Punjab

ਸੰਗਰੂਰ ਚੋਣ ਨੂੰ ਲੈ ਕੇ ਭਾਜਪਾ ਅਤੇ ਢੀਂਡਸਿਆਂ ਵਿੱਚ ਖਟਪਟ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਚੋਣ ਕਮਿਸ਼ਨ ਵੱਲੋਂ ਸੰਗਰੂਰ ਲੋਕ ਸਭਾ ਹਲਕੇ ਦੀਆਂ ਵੋਟਾਂ ਲਈ ਸਾਰੇ ਬੰਦੋਬਸਤ ਮੁਕੰਮਲ ਕਰ ਲਏ ਗਏ ਹਨ। ਵੋਟਾਂ 23 ਜੂਨ ਨੂੰ ਸਵੇਰੇ ਅੱਠ ਵਜੇ ਪੈਣੀਆਂ ਸ਼ੁਰੂ ਹੋਣਗੀਆਂ ਅਤੇ ਨਤੀਜੇ ਦਾ ਐਲਾਨ 26 ਜੂਨ ਨੂੰ ਕੀਤਾ ਜਾਵੇਗਾ। ਸੰਗਰੂਰ ਲੋਕ ਸਭਾ ਹਲਕੇ ਵਿੱਚ ਨੌਂ ਵਿਧਾਨ ਸਭਾ ਹਲਕੇ ਪੈਂਦੇ ਹਨ ਅਤੇ ਹਲਕੇ ਦੇ ਵੋਟਰਾਂ ਦੀ ਗਿਣਤੀ 15 ਲੱਖ 69 ਹਜ਼ਾਰ ਦੇ ਕਰੀਬ ਹੈ। ਚੋਣ ਮੈਦਾਨ ਵਿੱਚ ਕੁੱਲ 18 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ ਜਦਕਿ ਮੁੱਖ ਮੁਕਾਬਲਾ ਆਮ ਆਦਮੀ ਪਾਰਟੀ ਦੇ ਗੁਰਮੇਲ ਸਿੰਘ ਘਰਾਚੋਂ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਿਮਰਨਜੀਤ ਸਿੰਘ ਮਾਨ, ਭਾਜਪਾ ਦੇ ਕੇਵਲ ਸਿੰਘ ਢਿੱਲੋਂ, ਕਾਂਗਰਸ ਦੇ ਦਲਬੀਰ ਸਿੰਘ ਗੋਲਡੀ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਬੀਬੀ ਕਮਲਦੀਪ ਕੌਰ ਦਰਮਿਆਨ ਹੈ। ਸੰਗਰੂਰ ਦੇ ਨਾਲ ਹੀ ਯੂਪੀ ਦੇ ਦੋ ਲੋਕ ਸਭਾ ਹਲਕਿਆਂ ਰਾਮਪੁਰ ਅਤੇ ਅਜ਼ਮਦਗੜ ਲੋਕ ਸਭਾ ਹਲਕਿਆਂ ਵਿੱਚ ਵੀ ਵੋਟਾਂ ਪੈ ਰਹੀਆਂ ਹਨ। ਸੰਗਰੂਰ ਸਮੇਤ ਦੂਜੇ ਦੋ ਹਲਕਿਆਂ ਲਈ ਚੋਣ ਪ੍ਰਚਾਰ ਮੰਗਲਵਾਰ ਸ਼ਾਮ ਛੇ ਵਜੇ ਖਤਮ ਹੋ ਗਿਆ ਸੀ ਅਤੇ ਉਮੀਦਵਾਰ ਆਪਣੇ ਹਮਾਇਤੀਆਂ ਨੂੰ ਨਾਲ ਲੈ ਕੇ ਘਰੋਂ ਘਰੀਂ ਸੰਪਰਕ ਕਰ ਰਹੇ ਹਨ।

‘ਦ ਖ਼ਾਲਸ ਟੀਵੀ ਦੇ ਆਲਾ ਮਿਆਰੀ ਸੂਤਰਾਂ ਨੇ ਅੰਦਰਲੀ ਖ਼ਬਰ ਦਿੱਤੀ ਹੈ ਕਿ ਇਨ੍ਹਾਂ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਅਤੇ ਭਾਰਤੀ ਜਨਤਾ ਪਾਰਟੀ ਦਰਮਿਆਨ ਖਟਪਟ ਹੋ ਗਈ ਹੈ। ਭਾਜਪਾ ਵੱਲੋਂ ਢੀਂਡਸਿਆਂ ਉੱਤੇ ਸਮਝੌਤੇ ਦੇ ਉਲਟ ਜਾ ਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਦੀ ਹਮਾਇਤ ਕਰਨ ਦਾ ਦੋਸ਼ ਲਾਇਆ ਜਾ ਰਿਹਾ ਹੈ। ਸੂਤਰ ਇਹ ਵੀ ਦਾਅਵਾ ਕਰਦੇ ਹਨ ਕਿ ਭਾਰਤੀ ਜਨਤਾ ਦੀ ਸਥਾਨਕ ਇਕਾਈ ਨੇ ਢੀਂਡਸਿਆਂ ਦੇ ਚੋਣ ਪ੍ਰਚਾਰ ਤੋਂ ਦੂਰ ਰਹਿਣ ਦੀ ਰਿਪੋਰਟ ਹਾਈਕਮਾਂਡ ਨੂੰ ਦੇ ਦਿੱਤੀ ਹੈ।

ਸਾਰੀਆਂ ਹੀ ਪਾਰਟੀਆਂ ਵੱਲੋਂ ਇਸ ਵੱਕਾਰੀ ਸੀਟ ਉੱਤੇ ਕਬਜ਼ਾ ਜਮਾਉਣ ਲਈ ਪੂਰਾ ਟਿੱਲ ਲਾਇਆ ਹੋਇਆ ਹੈ। ਬਹੁਤੀਆਂ ਧਿਰਾਂ  ਦੀ ਟੇਕ ਐਤਕੀਂ ਨੌਜਵਾਨ ਪੇਂਡੂ ਵੋਟਰਾਂ ‘ਤੇ ਹੈ ਜਿਨ੍ਹਾਂ ਨੇ ਵਿਧਾਨ ਸਭਾ ਚੋਣਾਂ ਮੌਕੇ ‘ਝਾੜੂ’ ਨਾਲ ਵੱਡੇ ਵੱਡੇ ਸਿਆਸੀ ਆਗੂਆਂ ਦੇ ਅਰਮਾਨ ਹੂੰਝਣ ’ਚ ਕੋਈ ਕਸਰ ਨਹੀਂ ਛੱਡੀ ਸੀ। ਦੱਬੀ ਜੁਬਾਨ ’ਚ ਸਿਆਸੀ ਆਗੂ ਵੀ ਮੰਨਦੇ ਹਨ ਕਿ ਜਿੱਤ ਦੀ ਡੋਰ ਖਾਮੋਸ਼ ਵੋਟਰਾਂ ਦੇ ਹੱਥ ’ਚ ਹੈ, ਜਿਸ ਕਰਕੇ ਸਾਰੀਆਂ ਸਿਆਸੀ ਧਿਰਾਂ ਨੇ ਵੋਟਰਾਂ ਨੂੰ ਰਿਝਾਉਣ ਲਈ ਪੂਰਾ ਜ਼ੋਰ ਲਾਇਆ ਹੋਇਆ ਹੈ।

ਅੱਜ ਸਵੇਰ ਤੋਂ ਹੀ ਪੂਰੇ ਸੰਗਰੂਰ ਹਲਕੇ ’ਚ ਲੀਡਰਾਂ ਵੱਲੋਂ ਵੋਟਰਾਂ ਦੇ ਬੂਹੇ ਉੱਤੇ ਦਸਤਕ ਦੇਣ ਕਾਰਨ ਗਲੀ-ਮੁਹੱਲਿਆਂ ’ਚ ਚਹਿਲ ਪਹਿਲ ਰਹੀ। ਸੰਗਰੂਰ ਦੇ ਲੋਕਾਂ ਦਾ ਕਹਿਣਾ ਹੈ ਕਿ ਇੱਕ ਜਾਂਦਾ ਹੈ ਤਾਂ ਦੂਸਰੇ ਦੇ ਸਮਰਥਕ ਕੁੰਡਾ ਖੜਕਾ ਦਿੰਦੇ ਹਨ। ਦੂਜੇ ਪਾਸੇ ਪਾਰਟੀਆਂ ਨੇ ਅੱਜ ਪੂਰਾ ਦਿਨ ਪੰਜਾਬ ’ਚ ਆਪ ਸਰਕਾਰ ਬਣਨ ਤੋਂ ਬਾਅਦ ਹੋਏ ਕਤਲਾਂ ਅਤੇ ਅਪਰਾਧਿਕ ਵਾਰਦਾਤਾਂ  ਦੀ ਰੌਸ਼ਨੀ ’ਚ ਹਾਕਮ ਪਾਰਟੀ ਨੂੰ ਕਟਹਿਰੇ ’ਚ ਖੜ੍ਹਾ ਕੀਤਾ ਅਤੇ ਵੋਟਰਾਂ ਨੂੰ ਚੌਕਸ ਰਹਿਣ ਦੀ ਅਪੀਲ ਕੀਤੀ। ਭਾਜਪਾ ਉਮੀਦਵਾਰ ਕੇਵਲ ਸਿੰਘ ਢਿੱਲੋਂ ਦੇ ਸਮਰਥਕਾਂ ਨੇ ਵੀ ਅੱਜ ਅੰਤਮ ਦਿਨ ਸਰਕਾਰ ਦੀਆਂ ਨਾਕਾਮੀਆਂ ਅਤੇ ਵਾਅਦੇ ਪੂਰੇ ਕਰਨ ’ਚ ਫੇਲ੍ਹ ਰਹਿਣ ਨੂੰ ਵੋਟਰਾਂ ਕੋਲ ਰੱਖਿਆ। ਸਿਮਰਨਜੀਤ ਸਿੰਘ ਮਾਨ ਅਤੇ ਬੀਬੀ ਕਮਲਦੀਪ ਕੌਰ ਰਾਜੋਆਣਾ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਵੀ ਅੱਜ ਪੂਰਾ ਤਾਣ ਲਾਇਆ ਅਤੇ ਲੋਕਾਂ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ। ਜਿੱਤਣ ਲਈ ਅੱਡੀ ਚੋਟੀ ਦਾ ਜ਼ੋਰ ਲਾਉਣ ਦੇ ਬਾਵਜੂਦ ਹਰ ਉਮੀਦਵਾਰ ਦੇ ਚਿਹਰੇ ਉੱਤੇ ਚਿੰਤਾ ਦੀਆਂ ਲਕੀਰਾਂ ਸਾਫ ਨਜ਼ਰ ਆਈਆਂ।