾ ਬੋਲਿਆ ਹੈ ਜਿਸ ਕਰਕੇ ਕਈ ਕਿਸਾਨਾਂ ਨੂੰ ਖੇਤਾਂ ਵਿੱਚ ਖੜੀ ਫਸਲ ਵਾਹੁਣੀ ਪੈ ਗਈ ਹੈ। ਖ਼ਰਾਬ ਹੋਈ ਫਸਲ ਦੇਖ ਕੇ ਕਿਸਾਨਾਂ ਦੇ ਮੱਥੇ ਉੱਤੇ ਫ਼ਿਕਰਾਂ ਦੀਆਂ ਲਕੀਰਾਂ ਗੂੜੀਆਂ ਹੋ ਗਈਆਂ ਹਨ, ਦੂਜੇ ਪਾਸੇ ਸਰਕਾਰ ਸੰਗਰੂਰ ਲੋਕ ਸਭਾ ਹਲਕੇ ਦੀ ਚੋਣ ਵਿੱਚ ਰੁੱਝੀ ਹੋਈ ਹੈ। ਪਿਛਲੇ ਸਾਲ ਵੀ ਮਾਲਵੇ ਦਾ 73 ਫ਼ੀਸਦੀ ਤੱਕ ਨਰਮਾ ਸੁੰਡੀ ਨੇ ਖਰਾਬ ਕਰ ਦਿੱਤਾ ਸੀ। ਇਸ ਵਾਰ ਗੁਲਾਬੀ ਦੀ ਸੁੰਡੀ ਦੀ ਮਾਰ ਹੋਰ ਵੀ ਵਧੇਰੇ ਪੈਣ ਦੀ ਸੰਭਾਵਨਾ ਬਣ ਗਈ ਕਿਉਂਕਿ ਸੁੰਡੀ ਨੇ ਹਮਲਾ ਅਗੇਤਾ ਕਰ ਦਿੱਤਾ ਹੈ। ਪਿਛਲੀ ਵਾਰ ਇਹ ਹਮਲਾ ਪੱਛੜ ਕੇ ਹੋਇਆ ਸੀ।

ਉਂਝ, ਪੰਜਾਬ ਸਰਕਾਰ ਵੱਲ਼ੋਂ ਗੁਲਾਬੀ ਸੁੰਡੀ ਨੂੰ ਖ਼ਤਮ ਕਰਨ ਲਈ ਕੀਟਨਾਸ਼ਕ ਦਵਾਈਆਂ ਤਿਆਰ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ ਅਤੇ ਸਰਕਾਰ ਨਵੀਂ ਦਵਾਈ ਦਾ ਤਜ਼ਰਬਾ ਅਗਲੇ ਹਫ਼ਤੇ ਮਾਲਵਾ ਤੋਂ ਕਰਨ ਦੀ ਤਿਆਰੀ ਵਿੱਚ ਸੀ। ਪਰ ਸੁੰਡੀ ਦੀ ਮਾਰ ਅਗਾਊਂ ਪੈ ਗਈ ਹੈ। ਗੁਲਾਬੀ ਸੁੰਡੀ ਦੇ ਅਗਾਊਂ ਹਮਲੇ ਤੋਂ ਪਰੇਸ਼ਾਨ ਕਿਸਾਨ ਸਰਕਾਰ ਨਾਲ ਵੀ ਕਾਫ਼ੀ ਨਰਾਜ਼ ਨਜ਼ਰ ਆ ਰਹੇ ਹਨ।

ਕਿਸਾਨਾਂ ਨੇ ਦੱਸਿਆ ਕਿ ਇਸ ਇਲਾਕੇ ਵਿੱਚ ਪਾਣੀ ਦੀ ਬਹੁਤ ਸਮੱਸਿਆ ਹੈ। ਨਹਿਰੀ ਪਾਣੀ ਵੀ ਕਿਸਾਨਾਂ ਤੱਕ ਨਹੀਂ ਪਹੁੰਚ ਰਿਹਾ ਤੇ ਨਾ ਹੀ ਜ਼ਮੀਨੀ ਪਾਣੀ ਵਰਤਣ ਯੋਗ ਹੈ।

ਸਮੇਂ ਦੀਆਂ ਸਰਕਾਰਾਂ ਕਿਸਾਨਾਂ ਲਈ ਰਾਹਤ ਦਾ ਐਲਾਨ ਤਾਂ ਕਰ ਰਹੀਆਂ ਹਨ ਪਰ ਜ਼ਮੀਨੀ ਪੱਧਰ ਤੇ ਇਹ ਰਾਹਤ ਕਿੰਨੀ ਕਿਸਾਨਾਂ ਤੱਕ ਪਹੁੰਚਦੀ ਹੈ,ਇਸ ਦਾ ਅੰਦਾਜਾ ਨਿੱਤ ਸੜਕਾਂ ਤੇ ਲੱਗਦੇ ਧਰਨਿਆਂ ਤੋਂ ਹੋ ਹੀ ਜਾਂਦਾ ਹੈ। ਪੰਜਾਬ ਸਰਕਾਰ ਨੇ ਇਸ ਸਾਲ ਕਿਸਾਨਾਂ ਨੂੰ ਮੁਆਵਜਾ ਦੇਣ ਦਾ ਐਲਾਨ ਕੀਤਾ ਸੀ ਤੇ ਖੁੱਦ ਮੁੱਖ ਮੰਤਰੀ ਪੰਜਾਬ ਨੇ ਆ ਕੇ ਰਾਹਤ ਚੈਕ ਵੰਡੇ ਸੀ ਪਰ ਇਸ ਵਾਰ ਪਈ ਇਸ ਅਗੇਤੀ ਮਾਰ ਦਾ ਸਰਕਾਰ ਕੀ ਹੱਲ ਕਰੇਗੀ,ਇਹ ਤਾਂ ਆਉਣ ਵਾਲਾ ਸਮਾਂ ਹੀ ਦਸੇਗਾ।

ਨਰਮਾ, ਸਾਉਣੀ ਦੀ ਦੂਸਰੀ ਪ੍ਰਮੁੱਖ ਫਸਲ ਹੈ, ਜਿਸ ਦੀ ਕਾਸ਼ਤ ਪੰਜਾਬ ਦੇ ਦੱਖਣ-ਪੱਛਮੀ ਜ਼ਿਲ੍ਹਿਆਂ ਵਿੱਚ ਕੀਤੀ ਜਾਂਦੀ ਹੈ। ਇਸ ਫਸਲ ਨੂੰ ਪ੍ਰਭਾਵਤ ਕਰਨ ਵਾਲੀ ਗੁਲਾਬੀ ਸੁੰਡੀ ਦੀ ਸਮੱਸਿਆ ਪੰਜਾਬ ਦੇ ਮਾਲਵਾ ਖਿੱਤੇ ਲਈ ਹਮੇਸ਼ਾ ਇੱਕ ਸਰਾਪ ਵਾਂਗੂ ਰਹੀ ਹੈ।