Punjab

ਕੀ ਅਗਨੀਵੀਰ ਹੋਣ ਦੀ ਵਜ੍ਹਾ ਕਰਕੇ 19 ਸਾਲਾ ਅੰਮ੍ਰਿਤਪਾਲ ਸਿੰਘ ਨਾਲ ਫੌਜ ਨੇ ਕੀਤਾ ਇਹ ਵਤੀਰਾ ?

ਬਿਉਰੋ ਰਿਪੋਰਟ : ਫ਼ੌਜ ਵਿੱਚ 4 ਸਾਲ ਸੇਵਾਵਾਂ ਦੇਣ ਲਈ 16 ਜੂਨ 2022 ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਗਨੀਵੀਰ ਸਕੀਮ ਸ਼ੁਰੂ ਕੀਤੀ । ਉਸ ਦੌਰਾਨ ਵਿਰੋਧੀ ਧਿਰ ਸਮੇਤ ਦੇਸ਼ ਦੇ ਨੌਜਵਾਨਾਂ ਨੇ ਇਸ ਦਾ ਕਾਫ਼ੀ ਵਿਰੋਧ ਕੀਤਾ ਸੀ। ਪਰ ਇਸ ਦੇ ਬਾਵਜੂਦ ਸਰਕਾਰ ਨੇ ਇਸ ਨੂੰ ਲਾਗੂ ਕੀਤਾ ਅਤੇ ਦਾਅਵਾ ਕੀਤਾ ਅਗਨੀਵੀਰਾ ਨੂੰ ਬਰਾਬਰ ਦ ਸਨਮਾਨ ਦਿੱਤਾ ਜਾਵੇਗਾ । ਪਰ ਮਾਨਸਾ ਦੇ ਭਰਤੀ ਪਹਿਲੇ ਸ਼ਹੀਦ ਅਗਨੀਵੀਰ ਅੰਮ੍ਰਿਤਪਾਲ ਸਿੰਘ ਦੀ ਸ਼ਹਾਦਤ ਤੋਂ ਬਾਅਦ ਜਿਹੜਾ ਸਲੂਕ ਕੀਤਾ ਉਸ ਦੀ ਚਾਰੋ ਪਾਸੇ ਨਿਖੇਦੀ ਹੋ ਰਹੀ ਹੈ । ਜਿਸ ਤੋਂ ਬਾਅਦ ਹੁਣ ਫੌਜ ਦਾ ਬਿਆਨ ਵੀ ਸਾਹਮਣੇ ਆਇਆ ਹੈ । ਫੌਜ ਨੇ ਅੰਮ੍ਰਿਤਪਾਲ ਸਿੰਘ ਦੀ ਸ਼ਹਾਦਤ ਦੀ ਜਿਹੜੀ ਵਜ੍ਹਾ ਦੱਸੀ ਹੈ ਉਹ ਹੋਰ ਵੀ ਹੈਰਾਨ ਕਰਨ ਵਾਲੀ ਹੈ । ਉਸ ਬਾਰੇ ਵੀ ਤੁਹਾਨੂੰ ਦੱਸਾਂਗੇ ਪਰ ਅੰਮ੍ਰਿਤਪਾਲ ਸਿੰਘ ਦੇ ਸਨਮਾਨ ਨੂੰ ਜਿਹੜੇ ਸਵਾਲ ਚੁੱਕੇ ਜਾ ਰਹੇ ਹਨ ਉਸ ਬਾਰੇ ਤੁਹਾਨੂੰ ਦੱਸ ਦਿੰਦੇ ਹਾਂ।

ਮਾਨਸਾ ਦਾ ਰਹਿਣ ਵਾਲਾ 19 ਸਾਲ ਅੰਮ੍ਰਿਤਪਾਲ ਸਿੰਘ ਜੰਮੂ-ਕਸ਼ਮੀਰ ਦੀ ਸਰਹੱਦ LOC ਦੇ ਨਜ਼ਦੀਕ ਪੁੱਛ ਵਿੱਚ ਸ਼ਹੀਦ ਹੋਇਆ ਪਰ ਜਦੋਂ ਉਸ ਦੀ ਮ੍ਰਿਤਕ ਦੇਹ ਘਰ ਮਾਨਸਾ ਪਹੁੰਚੀ ਤਾਂ ਫ਼ੌਜ ਦੀ ਗੱਡੀ ਨਹੀਂ ਬਲਕਿ ਇੱਕ ਪ੍ਰਾਈਵੇਟ ਐਂਬੂਲੈਂਸ ਵਿੱਚ ਆਈ । ਸਿਰਫ਼ ਇਨ੍ਹਾਂ ਹੀ ਨਹੀਂ ਸਸਕਾਰ ਦੌਰਾਨ 19 ਸਾਲ ਦੇ ਅੰਮ੍ਰਿਤਪਾਲ ਸਿੰਘ ਨੂੰ ਗਾਰਡ ਆਫ਼ ਆਨਰ ਨਹੀਂ ਦਿੱਤਾ ਗਿਆ। ਪਿੰਡ ਵਾਲਿਆਂ ਦੀ ਅਪੀਲ ‘ਤੇ ਲੋਕਲ ਪੁਲਿਸ ਸਸਕਾਰ ਵਾਲੀ ਥਾਂ ‘ਤੇ ਪਹੁੰਚੀ ਅਤੇ ਬਹਾਦਰ ਜਵਾਨ ਨੂੰ ਗਾਰਡ ਆਫ਼ ਆਨਰ ਦਿੱਤਾ ਗਿਆ । ਮਾਂ ਅਤੇ ਭੈਣ ਨੇ ਸ਼ਹੀਦ ਅੰਮ੍ਰਿਤਪਾਲ ਸਿੰਘ ਮ੍ਰਿਤਕ ਦੇਹ ਨੂੰ ਮੋਢਾ ਦਿੱਤਾ ।

ਫ਼ੌਜੀ ਦੇ ਇਸ ਗੈਰ ਜ਼ਿੰਮੇਵਾਰ ਵਤੀਰੇ ‘ਤੇ ਪਿੰਡ ਦੇ ਲੋਕ ਵੀ ਕਾਫ਼ੀ ਗ਼ੁੱਸੇ ਵਿੱਚ ਹਨ । RTI ਕਾਰਕੁੰਨ ਮਾਨਿਕ ਗੋਇਲ ਨੇ ਸ਼ਹੀਦ ਦਾ ਵੀਡੀਓ ਸਾਂਝਾ ਕਰਦੇ ਹੋਏ ਕਿਹਾ ਕੀ ਅਗਨੀਵੀਰ ਹੋਣ ਦੀ ਵਜ੍ਹਾ ਕਰਕੇ 19 ਸਾਲ ਦੇ ਅੰਮ੍ਰਿਤਪਾਲ ਸਿੰਘ ਨੂੰ ਸ਼ਹੀਦ ਨਹੀਂ ਮੰਨਿਆ ਗਿਆ ? ਕੀ ਇਸੇ ਲਈ ਉਸ ਦੇ ਸਤਿਕਾਰ ਦੇ ਲਈ ਗਾਰਡ ਆਫ਼ ਆਨਰ ਨਹੀਂ ਦਿੱਤਾ ਗਿਆ । ਜੇਕਰ ਅਜਿਹਾ ਹੈ ਤਾਂ ਇਹ ਬਹੁਤ ਦੀ ਸ਼ਰਮਨਾਕ ਹੈ ਜਦਕਿ ਇਸ ਤੋਂ ਪਹਿਲਾਂ ਜਦੋਂ ਵੀ ਪੰਜਾਬ ਜਾਂ ਕਿਸੇ ਹੋਰ ਸੂਬੇ ਦਾ ਸ਼ਹੀਦ ਘਰ ਆਉਂਦਾ ਹੈ ਤਾਂ ਉਸ ਨੂੰ ਫ਼ੌਜੀ ਗੱਡੀ ਸਨਮਾਨ ਨਾਲ ਲਿਆਇਆ ਜਾਂਦਾ ਹੈ ਅਤੇ ਸਸਕਾਰ ਵੇਲੇ ਅਫ਼ਸਰ ਵੀ ਮੌਜੂਦ ਹੁੰਦੇ ਅਤੇ ਗਾਰਡ ਆਫ਼ ਆਨਰ ਦੇ ਵਿਦਾਈ ਦਿੱਤੀ ਜਾਂਦੀ ਹੈ ।

 

ਜੰਮੂ ਕਸ਼ਮੀਰ ਦੇ ਸਾਬਕਾ ਰਾਜਪਾਲ ਨੇ ਵੀ ਸਵਾਲ ਚੁੱਕੇ

ਜੰਮੂ-ਕਸ਼ਮੀਰ,ਬਿਹਾਰ,ਗੋਵਾ ਅਤੇ ਮੇਘਾਲਿਆ ਦੇ ਸਾਬਕਾ ਰਾਜਪਾਲ ਸਤਿਆਪਾਲ ਮਲਿਕ ਨੇ ਟਵੀਟ ਕਰਕੇ ਸਵਾਲ ਖੜੇ ਕੀਤੇ ਹਨ ਕਿ ‘ਅੱਜ ਸ਼ਹੀਦ ਅਗਨੀਵੀਰ ਅੰਮਿਤਪਾਲ ਦਾ ਪਵਿੱਤਰ ਸਰੀਰ ਉਨ੍ਹਾਂ ਦੇ ਪਿੰਡ ਕੋਲੀ ਕਲਾਂ ਆਇਆ। ਜਿਸ ਨੂੰ 2 ਫੌਜੀ ਭਰਾ ਐਂਬੂਲੈਂਸ ਵਿੱਚ ਛੱਡਣ ਆਏ । ਜਦੋਂ ਪਿੰਡ ਵਾਲਿਆਂ ਨੇ ਪੁੱਛਿਆ ਕਿ ਤਾਂ ਉਨ੍ਹਾਂ ਨੇ ਕਿਹਾ ਕੇਂਦਰ ਸਰਕਾਰ ਦੀ ਨਵੀਂ ਨੀਤੀ ਦੇ ਤਹਿਤ ਅਗਨੀਵੀਰ ਨੂੰ ਸ਼ਹੀਦ ਦਾ ਦਰਜਾ ਨਹੀਂ ਦਿੱਤਾ ਗਿਆ ਹੈ’ ।’

ਫੌਜ ਦਾ ਬਿਆਨ

ਚਾਰੋ ਪਾਸੇ ਫੌਜ ਦੀ ਵਤੀਰੇ ਦੀ ਨਿਖੇਦੀ ਤੋਂ ਬਾਅਦ ਹੁਣ ਭਾਰਤੀ ਫੌਜ ਦੀ 16ਵੀਂ ਕੋਰ ਜਿਸ ਨੂੰ ਵਾਇਟ ਨਾਇਟ ਕੋਰ ਕਿਹਾ ਜਾਂਦਾ ਹੈ ਉਸ ਦਾ ਬਿਆਨ ਸੋਸ਼ਲ ਮੀਡੀਆ ‘ਤੇ ਸਾਹਮਣੇ ਆਇਆ ਹੈ । ਜੋ ਹੋਰ ਹੈਰਾਨ ਕਰਨ ਵਾਲਾ ਹੈ । ਉਨ੍ਹਾਂ ਨੇ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਦੀ ਮੌਤ ਆਪਣੀ ਗੋਲੀ ਲੱਗਣ ਦੀ ਵਜ੍ਹਾ ਕਰਕੇ ਹੋਈ ਸੀ । ਫੌਜ ਨੇ ਆਪਣੇ ਬਿਆਨ ਵਿੱਚ ਲਿਖਿਆ ਹੈ ‘ਅਗਨੀਵੀਰ ਅੰਮ੍ਰਿਤਪਾਲ ਸਿੰਘ ਦੀ ਰਾਜੌਰੀ ਸੈਕਟਰ ਵਿੱਚ ਸੰਤਰੀ ਡਿਊਟੀ ਦੇ ਦੌਰਾਨ ਆਪਣੀ ਗੋਲੀ ਲੱਗਣ ਦੇ ਨਾਲ ਮੌਤ ਹੋ ਗਈ ਹੈ । ਮਾਮਲੇ ਦੀ ਕੋਰਟ ਆਫ ਇਨਕੁਆਰੀ ਜਾਰੀ ਹੈ । ਮ੍ਰਿਤਕ ਦੀ ਪਵਿੱਤਰ ਦੇਹ ਨੂੰ ਇੱਕ ਜੂਨੀਅਰ ਕਮੀਸ਼ੰਡ ਅਧਿਕਾਰੀ ਅਤੇ ਚਾਰ ਹੋਰ ਰੈਂਕ ਦੇ ਫੌਜੀਆਂ ਦੇ ਨਾਲ ਅਗਨੀਵੀਰ ਦੀ ਯੂਨਿਟ ਵੱਲੋਂ ਕਿਰਾਏ ‘ਤੇ ਲਈ ਗਈ ਐਂਬੂਲੈਂਸ ਦੇ ਜ਼ਰੀਏ ਲਿਜਾਇਆ ਗਿਆ । ਅੰਤਿਮ ਸਸਕਾਰ ਵਿੱਚ ਉਨ੍ਹਾਂ ਦੇ ਨਾਲ ਫੌਜ ਦੇ ਜਵਾਨ ਵੀ ਸ਼ਾਮਲ ਹੋਏ’ ।

‘ਅਸੀਂ ਸ਼ਹੀਦ ਨੂੰ ਦੇਵਾਂਗੇ ਸਨਮਾਨ’

ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦੇ ਹੋਏ ਲਿਖਿਆ ਸ਼ਹੀਦ ਅੰਮ੍ਰਿਤਪਾਲ ਸਿੰਘ ਜੀ ਦੀ ਸ਼ਹੀਦੀ ਬਾਰੇ ਫੌਜ ਦੀ ਨੀਤੀ ਜੋ ਵੀ ਹੋਵੇ ਪਰ ਪੰਜਾਬ ਸਰਕਾਰ ਦੀ ਨੀਤੀ ਓਹੀ ਰਹੇਗੀ ਜੋ ਹਰੇਕ ਸ਼ਹੀਦ ਲਈ ਹੁੰਦੀ ਹੈ..ਸ਼ਹੀਦ ਅੰਮ੍ਰਿਤਪਾਲ ਸਿੰਘ ਦੇਸ਼ ਦਾ ਸ਼ਹੀਦ ਹੈ..1 ਕਰੋੜ ਰੁਪਏ ਸਨਮਾਨ ਰਾਸ਼ੀ ਪੰਜਾਬ ਸਰਕਾਰ ਵਲੋਂ ਪਰਿਵਾਰ ਨੂੰ ਦਿੱਤੀ ਜਾਵੇਗੀ..ਕੇਂਦਰ ਸਰਕਾਰ ਕੋਲ ਸਖ਼ਤ ਇਤਰਾਜ਼ ਵੀ ਉਠਾਇਆ ਜਾਵੇਗਾ..

ਸੁਖਬੀਰ ਬਾਦਲ ਦਾ ਭਗਵੰਤ ਮਾਨ ਨੂੰ ਸਵਾਲ

ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਭਗਵੰਤ ਮਾਨ ਸਰਕਾਰ ‘ਤੇ ਸਵਾਲ ਚੁੱਕ ਦੇ ਹੋਏ ਕਿਹਾ ‘ਮੈਂ ਹੈਰਾਨ ਹਾਂ ਕਿ ਭਗਵੰਤ ਮਾਨ ਸਰਕਾਰ ਨੇ ਸ਼ਹੀਦ ਅਗਨੀਵੀਰ ਅੰਮ੍ਰਿਤਪਾਲ ਸਿੰਘ ਦੇ ਸਸਕਾਰ ‘ਤੇ ਸੂਬਾ ਪੱਧਰੀ ਕਿਸੇ ਅਧਿਕਾਰੀ ਨੂੰ ਨਹੀਂ ਭੇਜਿਆ ਜਿਸ ਨੇ ਦੇਸ਼ ਦੇ ਲਈ ਆਪਣੀ ਜ਼ਿੰਦਗੀ ਕੁਰਬਾਨ ਕਰ ਦਿੱਤੀ । ਅਸੀਂ ਕੇਂਦਰ ਸਰਕਾਰ ਦੀ ਪਾਲਿਸੀ ਦੇ ਪਿੱਛੇ ਆਪਣੀ ਨਾਕਾਮੀ ਨੂੰ ਨਹੀਂ ਲੁੱਕਾ ਸਕਦੇ ਹਾਂ । ਸੂਬਾ ਸਰਕਾਰ ਨੂੰ ਸ਼ਹੀਦ ਨੂੰ ਸਨਮਾਨ ਦੇਣਾ ਚਾਹੀਦਾ ਸੀ ਅਤੇ ਇਸ ਮੁਸ਼ਕਿਲ ਘੜੀ ਵਿੱਚ ਪਰਿਵਾਰ ਦੇ ਨਾਲ ਖੜਾ ਹੋਣਾ ਚਾਹੀਦਾ ਸੀ । ਇਹ ਬੜੀ ਹੀ ਹੈਰਾਨੀ ਦੀ ਗੱਲ ਹੈ ਕਿ ਇਸ ਕੱਟਪੁਤਲੀ ਸਰਕਾਰ ਦਾ ਕੋਈ ਮੰਤਰੀ ਵੀ ਨਹੀਂ ਪਹੁੰਚਿਆ,ਸਾਡੀ ਐੱਮਪੀ ਹਰਸਿਮਰਤ ਕੌਰ ਬਾਦਲ ਨੇ ਕੇਂਦਰ ਦੇ ਸਾਹਮਣੇ ਪਹਿਲਾਂ ਹੀ ਅਗਨੀਵੀਰ ਪਾਲਿਸੀ ‘ਤੇ ਮੁੜ ਵਿਚਾਰ ਕਰਨ ਦੀ ਅਪੀਲ ਕਰ ਚੁੱਕੀ ਹੈ ।’

ਕੀ ਹੈ ਅਗਨੀਵੀਰ ਯੋਜਨਾ ?

ਫ਼ੌਜ ਦੀ ਅਗਨੀਵੀਰ ਯੋਜਨਾ ਵਿੱਚ 10ਵੀਂ ਪਾਸ ਉਮੀਦਵਾਰ ਜਨਰਲ ਡਿਊਟੀ ਦੇ ਅਹੁਦੇ ਲਈ ਅਪਲਾਈ ਕਰ ਸਕਦਾ ਹੈ । ਉਮੀਦਵਾਰ ਦੀ ਉਮਰ 10ਵੀਂ ਪਾਸ ਅਤੇ 45 ਫ਼ੀਸਦੀ ਅੰਕ ਹੋਣੇ ਜ਼ਰੂਰੀ ਹਨ । ਸਾਰੇ ਵਿਸ਼ਿਆਂ ਵਿੱਚ 33 ਫ਼ੀਸਦੀ ਅੰਕ ਤਾਂ ਬਹੁਤ ਜ਼ਰੂਰੀ ਹੈ ।
ਅਗਨੀਵੀਰ ਯੋਜਨਾ ਤਹਿਤ 17 ਤੋਂ 23 ਸਾਲ ਦੇ ਉਮੀਦਵਾਰ ਹੁੰਦੇ ਹਨ । ਇਸ ਯੋਜਨਾ ਦੇ ਤਹਿਤ 25 ਫ਼ੀਸਦੀ ਨੌਜਵਾਨਾਂ ਨੂੰ ਰੈਗੂਲਰ ਕੀਤਾ ਜਾਂਦਾ ਹੈ ਜਦਕਿ ਬਾਕੀ ਨੂੰ ਰਿਟਾਇਰਡ ਕਰ ਦਿੱਤਾ ਜਾਂਦਾ ਹੈ । ਅਗਨੀਵੀਰ ਯੋਜਨਾ ਦੇ ਤਹਿਤ ਸਿਰਫ਼ 4 ਸਾਲ ਦੇ ਲਈ ਫ਼ੌਜ ਵਿੱਚ ਡਿਊਟੀ ਨਿਭਾਉਣੀ ਹੁੰਦੀ ਹੈ । ਪਹਿਲੇ ਸਾਲ 30 ਹਜ਼ਾਰ ਮਹੀਨੇ ਤਨਖ਼ਾਹ ਮਿਲ ਦੀ ਹੈ । ਦੂਜੇ ਸਾਲ 33 ਹਜ਼ਾਰ ਤੀਜੇ ਸਾਲ 36,500 ਅਤੇ ਚੌਥੇ ਸਾਲ 40 ਹਜ਼ਾਰ ਤਨਖ਼ਾਹ ਦਿੱਤੀ ਜਾਂਦੀ ਹੈ ।